ਜਲੰਧਰ ਦੀ ਜਿੱਤ ’ਚ ਸੀਐਮ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦਾ ਵੱਡਾ ਰੋਲ

ਇਸ ਜਿੱਤ ਵਿਚ ਸੀਐਮ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਦੀ ਭੂਮਿਕਾ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿਉਂਕਿ ਜਿਸ ਤਰੀਕੇ ਨਾਲ ਉਨ੍ਹਾਂ ਨੇ ਗਲੀ-ਗਲੀ, ਮੁਹੱਲੇ-ਮੁਹੱਲੇ ਵਿਚ ਜਾ ਕੇ ਚੋਣ ਪ੍ਰਚਾਰ ਕੀਤਾ, ਉਹ ਵਾਕਈ ਕਾਬਲ ਏ ਤਾਰੀਫ਼ ਐ।

Update: 2024-07-13 12:32 GMT

ਜਲੰਧਰ : ਜਲੰਧਰ ਵਿਧਾਨ ਸਭਾ ਦੀ ਉਪ ਚੋਣ ਵਿਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕਰ ਲਈ ਐ। ਇਸ ਸੀਟ ’ਤੇ ਆਪ ਸਮੇਤ ਸਾਰੀਆਂ ਪਾਰਟੀਆਂ ਨੇ ਪੂਰਾ ਜ਼ੋਰ ਲਗਾਇਆ ਹੋਇਆ ਸੀ। ਇਸ ਸੀਟ ’ਤੇ ਜਿੱਤ ਦਾ ਝੰਡਾ ਬੁਲੰਦ ਕਰਨ ਲਈ ਸੀਐਮ ਭਗਵੰਤ ਮਾਨ ਨੇ ਤਾਂ ਜਲੰਧਰ ਵਿਚ ਕਿਰਾਏ ਦਾ ਮਕਾਨ ਤੱਕ ਲੈ ਲਿਆ। ਇਸ ਸੀਟ ’ਤੇ ਸੀਐਮ ਮਾਨ ਤੋਂ ਇਲਾਵਾ ਦੋ ਵੱਡੇ ਕਾਰਨ ਵੀ ਸ਼ਾਨਦਾਰ ਜਿੱਤ ਦੇ ਲਈ ਪ੍ਰਮੁੱਖ ਰਹੇ, ਜਿਨ੍ਹਾਂ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕਿਹੜੇ ਪ੍ਰਮੁੱਖ ਕਾਰਨਾਂ ਕਰਕੇ ਹੋਈ ਮੋਹਿੰਦਰ ਭਗਤ ਦੀ ਸ਼ਾਨਦਾਰ ਜਿੱਤ।

ਆਮ ਆਦਮੀ ਪਾਰਟੀ ਨੇ ਜਲੰਧਰ ਵਿਧਾਨ ਸਭਾ ਦੀ ਉਪ ਚੋਣ ਵਿਚ ਜਿੱਤ ਦਾ ਝੰਡਾ ਬੁਲੰਦ ਕਰ ਦਿੱਤਾ ਏ। ਆਪ ਉਮੀਦਵਾਰ ਮੋਹਿੰਦਰ ਭਗਤ ਨੇ 37325 ਦੀ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਐ। ਉਨ੍ਹਾਂ ਨੂੰ ਕੁੱਲ 55246 ਵੋਟਾਂ ਪਈਆਂ, ਜਦਕਿ 17921 ਵੋਟਾਂ ਲੈ ਕੇ ਭਾਜਪਾ ਦੇ ਸ਼ੀਤਲ ਅੰਗੁਰਾਲ ਦੂਜੇ, 16757 ਵੋਟਾਂ ਨਾਲ ਕਾਂਗਰਸ ਦੀ ਸੁਰਿੰਦਰ ਕੌਰ ਤੀਜੇ ਅਤੇ ਮਹਿਜ਼ 1242 ਵੋਟਾਂ ਲੈ ਕੇ ਅਕਾਲੀ ਦਲ ਦੀ ਸੁਰਜੀਤ ਕੌਰ ਚੌਥੇ ਨੰਬਰ ’ਤੇ ਰਹੀ।

ਬਸਪਾ ਦਾ ਉਮੀਦਵਾਰ ਬਿੰਦਰ ਲਾਖਾ ਪੰਜਵੇਂ ਨੰਬਰ ’ਤੇ ਰਿਹਾ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸਮਰਥਨ ਦਿੱਤਾ ਗਿਆ ਸੀ। ਇਸ ਸੀਟ ’ਤੇ ਭਾਵੇਂ ਸੀਐਮ ਮਾਨ ਦਾ ਜਾਦੂ ਚੱਲਣ ਦੀ ਗੱਲ ਆਖੀ ਜਾ ਰਹੀ ਐ ਪਰ ਜਿੱਤ ਦਾ ਕਮਾਲ ਇਕੱਲੇ ਸੀਐਮ ਮਾਨ ਦੇ ਜਾਦੂ ਕਾਰਨ ਨਹੀਂ ਹੋਇਆ ਬਲਕਿ ਇਸ ਜਿੱਤ ਵਿਚ ਸੀਐਮ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਦੀ ਭੂਮਿਕਾ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿਉਂਕਿ ਜਿਸ ਤਰੀਕੇ ਨਾਲ ਉਨ੍ਹਾਂ ਨੇ ਗਲੀ-ਗਲੀ, ਮੁਹੱਲੇ-ਮੁਹੱਲੇ ਵਿਚ ਜਾ ਕੇ ਚੋਣ ਪ੍ਰਚਾਰ ਕੀਤਾ, ਉਹ ਵਾਕਈ ਕਾਬਲ ਏ ਤਾਰੀਫ਼ ਐ। ਜਲੰਧਰ ਵੈਸਟ ਦੇ ਲੋਕਾਂ ਨੇ ਜਿੱਥੇ ਸੀਐਮ ਮਾਨ ਦੀ ਕਾਰਗੁਜ਼ਾਰੀ ’ਤੇ ਮੋਹਰ ਲਗਾਈ, ਉਥੇ ਹੀ ਵੱਡੀ ਗਿਣਤੀ ਵਿਚ ਇਸ ਹਲਕੇ ਦੀਆਂ ਔਰਤਾਂ ਨੇ ਡਾ. ਗੁਰਪ੍ਰੀਤ ਕੌਰ ਦੇ ਬੋਲਾਂ ’ਤੇ ਵਿਸਵਾਸ਼ ਜਤਾਇਆ।

ਅਕਸਰ ਦੇਖਿਆ ਜਾਂਦਾ ਏ ਕਿ ਔਰਤਾਂ ਦੀਆਂ ਵੀ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ ਜੋ ਕਈ ਵਾਰ ਲੀਡਰਾਂ ਤੱਕ ਨਹੀਂ ਪਹੁੰਚ ਪਾਉਂਦੀਆਂ ਪਰ ਜਲੰਧਰ ਵੈਸਟ ਹਲਕੇ ਦੀਆਂ ਔਰਤਾਂ ਨੇ ਚੰਗੀ ਤਰ੍ਹਾਂ ਸਮਝ ਲਿਆ ਕਿ ਉਨ੍ਹਾਂ ਕੋਲ ਇਸ ਤੋਂ ਵਧੀਆ ਮੌਕਾ ਹੋਰ ਕੋਈ ਨਹੀਂ ਹੋ ਸਕਦਾ ਕਿਉਂਕਿ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਸੁਣਨ ਲਈ ਕੋਈ ਛੋਟਾ ਮੋਟਾ ਲੀਡਰ ਨਹੀਂ ਬਲਕਿ ਪੰਜਾਬ ਦੇ ਮੁੱਖ ਮੰਤਰੀ ਦੀ ਧਰਮ ਪਤਨੀ ਉਨ੍ਹਾਂ ਦੇ ਵਿਚ ਮੌਜੂਦ ਐ।

ਡਾ. ਗੁਰਪ੍ਰੀਤ ਕੌਰ ਨੇ ਇਨ੍ਹਾਂ ਚੋਣਾਂ ਵਿਚ ਜਿਸ ਤਰੀਕੇ ਨਾਲ ਆਪਣੇ ਪਤੀ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਥ ਦਿੱਤਾ ਅਤੇ ਚੋਣ ਰੈਲੀਆਂ ਵਿਚ ਜਾ ਕੇ ਭਾਸ਼ਣ ਦਿੱਤੇ, ਉਸ ਤੋਂ ਭਵਿੱਖ ਵਿਚ ਉਨ੍ਹਾਂ ਦੇ ਇਕ ਪ੍ਰਭਾਵਸ਼ਾਲੀ ਨੇਤਾ ਬਣਨ ਦੀ ਛਵ੍ਹੀ ਸਾਫ਼ ਦੇਖਣ ਨੂੰ ਮਿਲੀ ਐ। ਡਾ. ਗੁਰਪ੍ਰੀਤ ਕੌਰ ਇਕ ਛੋਟੀ ਬੱਚੀ ਨਿਆਮਤ ਕੌਰ ਦੀ ਮਾਂ ਐ, ਜੋ ਸਾਢੇ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਦੇ ਘਰ ਪੈਦਾ ਹੋਈ। ਇੰਨੀ ਛੋਟੀ ਬੱਚੀ ਨੂੰ ਘਰੇ ਛੱਡ ਕੇ ਡਾ. ਗੁਰਪ੍ਰੀਤ ਕੌਰ ਵੱਲੋਂ ਚੋਣ ਪ੍ਰਚਾਰ ਲਈ ਸਮਾਂ ਕੱਢਿਆ ਗਿਆ ਅਤੇ ਆਪ ਉਮੀਦਵਾਰ ਦੀ ਜਿੱਤ ਨੂੰ ਸ਼ਾਨਦਾਰ ਬਣਾਉਣ ਵਿਚ ਵੱਡਾ ਯੋਗਦਾਨ ਪਾਇਆ।

ਸਿਆਸੀ ਮਾਹਿਰਾਂ ਦੇ ਮੁਤਾਬਕ ਆਮ ਆਦਮੀ ਪਾਰਟੀ ਦੇ ਲਈ ਜਲੰਧਰ ਵੈਸਟ ਦੀ ਸੀਟ ਮੁੱਛ ਦਾ ਸਵਾਲ ਬਣੀ ਹੋਈ ਸੀ, ਇਸੇ ਕਰਕੇ ਸੀਐਮ ਭਗਵੰਤ ਮਾਨ ਨੇ ਇਸ ਸੀਟ ’ਤੇ ਚੋਣ ਪ੍ਰਚਾਰ ਦੀ ਕਮਾਨ ਆਪਣੇ ਹੱਥ ਵਿਚ ਲਈ। ਸਾਰੇ ਵਿਰੋਧੀਆਂ ਨੂੰ ਇਹ ਸੀ ਕਿ ਮੋਹਿੰਦਰ ਭਗਤ ਦਾ ਪ੍ਰਚਾਰ ਭਗਵੰਤ ਮਾਨ ਵੱਲੋਂ ਹੀ ਕੀਤਾ ਜਾਵੇਗਾ ਪਰ ਜਦੋਂ ਸੀਐਮ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਚੋਣ ਪ੍ਰਚਾਰ ਲਈ ਮੈਦਾਨ ਵਿਚ ਨਿੱਤਰੀ ਤਾਂ ਵਿਰੋਧੀਆਂ ਨੂੰ ਸਮਝ ਨਹੀਂ ਆਇਆ ਕਿ ਉਹ ਕੀ ਕਰਨ। ਵਿਰੋਧੀਆਂ ਨਾਲ ਤਾਂ ਉਹ ਗੱਲ ਹੋ ਗਈ ਕਿ ਤਿਆਰੀ ਕਿਸੇ ਸਲੇਬਸ ਦੀ ਕੀਤੀ ਹੋਈ ਸੀ ਪਰ ਪੇਪਰ ਵਿਚ ਕੁੱਝ ਹੋਰ ਸਲੇਬਸ ਆ ਗਿਆ।

ਉਂਝ ਜੇਕਰ ਡਾ. ਗੁਰਪ੍ਰੀਤ ਕੌਰ ਮੈਦਾਨ ਵਿਚ ਨਾ ਆਉਂਦੀ ਤਾਂ ਵੀ ਆਮ ਆਦਮੀ ਪਾਰਟੀ ਦੀ ਜਿੱਤ ਹੋਣੀ ਤੈਅ ਸੀ ਪਰ ਉਨ੍ਹਾਂ ਵੱਲੋਂ ਕੀਤੇ ਗਏ ਚੋਣ ਪ੍ਰਚਾਰ ਨੇ ਇਸ ਜਿੱਤ ਨੂੰ ਹੋਰ ਸ਼ਾਨਦਾਰ ਬਣਾ ਦਿੱਤਾ। ਜਿੱਤ ਦਾ ਮਾਰਜ਼ਨ ਦੂਜੇ ਨੰਬਰ ਵਾਲੇ ਉਮੀਦਵਾਰ ਸ਼ੀਤਲ ਅੰਗੁਰਾਲ ਨਾਲੋਂ ਤਿੰਨ ਗੁਣਾ ਤੋਂ ਵੀ ਕਿਤੇ ਵੱਧ ਰਿਹਾ,,ਅਜਿਹੇ ਵਿਚ ਉਸ ਨੂੰ ਦੂਜੇ ਨੰਬਰ ਦਾ ਉਮੀਦਵਾਰ ਕਹਿਣਾ ਵੀ ਸਹੀ ਨਹੀਂ ਲਗਦਾ।

ਸੀਐਮ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਤੋਂ ਇਲਾਵਾ ਇਕ ਹੋਰ ਆਗੂ ਐ, ਜਿਸ ਨੇ ਇਸ ਜਿੱਤ ਨੂੰ ਸ਼ਾਨਦਾਰ ਬਣਾਉਣ ਵਿਚ ਭੂਮਿਕਾ ਅਦਾ ਕੀਤੀ, ਉਹ ਨੇ ਭਾਜਪਾ ਦੇ ਸਾਬਕਾ ਮੰਤਰੀ ਚੁੰਨੀ ਲਾਲ ਭਗਤ, ਯਾਨੀ ਕਿ ਆਪ ਉਮੀਦਵਾਰ ਮੋਹਿੰਦਰ ਭਗਤ ਦੇ ਪਿਤਾ,, ਉਨ੍ਹਾਂ ਵੱਲੋਂ ਜਲੰਧਰ ਵੈਸਟ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਦੇ ਬੇਟੇ ਮੋਹਿੰਦਰ ਭਗਤ ਦੇ ਹੱਕ ਵਿਚ ਵੋਟਾਂ ਪਾਈਆਂ ਜਾਣ, ਜੋ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਆਗੂ ਐ। ਚੁੰਨੀ ਲਾਲ ਭਗਤ ਜਲੰਧਰ ਦੇ ਦਿੱਗਜ਼ ਨੇਤਾ ਨੇ, ਜਿਨ੍ਹਾਂ ਨੇ ਜਲੰਧਰ ਵਾਸੀਆਂ ਦੀ ਲੰਬਾ ਸਮਾਂ ਸੇਵਾ ਕੀਤੀ। ਇਸ ਜਿੱਤ ਵਿਚ ਉਨ੍ਹਾਂ ਵੱਲੋਂ ਕੀਤੀ ਗਈ ਅਪੀਲ ਦੇ ਅਸਰ ਨੂੰ ਵੀ ਨਾਕਾਰਿਆ ਨਹੀਂ ਜਾ ਸਕਦਾ।

ਜਲੰਧਰ ਉਪ ਚੋਣ ਵਿਚ ਭਾਵੇਂ ਆਮ ਆਦਮੀ ਪਾਰਟੀ ਨੇ ਜਿੱਤ ਦਾ ਝੰਡਾ ਗੱਡ ਦਿੱਤਾ ਏ ਪਰ ਹੁਣ ਸੀਐਮ ਮਾਨ ਵੱਲੋਂ ਚਾਰ ਹੋਰ ਉਪ ਚੋਣਾਂ ਬਰਨਾਲਾ, ਡੇਰਾ ਬਾਬਾ ਨਾਨਕ, ਗਿੱਦੜਬਾਹਾ, ਚੱਬੇਵਾਲ ਦੀ ਤਿਆਰੀ ਕੀਤੀ ਜਾ ਰਹੀ ਐ, ਜਿਸ ਦੀਆਂ ਚੋਣਾਂ ਦਾ ਐਲਾਨ ਵੀ ਜਲਦ ਹੋ ਸਕਦਾ ਏ। ਜਿਸ ਤਰੀਕੇ ਨਾਲ ਡਾ. ਗੁਰਪ੍ਰੀਤ ਕੌਰ ਨੇ ਜਲੰਧਰ ਵੈਸਟ ਹਲਕੇ ਵਿਚ ਪ੍ਰਚਾਰ ਕੀਤਾ, ਹੋ ਸਕਦਾ ਏ ਕਿ ਆਉਣ ਵਾਲੀਆਂ ਉਪ ਚੋਣਾਂ ਵਿਚ ਵੀ ਡਾ. ਗੁਰਪ੍ਰੀਤ ਕੌਰ ਚੋਣ ਪ੍ਰਚਾਰ ਕਰਦੇ ਦਿਖਾਈ ਦੇਣ।

ਸੋ ਜਲੰਧਰ ਵਿਚ ਹੋਈ ਆਪ ਦੀ ਸ਼ਾਨਦਾਰ ਜਿੱਤ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News