ਹਰਿਆਣਾ ਗੁਰਦੁਆਰਾ ਕਮੇਟੀ ਚੋਣਾਂ ’ਚ ਝੀਂਡਾ ਧੜੇ ਦਾ ਦਬਦਬਾ, ਦਾਦੂਵਾਲ ਹਾਰੇ
ਹਰਿਆਣਾ ਵਿਚ ਪਹਿਲੀ ਵਾਰ ਹੋਈਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸ਼ਾਂਤੀਪੂਰਵਕ ਤਰੀਕੇ ਨਾਲ ਸੰਪੰਨ ਹੋ ਗਈਆਂ। ਚੋਣਾਂ ਵਿਚ ਜਗਦੀਸ਼ ਸਿੰਘ ਝੀਂਡਾ ਧੜੇ ਅਤੇ ਆਜ਼ਾਦ ਉਮੀਦਵਾਰਾਂ ਦਾ ਦਬਦਬਾ ਦੇਖਣ ਨੂੰ ਮਿਲਿਆ। ਪੰਥਕ ਦਲਾਂ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਝੀਂਡਾ ਗੁੱਟ ਦੇ 11 ਮੈਂਬਰਾਂ ਨੇ ਜਿੱਤ ਦਰਜ ਕੀਤੀ ਜਦਕਿ 22 ਆਜ਼ਾਦ ਉਮੀਦਵਾਰਾਂ ਨੇ ਪੰਥਕ ਦਲਾਂ ਦੇ ਉਮੀਦਵਾਰਾਂ ਨੂੰ ਮਾਤ ਦਿੱਤੀ।;
ਕੁਰੂਕਸ਼ੇਤਰ : ਹਰਿਆਣਾ ਵਿਚ ਪਹਿਲੀ ਵਾਰ ਹੋਈਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸ਼ਾਂਤੀਪੂਰਵਕ ਤਰੀਕੇ ਨਾਲ ਸੰਪੰਨ ਹੋ ਗਈਆਂ। ਚੋਣਾਂ ਵਿਚ ਜਗਦੀਸ਼ ਸਿੰਘ ਝੀਂਡਾ ਧੜੇ ਅਤੇ ਆਜ਼ਾਦ ਉਮੀਦਵਾਰਾਂ ਦਾ ਦਬਦਬਾ ਦੇਖਣ ਨੂੰ ਮਿਲਿਆ। ਪੰਥਕ ਦਲਾਂ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਝੀਂਡਾ ਗੁੱਟ ਦੇ 11 ਮੈਂਬਰਾਂ ਨੇ ਜਿੱਤ ਦਰਜ ਕੀਤੀ ਜਦਕਿ 22 ਆਜ਼ਾਦ ਉਮੀਦਵਾਰਾਂ ਨੇ ਪੰਥਕ ਦਲਾਂ ਦੇ ਉਮੀਦਵਾਰਾਂ ਨੂੰ ਮਾਤ ਦਿੱਤੀ। ਇਨ੍ਹਾਂ ਚੋਣਾਂ ਵਿਚ ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਮੌਜੂਦਾ ਸਮੇਂ ਐਡਹਾਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੀ ਕਮਾਨ ਸੰਭਾਲ ਰਹੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਖ਼ੁਦ ਹੀ ਆਪਣੀ ਚੋਣ ਹਾਰ ਗਏ।
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸ਼ਾਂਤਮਈ ਤਰੀਕੇ ਨਾਲ ਸੰਪੰਨ ਹੋ ਗਈਆਂ, ਜਿਸ ਵਿਚ ਝੀਂਡਾ ਧੜੇ ਦੇ 11 ਉਮੀਦਵਾਰਾਂ ਨੇ ਬਾਜ਼ੀ ਮਾਰੀ ਜਦਕਿ 22 ਆਜ਼ਾਦ ਉਮੀਦਵਾਰ ਚੋਣ ਜਿੱਤਣ ਵਿਚ ਕਾਮਯਾਬ ਹੋ ਗਏ। ਖ਼ਾਸ ਗੱਲ ਇਹ ਰਹੀ ਕਿ ਧਰਮ ਪ੍ਰਚਾਰ ਕਮੇਟੀ ਦੀ ਕਮਾਨ ਸੰਭਾਲਣ ਵਾਲੇ ਬਲਜੀਤ ਸਿੰਘ ਦਾਦੂਵਾਲ ਖ਼ੁਦ ਚੋਣ ਹਾਰ ਗਏ, ਉਨ੍ਹਾਂ ਨੂੰ ਵਾਰਡ ਨੰਬਰ 35 ਤੋਂ ਉਮੀਦਵਾਰ ਕਾਲਾਂਵਾਲੀ ਨੇ 1771 ਵੋਟਾਂ ਨਾਲ ਕਰਾਰੀ ਮਾਤ ਦਿੱਤੀ। ਸਭ ਤੋਂ ਜ਼ਿਆਦਾ 90 ਫ਼ੀਸਦੀ ਵੋਟਿੰਗ ਕਾਲਾਂਵਾਲੀ ਅਤੇ ਸਭ ਤੋਂ ਘੱਟ 56 ਫ਼ੀਸਦੀ ਵੋਟਿੰਗ ਕੈਥਲ ਵਿਚ ਦਰਜ ਕੀਤੀ ਗਈ।
ਇਸੇ ਤਰ੍ਹਾਂ ਵਾਰਡ ਨੰਬਰ 13 ਸ਼ਾਹਬਾਦ ਤੋਂ ਦੀਦਾਰ ਸਿੰਘ ਨਲਵੀ ਚੋਣ ਜਿੱਤ ਗਏ ਪਰ ਉਨ੍ਹਾਂ ਦੀ ਜਿੱਤ ਦਾ ਫ਼ਰਕ ਮਹਿਜ਼ 200 ਵੋਟਾਂ ਹੀ ਰਿਹਾ। ਸਿੱਖ ਆਗੂ ਬਲਦੇਵ ਸਿੰਘ ਕਾਇਮਪੁਰੀ ਇਸ ਚੋਣ ਮੈਦਾਨ ਵਿਚ ਨਹੀਂ ਸੀ ਪਰ ਉਨ੍ਹਾਂ ਦੇ ਧੜੇ ਦੇ 4 ਮੈਂਬਰਾਂ ਨੇ ਜਿੱਤ ਦਰਜ ਕੀਤੀ ਐ। ਹਰਿਆਣਾ ਸਿੱਖ ਏਕਤਾ ਦਲ ਨੇ ਸੱਤ ਉਮੀਦਵਾਰਾਂ ਨੂੰ ਆਪਣਾ ਸਮਰਥਨ ਦਿੱਤਾ ਸੀ, ਜਿਨ੍ਹਾਂ ਵਿਚੋਂ 3 ਉਮੀਦਵਾਰ ਜਿੱਤੇ। ਇਸ ਤੋਂ ਇਲਾਵਾ ਸਿੱਖ ਸਮਾਜ ਸੰਸਥਾ ਦੇ ਦੋ ਉਮੀਦਵਾਰ ਆਪਣੀ ਜਿੱਤ ਦਰਜ ਕਰਵਾਉਣ ਵਿਚ ਕਾਮਯਾਬ ਰਹੇ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਨ੍ਹਾਂ ਚੋਣਾਂ ਵਿਚ ਚਾਰ ਪ੍ਰਮੁੱਖ ਸਿੱਖ ਆਗੂਆਂ ਬਲਜੀਤ ਸਿੰਘ ਦਾਦੂਵਾਲ, ਜਗਦੀਸ਼ ਸਿੰਘ ਝੀਂਡਾ, ਬਲਦੇਵ ਸਿੰਘ ਕੈਮਪੁਰਾ ਅਤੇ ਦੀਦਾਰ ਸਿੰਘ ਨਲਵੀ ਦੀ ਸ਼ਾਖ਼ ਦਾਅ ’ਤੇ ਲੱਗੀ ਹੋਈ ਸੀ, ਜਿਨ੍ਹਾਂ ਵਿਚੋਂ ਬਲਜੀਤ ਸਿੰਘ ਦਾਦੂਵਾਲ ਦੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਆਜ਼ਾਦ ਦੇ ਬੈਨਰ ਹੇਠਾਂ ਇਹ ਚੋਣ ਲੜੀ, ਜਦਕਿ ਜਗਦੀਸ਼ ਸਿੰਘ ਝੀਂਡਾ ਨੇ ਪੰਥਕ ਦਲ (ਝੀਂਡਾ) ਵੱਲੋਂ, ਬਲਦੇਵ ਸਿੰਘ ਕੈਮਪੁਰਾ ਦੀ ਟੀਮ ਨੇ ਹਰਿਆਣਾ ਸਿੱਖ ਪੰਥਕ ਕਲ ਅਤੇ ਦੀਦਾਰ ਸਿੰਘ ਨਲਵੀ ਦੇ ਧੜੇ ਨੇ ਸਿੱਖ ਸਮਾਜ ਸੰਸਥਾ ਦੇ ਉਮੀਦਵਾਰਾਂ ਵਜੋਂ ਇਹ ਚੋਣ ਲੜੀ ਸੀ। 40 ਮੈਂਬਰਾਂ ਦੀ ਚੋਣ ਤੋਂ ਬਾਅਦ ਸਰਕਾਰ ਵੱਲੋਂ 9 ਹੋਰ ਮੈਂਬਰਾਂ ਨੂੰ ਨਾਮਜ਼ਦ ਕੀਤਾ ਜਾਵੇਗਾ। ਕੁੱਲ 49 ਮੈਂਬਰਾਂ ਨੂੰ ਚੋਣ ਕਮਿਸ਼ਨ ਹਰਿਆਣਾ ਗੁਰਦੁਆਰਾ ਵੱਲੋਂ ਸਹੁੰ ਚੁਕਾਈ ਜਾਵੇਗੀ ਅਤੇ ਇਹ ਕਮੇਟੀ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਉਪ ਪ੍ਰਧਾਨ ਅਤੇ ਜਨਰਲ ਸਕੱਤਰ ਸਮੇਤ ਵੱਖ ਵੱਖ ਅਹੁਦੇਦਾਰਾਂ ਦੀ ਚੋਣ ਕਰੇਗੀ।
ਹਰਿਆਣਾ ਸਿੱਖ ਪੰਥਕ ਦਲ ਦੀ ਅਗਵਾਈ ਕਰ ਰਹੇ ਬਲਦੇਵ ਸਿੰਘ ਕੈਮਪੁਰਾ ਨੇ ਦਾਅਦਾ ਵੀ ਕੀਤਾ ਕਿ ਉਨ੍ਹਾਂ ਦੇ ਸਿੱਧੇ ਅਤੇ ਸਮਰਥਨ ਪ੍ਰਾਪਤ ਕੁੱਲ 18 ਉਮੀਦਵਾਰ ਜੇਤੂ ਰਹੇ ਨੇ। ਕਈ ਵਾਰਡਾਂ ਦੀ ਸਥਿਤੀ ਦੇਰ ਰਾਤ ਤੱਕ ਸਪੱਸ਼ਟ ਨਹੀਂ ਹੋ ਸਕੀ। ਉਨ੍ਹਾਂ ਆਖਿਆ ਕਿ ਇੰਨੀ ਵੱਡੀ ਜਿੱਤ ਸੰਗਤ ਦਾ ਫ਼ੈਸਲਾ ਏ ਅਤੇ ਉਹ ਇਸ ’ਤੇ ਸੰਗਤ ਦਾ ਧੰਨਵਾਦ ਕਰਦੇ ਨੇ। ਸੰਗਤ ਨੇ ਇਹ ਫ਼ੈਸਲਾ ਗੁਰੂ ਘਰਾਂ ਦੇ ਬਿਹਤਰ ਕੰਮਕਾਰ ਅਤੇ ਧਰਮ ਦੀ ਲਹਿਰ ਲਈ ਦਿੱਤਾ ਏ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਸੰਸਥਾ ਦੀ ਚੋਣ ਐ, ਜਿਸ ਵਿਚ ਕਿਸੇ ਨੂੰ ਵੀ ਰਾਜਨੀਤੀ ਨਹੀਂ ਕਰਨੀ ਚਾਹੀਦੀ।
ਉਧਰ ਜਗਦੀਸ਼ ਸਿੰਘ ਝੀਂਡਾ ਦਾ ਕਹਿਣਾ ਏ ਕਿ ਮੌਜੂਦਾ ਸਮੇਂ ਤੋਂ ਸੰਗਤ ਬਹੁਤ ਜ਼ਿਆਦਾ ਦੁਖੀ ਸੀ ਜੋ ਸੰਗਤ ਨੇ ਵੋਟਿੰਗ ਕਰਕੇ ਦਿਖਾ ਦਿੱਤਾ ਏ। ਉਨ੍ਹਾਂ ਕਿਹਾ ਕਿ ਦਾਦੂਵਾਲ ਮਹਿਜ਼ ਦੋ ਤੋਂ ਤਿੰਨ ਵਾਰਡਾਂ ਤੱਕ ਸਿਮਟ ਕੇ ਰਹਿ ਗਏ ਜਦਕਿ ਉਨ੍ਹਾਂ ਦੇ ਧੜੇ ਨੇ ਵੱਡੇ ਪੱਧਰ ’ਤੇ ਜਿੱਤ ਹਾਸਲ ਕੀਤੀ ਐ। ਝੀਂਡਾ ਵੱਲੋਂ ਵੀ ਪੂਰੀ ਸੰਗਤ ਦਾ ਧੰਨਵਾਦ ਕੀਤਾ ਗਿਆ।
ਦੱਸ ਦਈਏ ਕਿ ਇਸ ਚੋਣ ਤੋਂ ਬਾਅਦ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਰੇ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਖਿਆ ਕਿ ਨਵੀਂ ਕਮੇਟੀ ਧਾਰਮਿਕ ਕੰਮਾਂ ਅਤੇ ਸਮਾਜਿਕ ਕੰਮਾਂ ਨੂੰ ਮਜ਼ਬੂਤੀ ਪ੍ਰਦਾਨ ਕਰਕੇ ਉਨ੍ਹਾਂ ਨੂੰ ਅੱਗੇ ਵਧਾਏਗੀ। ਨਵੀਂ ਕਮੇਟੀ ਸਮਾਜ ਵਿਚ ਏਕਤਾ ਅਤੇ ਸਦਭਾਗ ਨੂੰ ਵੀ ਮਜ਼ਬੂਤ ਕਰੇਗੀ।