ਕਿਤੇ ਇਸ ਕਰਕੇ ਚੁੱਪ ਤਾਂ ਨਹੀਂ ਮਜੀਠੀਆ ਤੇ ਇਆਲੀ?
ਇਨ੍ਹਾਂ ਦੋਵੇਂ ਆਗੂਆਂ ਦੀ ਚੁੱਪ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਕਈ ਤਰ੍ਹਾਂ ਦੀ ਚਰਚਾ ਛਿੜੀ ਹੋਈ ਐ। ਕੁੱਝ ਲੋਕਾਂ ਦਾ ਕਹਿਣਾ ਏ ਕਿ ਬਿਕਰਮ ਮਜੀਠੀਆ ਨੂੰ ਸੁਖਬੀਰ ਬਾਦਲ ਅਤੇ ਮਨਪ੍ਰੀਤ ਇਆਲੀ ਨੂੰ ਬਾਗ਼ੀ ਧੜੇ...
ਚੰਡੀਗੜ੍ਹ : ਮੌਜੂਦਾ ਸਮੇਂ ਸ਼੍ਰੋਮਣੀ ਅਕਾਲੀ ਦਲ ਦੋਫਾੜ ਹੋ ਚੁੱਕਿਆ ਏ ਅਤੇ ਦੋਵੇਂ ਧੜਿਆਂ ਵੱਲੋਂ ਇਕ ਦੂਜੇ ’ਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ, ਇਕ ਦੂਜੇ ਨੂੰ ਨੀਂਵਾਂ ਦਿਖਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਪਰ ਸਿਆਸੀ ਹਲਕਿਆਂ ਵਿਚ ਇਹ ਚਰਚਾ ਛਿੜੀ ਹੋਈ ਐ ਕਿ ਆਖ਼ਰ ਇਸ ਮਾਮਲੇ ਨੂੰ ਲੈ ਕੇ ਬਿਕਰਮ ਮਜੀਠੀਆ ਅਤੇ ਮਨਪ੍ਰੀਤ ਸਿੰਘ ਇਆਲੀ ਚੁੱਪ ਕਿਉਂ ਨੇ? ਕਿਉਂ ਨਹੀਂ ਉਨ੍ਹਾਂ ਨੇ ਹਾਲੇ ਤੱਕ ਇਸ ਮਾਮਲੇ ’ਤੇ ਕੋਈ ਬਿਆਨ ਦਿੱਤਾ? ਸੋ ਆਓ ਤੁਹਾਨੂੰ ਦੱਸਦੇ ਆਂ ਕਿ ਆਖ਼ਰਕਾਰ ਇਨ੍ਹਾਂ ਦੋਵੇਂ ਆਗੂਆਂ ਦੀ ਚੁੱਪੀ ਨੂੰ ਲੈ ਕੇ ਕੀ ਚੱਲ ਰਹੀ ਐ ਚਰਚਾ?
ਲੋਕ ਸਭਾ ਚੋਣਾਂ ਵਿਚ ਹੋਈ ਕਰਾਰੀ ਹਾਰ ਤੋਂ ਬਾਅਦ ਭਾਵੇਂ ਸ਼੍ਰੋਮਣੀ ਅਕਾਲੀ ਦਲ ਵਿਚ ਵੱਡਾ ਭੂਚਾਲ ਛਿੜਿਆ ਹੋਇਆ ਏ, ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ’ਤੇ ਸਵਾਲ ਉਠਾਉਂਦਿਆਂ ਬਗ਼ਾਵਤ ਕਰ ਦਿੱਤੀ ਐ, ਹੋਰ ਤਾਂ ਹੋਰ ਪਿਛਲੇ ਕਈ ਦਿਨਾਂ ਤੋਂ ਦੋਵੇਂ ਧੜਿਆਂ ਵਿਚਾਲੇ ਇਕ ਦੂਜੇ ’ਤੇ ਤਿੱਖੇ ਸਿਆਸੀ ਬਾਣ ਦਾਗ਼ੇ ਜਾ ਰਹੇ ਨੇ ਪਰ ਹੈਰਾਨੀ ਦੀ ਗੱਲ ਇਹ ਐ ਕਿ ਪਾਰਟੀ ਦੇ ਇੰਨੇ ਵੱਡੇ ਵਿਵਾਦ ਵਿਚਾਲੇ ਅਕਾਲੀ ਦਲ ਤੇਜ਼ ਤਰਾਰ ਨੇਤਾ ਬਿਕਰਮ ਮਜੀਠੀਆ ਚੁੱਪ ਕਿਉਂ ਨੇ? ਅਤੇ ਨਾ ਹੀ ਮਨਪ੍ਰੀਤ ਸਿੰਘ ਇਆਲੀ ਵੱਲੋਂ ਇਸ ਮਾਮਲੇ ’ਤੇ ਕੋਈ ਬਿਆਨ ਦਿੱਤਾ ਗਿਆ ਏ, ਜੋ ਆਪਣੇ ਆਪ ਨੂੰ ਅਕਾਲੀ ਦਲ ਨਾਲ ਦਿਲੋਂ ਜੁੜਿਆ ਹੋਇਆ ਦੱਸਦੇ ਰਹੇ ਨੇ।
ਇਨ੍ਹਾਂ ਦੋਵੇਂ ਆਗੂਆਂ ਦੀ ਚੁੱਪ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਕਈ ਤਰ੍ਹਾਂ ਦੀ ਚਰਚਾ ਛਿੜੀ ਹੋਈ ਐ। ਕੁੱਝ ਲੋਕਾਂ ਦਾ ਕਹਿਣਾ ਏ ਕਿ ਬਿਕਰਮ ਮਜੀਠੀਆ ਨੂੰ ਸੁਖਬੀਰ ਬਾਦਲ ਅਤੇ ਮਨਪ੍ਰੀਤ ਇਆਲੀ ਨੂੰ ਬਾਗ਼ੀ ਧੜੇ ਦੇ ਆਗੂਆਂ ਨੇ ਜਾਣਬੁੱਝ ਕੇ ਇਕ ਯੋਜਨਾ ਦੇ ਤਹਿਤ ਚੁੱਪ ਕਰਵਾਇਆ ਹੋਇਆ ਏ ਤਾਂ ਜੋ ਦੋਵੇਂ ਧੜੇ ਮੌਕਾ ਆਉਣ ’ਤੇ ਇਨ੍ਹਾਂ ਦੋਵੇਂ ਆਗੂਆਂ ’ਤੇ ਵੱਡਾ ਸਿਆਸੀ ਪੱਤਾ ਖੇਡ ਸਕਣ।
ਕੁੱਝ ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਬਿਕਰਮ ਸਿੰਘ ਮਜੀਠੀਆ ਭਾਵੇਂ ਲੱਖ ਵਿਵਾਦਾਂ ਵਿਚ ਘਿਰੇ ਹੋਣ ਪਰ ਇਕ ਗੱਲ ਸਾਫ਼ ਐ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲੋਂ ਵਧੀਆ ਬੁਲਾਰੇ ਨੇ। ਪਿਛਲੇ ਸਮੇਂ ਦੌਰਾਨ ਉਹ ਵੱਖ ਵੱਖ ਮੁੱਦਿਆਂ ’ਤੇ ਜ਼ੋਰ ਸ਼ੋਰ ਨਾਲ ਆਵਾਜ਼ ਉਠਾਉਂਦੇ ਰਹੇ ਨੇ ਅਤੇ ਮਾਨ ਸਰਕਾਰ ਪ੍ਰਤੀ ਉਨ੍ਹਾਂ ਦਾ ਰੁਖ਼ ਹਮੇਸ਼ਾਂ ਹਮਲਾਵਰ ਰਿਹਾ ਏ।
ਇਸ ਤੋਂ ਇਲਾਵਾ ਪਾਰਟੀ ਵਿਚ ਮੌਜੂਦ ਨੇਤਾਵਾਂ ਦੇ ਨਾਲ ਵੀ ਉਨ੍ਹਾਂ ਦੀ ਨੇੜਤਾ ਸੁਖਬੀਰ ਬਾਦਲ ਨਾਲੋਂ ਜ਼ਿਆਦਾ ਮੰਨੀ ਜਾਂਦੀ ਐ। ਚਰਚਾ ਇਹ ਚੱਲ ਰਹੀ ਐ ਕਿ ਪਾਰਟੀ ਵਿਚ ਜੇਕਰ ਵਿਵਾਦ ਹੋਰ ਜ਼ਿਆਦਾ ਵਧਿਆ ਤਾਂ ਅਕਾਲੀ ਦਲ ਵਿਚ ਮੌਜੂਦ ਆਗੂ ਸੁਖਬੀਰ ਬਾਦਲ ਦੀ ਥਾਂ ਬਿਕਰਮ ਮਜੀਠੀਆ ਨੂੰ ਪਾਰਟੀ ਪ੍ਰਧਾਨ ਬਣਾਉਣ ਦੀ ਪੇਸ਼ਕਸ਼ ਹੋ ਸਕਦੀ ਐ ਤਾਂ ਜੋ ਸੁਖਬੀਰ ਦੀ ਪ੍ਰਧਾਨਗੀ ਵਾਲਾ ਵਿਵਾਦ ਖ਼ਤਮ ਹੋ ਸਕੇ। ਇਹ ਵੀ ਸੁਣਨ ਵਿਚ ਆ ਰਿਹਾ ਏ ਕਿ ਹਰਸਿਮਰਤ ਕੌਰ ਬਾਦਲ ਵੀ ਇਹੀ ਚਾਹੁੰਦੀ ਐ ਕਿ ਉਸ ਦੇ ਭਰਾ ਨੂੰ ਅੱਗੇ ਕੀਤਾ ਜਾਵੇ।
ਉਧਰ ਦੂਜੇ ਪਾਸੇ ਬਾਗ਼ੀ ਧੜੇ ਦੇ ਨੇਤਾਵਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਨਾਲ ਮਨਪ੍ਰੀਤ ਸਿੰਘ ਇਆਲੀ ਦੇ ਨਾਮ ਦੀ ਪੇਸ਼ਕਸ਼ ਹੋ ਸਕਦੀ ਐ। ਇਹ ਦੋਵੇਂ ਨੇਤਾ ਸਰਵਪ੍ਰਵਾਨਤ ਹੋ ਸਕਦੇ ਨੇ ਕਿਉਂਕਿ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਨੇ, ਉਥੇ ਹੀ ਮਨਪ੍ਰੀਤ ਸਿੰਘ ਇਆਲੀ ਵੀ ਆਪਣੀ ਇਮਾਨਦਾਰੀ, ਸਾਊ ਸਖ਼ਸ਼ੀਅਤ ਅਤੇ ਧੜੱਲੇਦਾਰ ਲੀਡਰ ਵਜੋਂ ਜਾਣੇ ਜਾਂਦੇ ਨੇ। ਮਨਪ੍ਰੀਤ ਇਆਲੀ ਨੂੰ ਜਿੱਥੇ ਅਕਾਲੀ ਦਲ ਦੇ ਨੇਤਾ ਚੰਗਾ ਲੀਡਰ ਮੰਨਦੇ ਨੇ, ਉਥੇ ਹੀ ਸੀਐਮ ਮਾਨ ਸਮੇਤ ਸੱਤਾਧਾਰੀ ਪਾਰਟੀ ਦੇ ਕਈ ਹੋਰ ਆਗੂ ਵੀ ਉਨ੍ਹਾਂ ਦੀਆਂ ਤਾਰੀਫ਼ਾਂ ਕਰ ਚੁੱਕੇ ਨੇ।
ਮਨਪ੍ਰੀਤ ਸਿੰਘ ਇਆਲੀ ਦਾ ਬਿਆਨ ਇਸ ਕਰਕੇ ਨਹੀਂ ਆਇਆ ਕਿਉਂਕਿ ਜੇਕਰ ਉਹ ਬੋਲਣਗੇ ਤਾਂ ਕਿਸੇ ਨਾ ਕਿਸੇ ਧੜੇ ਦੇ ਖ਼ਿਲਾਫ਼ ਤਾਂ ਬੋਲਣਾ ਪਵੇਗਾ, ਅਕਾਲੀ ਦਲ ਵਿਚ ਹੋਈ ਬਗ਼ਾਵਤ ਦਾ ਕੋਈ ਨਾ ਕੋਈ ਕਾਰਨ ਤਾਂ ਦੱਸਣਾ ਪਵੇਗਾ, ਉਹ ਕਿਸੇ ਪਾਸੇ ਬੁਰੇ ਨਾ ਪੈਣ, ਇਸ ਕਰਕੇ ਇਹ ਨੇਤਾ ਕੋਈ ਬਿਆਨਬਾਜ਼ੀ ਨਹੀਂ ਕਰ ਸਕੇ ਤਾਂ ਜੋ ਕੱਲ੍ਹ ਨੂੰ ਜੇਕਰ ਇਨ੍ਹਾਂ ਦਾ ਨਾਮ ਪ੍ਰਧਾਨਗੀ ਲਈ ਪੇਸ਼ ਹੁੰਦਾ ਏ ਤਾਂ ਕੋਈ ਵਿਰੋਧ ਨਾ ਹੋ ਸਕੇ। ਬਾਕੀ ਇਹ ਤਾਂ ਕਿਆਸ ਅਰਾਈਆਂ ਨੇ ਲੋਕਾਂ ਦੀਆਂ,,, ਅਸਲ ਸੱਚ ਕੀ ਐ ਇਹ ਤਾਂ ਰੱਬ ਹੀ ਜਾਣਦਾ ਏ।
ਅਕਾਲੀ ਦਲ ਵਿਚ ਛਿੜੇ ਕਲੇਸ਼ ਵਿਚਾਲੇ ਕੁੱਝ ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਸਾਰੇ ਪੁਆੜੇ ਦੀ ਜੜ੍ਹ ਵਿਰਸਾ ਸਿੰਘ ਵਲਟੋਹਾ ਏ, ਜਿਸ ਨੇ ਕਦੇ ਸੁਖਬੀਰ ਬਾਦਲ ਨੂੰ ਚੰਗੀ ਸਲਾਹ ਨਹੀਂ ਦਿੱਤੀ। ਸੁਖਬੀਰ ਬਾਦਲ ਨੇ ਵਿਰਸਾ ਸਿੰਘ ਵਲਟੋਹਾ ਦੇ ਕਹਿਣ ’ਤੇ ਬਿਨਾਂ ਕੋਈ ਨੋਟਿਸ ਆਪਣੇ ਜੀਜਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਅਚਾਨਕ ਪਾਰਟੀ ਵਿਚੋਂ ਬਾਹਰ ਕਰ ਦਿੱਤਾ ਸੀ, ਇਸ ਫ਼ੈਸਲੇ ਨੇ ਪਾਰਟੀ ਦੇ ਕਈ ਸੀਨੀਅਰ ਲੀਡਰਾਂ ਵਿਚ ਨਾਰਾਜ਼ਗੀ ਪੈਦਾ ਕਰ ਦਿੱਤੀ।
ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਇਹੀ ਆਖ ਰਹੇ ਸੀ ਕਿ ਪਾਰਟੀ ਨੂੰ ਖਡੂਰ ਸਾਹਿਬ ਵਿਚ ਕੋਈ ਉਮੀਦਵਾਰ ਨਾ ਖੜ੍ਹਾ ਕਰਕੇ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਕਰਨਾ ਚਾਹੀਦਾ ਏ, ਨਤੀਜਾ ਕੀ ਨਿਕਲਿਆ,, ਹੁਣ ਚੋਣ ਹਾਰਨ ਮਗਰੋਂ ਖ਼ੁਦ ਅਕਾਲੀ ਲੀਡਰ ਇਹ ਗ਼ਲਤੀ ਮਹਿਸੂਸ ਕਰ ਰਹੇ ਨੇ। ਸਭ ਤੋਂ ਵੱਡਾ ਸਵਾਲ ਇਹ ਕਿ ਆਦੇਸ਼ ਪ੍ਰਤਾਪ ਕੈਰੋਂ ਨੂੰ ਤਾਂ ਮਿੰਟਾਂ ਵਿਚ ਕੱਢ ਦਿੱਤਾ ਸੀ ਪਰ ਹੁਣ ਬਾਗ਼ੀ ਨੇਤਾਵਾਂ ਨੂੰ ਕਿਉਂ ਨਹੀਂ ਪਾਰਟੀ ਵਿਚੋਂ ਕੱਢਿਆ ਜਾ ਰਿਹਾ? ਸੁਖਬੀਰ ਬਾਦਲ ਉਹੀ ਜੁਅਰਤ ਹੁਣ ਕਿਉਂ ਨਹੀਂ ਦਿਖਾ ਰਹੇ? ਹਰਸਿਮਰਤ ਬਾਦਲ ਵੀ ਇਹ ਦਾਅਵਾ ਕਰ ਚੁੱਕੀ ਐ ਕਿ ਸੁਖਬੀਰ ਬਾਦਲ ਦੇ ਨਾਲ ਵੱਡੀ ਗਿਣਤੀ ਨੇਤਾ ਮੌਜੂਦ ਨੇ, ਜਦਕਿ ਬਾਗ਼ੀਆਂ ਵਿਚ ਸਿਰਫ਼ ਚਾਰ ਪੰਜ ਨੇਤਾ ਹੀ ਨੇ,,, ਜਦਕਿ ਹਕੀਕਤ ਇਹ ਐ ਕਿ ਜੇਕਰ ਇਨ੍ਹਾਂ ਬਾਗ਼ੀਆਂ ਨੂੰ ਪਾਰਟੀ ਤੋਂ ਕੱਢ ਦਿੱਤਾ ਤਾਂ ਅੱਧੇ ਤੋਂ ਵੱਧ ਅਕਾਲੀ ਦਲ ਖਾਲੀ ਹੋ ਜਾਵੇਗਾ।
ਉਂਝ ਸੁਣਨ ਵਿਚ ਇਹ ਵੀ ਆ ਰਿਹਾ ਏ ਕਿ ਭਾਜਪਾ ਵੱਲੋਂ ਵੀ ਅਕਾਲੀ ਦਲ ਵਿਚਲੀ ਬਗ਼ਾਵਤ ਨੂੰ ਖ਼ਤਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਕਿਉਂਕਿ ਭਾਜਪਾ ਨਹੀਂ ਚਾਹੁੰਦੀ ਕਿ ਕੱਟੜਪੰਥੀ ਜਾਂ ਗਰਮ ਖ਼ਿਆਲੀ ਅੱਗੇ ਆਉਣ ਪਰ ਲਗਦਾ ਏ ਕਿ ਇਸ ਵਾਰ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਦੀ ਕੁਰਬਾਨੀ ਦੇ ਕੇ ਹੀ ਇਹ ਕਲੇਸ਼ ਖ਼ਤਮ ਕਰਵਾਉਣਾ ਪਊ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ