2 ਦਸੰਬਰ ਦੇ ਫ਼ੈਸਲੇ ਬਦਲਾਉਣ ਲਈ ਜਥੇਦਾਰਾਂ ਨੂੰ ਬਦਲਿਆ : ਸਿੱਖ ਯੂਥ ਫੈਡਰੇਸ਼ਨ
ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਬਾਦਲ ਜੁੰਡਲੀ ਦੇ ਖ਼ਿਲਾਫ਼ 2 ਦਸੰਬਰ ਨੂੰ ਤਖ਼ਤ ਸਾਹਿਬ ਤੋਂ ਹੋਏ ਫ਼ੈਸਲਿਆਂ ਕਾਰਨ ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਰਾਹੀਂ ਜਥੇਦਾਰਾਂ ਨੂੰ ਨਿਸ਼ਾਨਾ ਬਣਾਇਆ ਹੈ, ਇਸੇ ਕਾਰਨ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਦੋਸ਼ ਲਗਾ ਕੇ ਬਦਲਿਆ ਗਿਆ ਸੀ।
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਕਮੇਟੀ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਜਥੇਦਾਰੀ ਤੋਂ ਹਟਾਏ ਜਾਣ ਦਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਸਖ਼ਤ ਵਿਰੋਧ ਜਤਾਇਆ ਹੈ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਬਾਦਲ ਜੁੰਡਲੀ ਦੇ ਖ਼ਿਲਾਫ਼ 2 ਦਸੰਬਰ ਨੂੰ ਤਖ਼ਤ ਸਾਹਿਬ ਤੋਂ ਹੋਏ ਫ਼ੈਸਲਿਆਂ ਕਾਰਨ ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਰਾਹੀਂ ਜਥੇਦਾਰਾਂ ਨੂੰ ਨਿਸ਼ਾਨਾ ਬਣਾਇਆ ਹੈ, ਇਸੇ ਕਾਰਨ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਦੋਸ਼ ਲਗਾ ਕੇ ਬਦਲਿਆ ਗਿਆ ਸੀ।
ਫੈਡਰੇਸ਼ਨ ਆਗੂਆਂ ਨੇ ਇਹ ਵੀ ਕਿਹਾ ਕਿ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਖਾਲਸਾ ਪੰਥ ਦੇ ਮੁਜ਼ਰਿਮ ਸੁਖਬੀਰ ਸਿੰਘ ਬਾਦਲ ਨੂੰ ਸੋਧਣ ਦਾ ਫੈਸਲਾ ਬਿਲਕੁਲ ਸਹੀ ਸੀ। ਉਹਨਾਂ ਕਿਹਾ ਕਿ ਨਵੇਂ ਜਥੇਦਾਰਾਂ ਰਾਹੀਂ ਹੁਣ ਬਾਦਲਕੇ 2 ਦਸੰਬਰ ਵਾਲੇ ਫੈਸਲੇ ਬਦਲਾਉਣਗੇ, ਭਰਤੀ ਲਈ ਬਣਾਈ ਕਮੇਟੀ ਦਾ ਵੀ ਭੋਗ ਪਵੇਗਾ, ਸੁਖਬੀਰ ਬਾਦਲ ਦੀ ਪ੍ਰਧਾਨਗੀ ਵੀ ਕਾਇਮ ਹੋਏਗੀ, ਪ੍ਰਕਾਸ਼ ਸਿੰਘ ਬਾਦਲ ਦਾ ਫ਼ਖ਼ਰ ਏ ਕੌਮ ਵੀ ਬਹਾਲ ਕੀਤਾ ਜਾ ਸਕਦਾ ਹੈ ਤੇ ਬਾਦਲਕਿਆਂ ਦੀ ਅਯੋਗ ਲੀਡਰਸ਼ਿਪ ਨੂੰ ਪੰਥ ਦੇ ਸਿਰ ਬਿਠਾਉਣ ਦੇ ਯਤਨ ਹੋਣਗੇ ਪਰ ਖ਼ਾਲਸਾ ਪੰਥ ਇਸ ਖਿਲਾਫ ਝੰਡਾ ਬੁਲੰਦ ਕਰੇਗਾ।
ਬਾਦਲਕਿਆਂ ਨੇ ਜਥੇਦਾਰ ਦਾ ਅਹੁਦਾ ਬਹੁਤ ਛੋਟਾ ਕਰ ਦਿੱਤਾ ਹੈ, ਉਹ ਜਥੇਦਾਰ ਨੂੰ ਆਪਣਾ ਤਨਖਾਹਦਾਰ ਮੁਲਾਜ਼ਮ ਤੇ ਨੌਕਰ ਹੀ ਸਮਝਦੇ ਹਨ ਤੇ ਆਪਣੇ ਸਿਆਸੀ ਮੁਫ਼ਾਦਾਂ ਲਈ ਵਰਤਦੇ ਹਨ। ਜਦੋਂ ਤੱਕ ਜਥੇਦਾਰ ਬਾਦਲਕਿਆਂ ਦੀ ਬੋਲੀ ਬੋਲਦੇ ਹਨ ਓਦੋਂ ਤੱਕ ਜਥੇਦਾਰੀ ਕਾਇਮ ਰਹਿੰਦੀ ਹੈ ਪਰ ਜਦੋਂ ਪੰਥ ਹਿੱਤਾਂ ਦੀ ਰਾਖੀ ਕਰਦੇ ਹਨ ਤਾਂ ਬਾਦਲਕੇ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ, ਜਥੇਦਾਰ ਉੱਤੇ ਹਮਲਾ ਵੀ ਕਰ ਦਿੰਦੇ ਹਨ ਤੇ ਸ਼੍ਰੋਮਣੀ ਕਮੇਟੀ ਰਾਹੀਂ ਤੁਰੰਤ ਛੁੱਟੀ ਵੀ ਕਰ ਦਿੰਦੇ ਹਨ।
ਬਾਦਲ ਦਲ ਨੇ ਅਕਾਲ ਤਖ਼ਤ ਸਾਹਿਬ ਦੀ ਸ਼ਾਨ, ਪ੍ਰਭੂਸੱਤਾ, ਸਿਧਾਂਤ, ਮਰਯਾਦਾ, ਵੱਕਾਰ ਤੇ ਅਜ਼ਾਦ ਹਸਤੀ ਨੂੰ ਸੱਟ ਮਾਰੀ ਹੈ ਜੋ ਪੰਥ 'ਤੇ ਵੱਡਾ ਹਮਲਾ ਹੈ। ਬਾਦਲਕੇ ਖੁਦ ਨੂੰ ਅਕਾਲ ਤਖ਼ਤ ਸਾਹਿਬ ਤੋਂ ਵੀ ਵੱਡਾ ਸਮਝਣ ਲੱਗ ਪਏ ਹਨ। ਬਾਦਲਕਿਆਂ ਨੇ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਤਖਤਾਂ ਦੇ ਜਥੇਦਾਰਾਂ ਦਾ ਮਜ਼ਾਕ ਬਣਾ ਧਰਿਆ ਹੈ। ਜਿੰਨਾ ਚਿਰ ਤੱਕ ਵਿਧੀ-ਵਿਧਾਨ ਅਨੁਸਾਰ ਜਥੇਦਾਰ ਨਹੀਂ ਥਾਪੇ ਜਾਂਦੇ, ਓਨਾ ਚਿਰ ਤੱਕ ਬਾਦਲਕੇ ਜਥੇਦਾਰਾਂ ਨੂੰ ਆਪਣੀ ਮਰਜ਼ੀ ਅਨੁਸਾਰ ਨਿਯੁਕਤ ਅਤੇ ਤਬਦੀਲ ਕਰੀ ਜਾ ਰਹੇ ਹਨ। ਨਵੇਂ ਥਾਪੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਬਾਬਾ ਟੇਕ ਸਿੰਘ ਧਨੌਲਾ ਵੀ ਯਾਦ ਰੱਖਣ ਕਿ ਬਾਦਲਕੇ ਉਹਨਾਂ ਨੂੰ ਗਿਆਨੀ ਗੁਰਬਚਨ ਸਿੰਘ ਵਾਂਗ ਬਣਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ਪਰ ਜੇ ਤੁਸੀਂ ਬਾਦਲਕਿਆਂ ਦੇ ਹਿੱਤਾਂ ਖ਼ਿਲਾਫ਼ ਭੁਗਤੇ ਤਾਂ ਬਾਦਲਕੇ ਤੁਹਾਨੂੰ ਵੀ ਜਥੇਦਾਰ ਭਾਈ ਰਣਜੀਤ ਸਿੰਘ, ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਜਥੇਦਾਰ ਹਰਪ੍ਰੀਤ ਸਿੰਘ, ਜਥੇਦਾਰ ਰਘਬੀਰ ਸਿੰਘ ਤੇ ਜਥੇਦਾਰ ਸੁਲਤਾਨ ਸਿੰਘ ਵਾਂਗ ਜ਼ਲੀਲ ਕਰਕੇ ਘਰ ਨੂੰ ਤੋਰਨਗੇ।