ਦੋਹਾ ਅੰਦਰ ਪਾਵਨ ਸਰੂਪਾਂ ਬਾਰੇ ਸਥਿਤੀ ਸਪਸ਼ਟ ਕਰੇ ਭਾਰਤ ਸਰਕਾਰ : ਐਡਵੋਕੇਟ ਧਾਮੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਵਿਦੇਸ਼ ਮੰਤਰੀ ਸ੍ਰੀ ਐੱਸ. ਜੈਸ਼ੰਕਰ ਅਤੇ ਕਤਰ ਵਿਖੇ ਭਾਰਤ ਦੇ ਅੰਬੈਸਡਰ ਸ੍ਰੀ ਵਿਪੁਲ ਨੂੰ ਮੁੜ ਆਖਿਆ ਹੈ ਕਿ ਦੋਹਾ, ਕਤਰ ਵਿੱਚ ਪੁਲਿਸ ਪਾਸ ਰੱਖੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਬਾਰੇ ਮੁਕੰਮਲ ਜਾਣਕਾਰੀ ਪ੍ਰਾਪਤ ਕਰਕੇ ਸਿੱਖ ਜਗਤ ਨੂੰ ਅਸਲ ਸਥਿਤੀ ਬਾਰੇ ਸਪਸ਼ਟ ਕਰਨ।;
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਵਿਦੇਸ਼ ਮੰਤਰੀ ਸ੍ਰੀ ਐੱਸ. ਜੈਸ਼ੰਕਰ ਅਤੇ ਕਤਰ ਵਿਖੇ ਭਾਰਤ ਦੇ ਅੰਬੈਸਡਰ ਸ੍ਰੀ ਵਿਪੁਲ ਨੂੰ ਮੁੜ ਆਖਿਆ ਹੈ ਕਿ ਦੋਹਾ, ਕਤਰ ਵਿੱਚ ਪੁਲਿਸ ਪਾਸ ਰੱਖੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਬਾਰੇ ਮੁਕੰਮਲ ਜਾਣਕਾਰੀ ਪ੍ਰਾਪਤ ਕਰਕੇ ਸਿੱਖ ਜਗਤ ਨੂੰ ਅਸਲ ਸਥਿਤੀ ਬਾਰੇ ਸਪਸ਼ਟ ਕਰਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੀਤੇ ਦਿਨ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸ੍ਰੀ ਰਣਧੀਰ ਜੈਸਵਾਲ ਵੱਲੋਂ ਇੱਕ ਬਿਆਨ ਰਾਹੀਂ ਦੱਸਿਆ ਗਿਆ ਸੀ ਕਿ ਦੋਹਾ ਪੁਲਿਸ ਕੋਲ ਮੌਜੂਦ ਇੱਕ ਪਾਵਨ ਸਰੂਪ ਵਾਪਸ ਪ੍ਰਾਪਤ ਕਰ ਲਿਆ ਗਿਆ ਹੈ,ਜਦਕਿ ਦੂਸਰੇ ਬਾਰੇ ਕਾਰਵਾਈ ਜਾਰੀ ਹੈ ਪਰੰਤੂ ਸ਼੍ਰੋਮਣੀ ਕਮੇਟੀ ਨੂੰ ਇਸ ਬਾਰੇ ਪੁਖਤਾ ਜਾਣਕਾਰੀ ਹਾਸਲ ਹੋਈ ਹੈ ਕਿ ਦੋਵੇਂ ਹੀ ਪਾਵਨ ਸਰੂਪ ਅਜੇ ਤੱਕ ਦੋਹਾ ਪੁਲਿਸ ਕੋਲ ਹੀ ਹਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਰਤ ਸਰਕਾਰ ਸਿੱਖ ਭਾਵਨਾਵਾਂ ਨਾਲ ਦਿਲੋਂ ਜੁੜੇ ਇਸ ਮਾਮਲੇ ਵਿੱਚ ਅਸਪਸ਼ਟ ਬਿਆਨਬਾਜੀ ਨਾ ਕਰੇ ਸਗੋਂ ਸੰਜੀਦਾ ਯਤਨ ਕਰਕੇ ਪਾਵਨ ਸਰੂਪ ਸਤਿਕਾਰ ਸਹਿਤ ਵਾਪਸ ਕਰਵਾਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਦੇਸ਼ ਮੰਤਰਾਲੇ ਦਾ ਇਸ ਗੱਲੋਂ ਸਤਿਕਾਰ ਕਰਦੀ ਹੈ ਕਿ ਉਨ੍ਹਾਂ ਨੇ ਇਸ ’ਤੇ ਯਤਨ ਅਰੰਭੇ ਹਨ, ਪਰੰਤੂ ਸਿੱਖ ਸੰਗਤ ਅੰਦਰ ਦੁਬਿਧਾ ਪੈਦਾ ਕਰਨੀ ਵੀ ਠੀਕ ਨਹੀਂ ਹੈ।
ਐਡਵੋਕੇਟ ਧਾਮੀ ਨੇ ਸਾਫ ਤੌਰ ’ਤੇ ਕਿਹਾ ਕਿ ਮਿਲੀ ਜਾਣਕਾਰੀ ਅਨੁਸਾਰ ਦੋਹਾ ਵਿਖੇ ਦੋ ਧਿਰਾਂ ਪਾਸੋਂ ਤਿੰਨ ਪਾਵਨ ਸਰੂਪ ਪੁਲਿਸ ਨੇ ਆਪਣੇ ਪਾਸ ਲਏ ਸਨ, ਜਿਨ੍ਹਾਂ ਵਿੱਚੋਂ ਦੋ ਅਜੇ ਵੀ ਪੁਲਿਸ ਪਾਸ ਹੀ ਹਨ। ਉਨ੍ਹਾਂ ਆਖਿਆ ਕਿ ਸਰਕਾਰ ਦਾ ਨੁਮਾਇੰਦਾ ਜਿਸ ਇੱਕ ਪਾਵਨ ਸਰੂਪ ਦੇ ਵਾਪਸ ਕੀਤੇ ਜਾਣ ਦੀ ਗੱਲ ਕਰ ਰਿਹਾ ਹੈ ਉਹ ਤਾਂ ਕਈ ਮਹੀਨੇ ਪਹਿਲਾਂ ਹੀ ਉੱਥੋਂ ਦੇ ਸਬੰਧਤ ਸਿੱਖਾਂ ਨੇ ਪ੍ਰਾਪਤ ਕਰ ਲਿਆ ਸੀ। ਜਦਕਿ ਦੋ ਹੋਰ ਪਾਵਨ ਸਰੂਪ ਅਜੇ ਵੀ ਦੋਹਾ ਪੁਲਿਸ ਪਾਸ ਹਨ, ਜਿਨ੍ਹਾਂ ਵਿੱਚੋਂ ਕੋਈ ਵੀ ਵਾਪਸ ਨਹੀਂ ਦਿੱਤਾ ਗਿਆ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਇਸ ਮਾਮਲੇ ਬਾਰੇ ਮੁਕੰਮਲ ਜਾਣਕਾਰੀ ਹਾਸਲ ਕਰਨ ਉਪਰੰਤ ਪੂਰੀ ਪਾਰਦਰਸ਼ਤਾ ਨਾਲ ਸੰਗਤ ਸਾਹਮਣੇ ਰੱਖਣ ਲਈ ਆਖਿਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਇਹ ਜਿੰਮੇਵਾਰੀ ਹੈ ਕਿ ਉਹ ਇਸ ਗੰਭੀਰ ਮਾਮਲੇ ਪ੍ਰਤੀ ਡੂੰਘਾਈ ਨਾਲ ਜਾਂਚ ਕਰਵਾਏ ਅਤੇ ਸਿੱਖ ਜਗਤ ਨੂੰ ਅਸਲ ਸਥਿਤੀ ਸਪਸ਼ਟ ਕਰੇ।