SGPC ਵੱਲੋਂ ਤਨਖਾਹ ਬਾਰੇ ਅਹਿਮ ਫ਼ੈਸਲਾ, ਆਰਜ਼ੀ ਮੁਲਾਜ਼ਮਾਂ ਨੂੰ ਹਰ 15 ਦਿਨਾਂ ਬਾਅਦ ਮਿਲੇਗੀ ਤਨਖਾਹ

ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਗੁਰਦੁਆਰਿਆਂ ਵਿਚ ਕੰਮ ਕਰਦੇ ਆਰਜ਼ੀ ਮੁਲਾਜ਼ਮਾਂ ਨੂੰ ਮਹੀਨੇ 'ਚ ਦੋ ਵਾਰ ਬਿੱਲ ਬਣਾ ਕੇ ਤਨਖਾਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਮੁਲਾਜ਼ਮ ਨੂੰ ਦੋ ਵਾਰ ਤਨਖਾਹ ਵਰਤਣ ਵਿੱਚ ਪਰੇਸ਼ਾਨੀ ਹੈ ਤਾਂ ਉਹ ਆਪਣੇ ਖਾਤੇ ਵਿਚ ਪੈਸੇ ਰੱਖ ਸਕਦਾ ਹੈ ਅਤੇ ਮਹੀਨੇ ਦੀ ਇਕੱਠੀ ਤਨਖਾਹ ਵਰਤ ਸਕਦਾ ਹੈ।

Update: 2024-06-17 10:22 GMT

ਅੰਮਿ੍ਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰਜ਼ੀ ਮੁਲਾਜ਼ਮਾਂ ਨੂੰ 15-15 ਦਿਨ ਦੀ ਤਨਖਾਹ ਦੇਣ ਦਾ ਫੈਸਲਾ ਕੀਤਾ ਹੈ। ਆਰਜ਼ੀ ਮੁਲਾਜ਼ਮਾਂ ਦੀ ਪਹਿਲੀ ਤੋਂ 15 ਤਰੀਕ ਤੱਕ ਦੀ ਹਾਜ਼ਰੀ ਅਤੇ 16 ਤੋਂ 30 ਜਾਂ 31 ਤਰੀਕ ਤੱਕ ਦੀ ਹਾਜ਼ਰੀ ਦੀ ਤਨਖਾਹ ਬਣਿਆ ਕਰੇਗੀ। ਸ਼੍ਰੋਮਣੀ ਕਮੇਟੀ ਦੇ ਆਰਜ਼ੀ ਮੁਲਾਜ਼ਮਾਂ ਵਿੱਚ ਇਸ ਹੋਏ ਫ਼ੈਸਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਆਰਜ਼ੀ ਮੁਲਾਜ਼ਮ ਸਹਿਮ ਵਿਚ ਹਨ ਕਿ ਕਮੇਟੀ ਕੋਈ ਹੋਰ ਗਲਤ ਫੈਸਲਾ ਉਨ੍ਹਾਂ ਪ੍ਰਤੀ ਨਾ ਲੈ ਲਵੇ। ਜੂਨ ਮਹੀਨੇ ਦੀ ਪਹਿਲੀ ਤਰੀਕ ਤੋਂ 15 ਤਰੀਕ ਤੱਕ ਆਰਜ਼ੀ ਮੁਲਾਜ਼ਮਾਂ ਦੀ ਬਣਦੀ ਤਨਖਾਹ ਅਕਾਊਂਟ ਬਰਾਂਚ ਵੱਲੋਂ ਤਿਆਰ ਕੀਤੀ ਗਈ ਹੈ। 16 ਤਰੀਕ ਤੋਂ 30 ਜੂਨ ਤੱਕ ਦੀ ਅਗਲੇ 15 ਦਿਨਾਂ ਦੀ ਤਨਖਾਹ ਮੁੜ ਤਿਆਰ ਕੀਤੀ ਜਾਵੇਗੀ।

ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਆਰਜ਼ੀ ਮੁਲਾਜ਼ਮਾਂ ਨੂੰ ਮਹੀਨੇ ’ਚ ਦੋ ਵਾਰ 15-15 ਦਿਨ ਦੀ ਤਨਖਾਹ ਮਿਲੇਗੀ। ਪਹਿਲਾਂ ਸ਼ੋ੍ਮਣੀ ਕਮੇਟੀ ਦੇ ਆਰਜ਼ੀ ਮੁਲਾਜ਼ਮਾਂ ਨੂੰ ਦਿਹਾੜੀ ਦੇ ਹਿਸਾਬ ਨਾਲ 30 ਜਾਂ 31 ਦਿਨਾਂ ਦੇ ਮਹੀਨਾ ਪੂਰਾ ਹੋਣ ’ਤੇ ਤਨਖਾਹ ਬਣਾ ਕੇ ਦਿੱਤੀ ਜਾਂਦੀ ਸੀ। ਇਹ ਤਨਖਾਹ ਇੱਕ ਖਰਚ ਬਿੱਲ ਦੇ ਤੌਰ ’ਤੇ ਗੁਰਦੁਆਰਿਆਂ ਵੱਲੋਂ ਪਾਈ ਜਾਂਦੀ ਹੈ। ਤਿੰਨ ਸਾਲ ਆਰਜ਼ੀ ਮੁਲਾਜ਼ਮ ਰਹਿਣ ਤੋਂ ਬਾਅਦ ਮੁਲਾਜ਼ਮ ਨੂੰ ਬਿੱਲਮੁਕਤ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਮੁਲਾਜ਼ਮ ਪੱਕੇ ਅਤੇ ਗਰੇਡ ਵਿਚ ਹੁੰਦੇ ਹਨ।

ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਿਚ ਸਭ ਤੋਂ ਵੱਧ ਆਰਜ਼ੀ ਮੁਲਾਜ਼ਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਅੰਦਰ ਹਨ। ਵੱਡਾ ਪ੍ਰਬੰਧ ਹੋਣ ਕਾਰਨ ਇੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਰਾਵਾਂ, ਲੰਗਰ, ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਆਦਿ ਅਸਥਾਨਾਂ ’ਤੇ ਆਰਜ਼ੀ ਮੁਲਾਜ਼ਮ ਡਿਊਟੀ ਕਰਦੇ ਹਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਚਾਰਟਰ ਅਕਾਊਂਟੈਂਟ ਦੇ ਕਹਿਣ ਮੁਤਾਬਕ ਆਰਜ਼ੀ ਮੁਲਾਜ਼ਮਾਂ ਨੂੰ ਮਹੀਨੇ 'ਚ ਦੋ ਵਾਰ ਤਨਖਾਹ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਰਜ਼ੀ ਮੁਲਾਜ਼ਮ ਨੂੰ 10 ਹਜ਼ਾਰ ਤੋਂ ਵੱਧ ਬਿੱਲ ਨਹੀਂ ਦਿੱਤਾ ਜਾ ਸਕਦਾ ਅਤੇ ਕਈ ਮੁਲਾਜ਼ਮਾਂ ਦੀ ਦਿਹਾੜੀ ਵੱਧ ਹੈ ਜੋ ਕਿ 10 ਹਜ਼ਾਰ ਤੋਂ ਵੱਧ ਬਿੱਲ ਬਣ ਸਕਦਾ ਹੈ। ਇਸ ਲਈ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਗੁਰਦੁਆਰਿਆਂ ਵਿਚ ਕੰਮ ਕਰਦੇ ਆਰਜ਼ੀ ਮੁਲਾਜ਼ਮਾਂ ਨੂੰ ਮਹੀਨੇ 'ਚ ਦੋ ਵਾਰ ਬਿੱਲ ਬਣਾ ਕੇ ਤਨਖਾਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਮੁਲਾਜ਼ਮ ਨੂੰ ਦੋ ਵਾਰ ਤਨਖਾਹ ਵਰਤਣ ਵਿੱਚ ਪਰੇਸ਼ਾਨੀ ਹੈ ਤਾਂ ਉਹ ਆਪਣੇ ਖਾਤੇ ਵਿਚ ਪੈਸੇ ਰੱਖ ਸਕਦਾ ਹੈ ਅਤੇ ਮਹੀਨੇ ਦੀ ਇਕੱਠੀ ਤਨਖਾਹ ਵਰਤ ਸਕਦਾ ਹੈ। ਸ਼੍ਰੋਮਣੀ ਕਮੇਟੀ ਨੂੰ ਨਿਯਮਾਂ ਅਨੁਸਾਰ ਹੀ ਕੰਮ ਕਰਨਾ ਪਵੇਗਾ।

ਸ਼ੋ੍ਮਣੀ ਕਮੇਟੀ ਦਫਤਰ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ, ਅਕਾਊਟੈਂਟ ਬ੍ਰਾਂਚ, ਸੁਪਰਵਾਈਜ਼ਰ ਰਿਕਾਰਡ ਬ੍ਰਾਂਚ, ਸਮੂਹ ਨਿਗਰਾਨ/ਸੁਪਰਵਾਈਜ਼ਰ ਆਦਿ ਨੂੰ ਪੱਤਰ ਭੇਜੇ ਗਏ ਹਨ। ਪੱਤਰ ਦਾ ਵਿਸ਼ਾ ਆਰਜ਼ੀ ਮੁਲਾਜ਼ਮਾਂ ਦੀ ਦਿਹਾੜੀ ਦੇ ਦਿਨਾਂ ਦੀ ਬਣਦੀ ਪੇਮੈਂਟ ਦੀ ਅਦਾਇਗੀ ਕਰਨ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਦੀ ਪੱਤਰਕਾ ਨੰਬਰ 3635 ਮਿਤੀ 30 ਮਈ 2024 ਰਾਹੀਂ ਕੀਤੀ ਮੰਗ ਦੇ ਸਬੰਧ ਵਿਚ ਪ੍ਰਦੀਪ ਗੋਇਲ ਲੀਗਲ ਟੈਕਸੇਸ਼ਨ ਐਡਵਾਈਜ਼ਰ ਦੀ ਰਾਏ ਮਿਤੀ 8 ਜੂਨ 2024 ਦੇ ਅਧਾਰਪੁਰ ਸਕੱਤਰ ਨੇ ਪਿਛਲੀ ਰੁਟੀਨ ਅਨੁਸਾਰ ਆਰਜ਼ੀ ਮੁਲਾਜ਼ਮਾਂ ਦੀ ਦਿਹਾੜੀ ਦੇ ਦਿਨਾਂ ਦੀ ਬਣਦੀ ਪੇਮੈਂਟ ਇੱਕ ਦਿਨ ਵਿਚ ਕਿਸੇ ਵੀ ਕਰਮਚਾਰੀ ਨੂੰ 10 ਹਜ਼ਾਰ ਰੁਪਏ ਨਕਦ ਅਤੇ ਮਹੀਨੇ ਵਿਚ ਦੋ ਵਾਰੀ 10-10 ਹਜ਼ਾਰ ਰੁਪਏ ਤੱਕ ਅਦਾਇਗੀ ਕਰਨ ਲਈ ਆਰਜ਼ੀ ਮੁਲਾਜ਼ਮਾਂ ਦਾ ਬਿੱਲ ਦੇ ਹਿੱਸਿਆਂ ਵਿੱਚ 15-15 ਦਿਨਾਂ ਦਾ ਤਿਆਰ ਕਰਕੇ ਪੇਮੈਂਟ ਕਰਨ ਦੀ ਆਗਿਆ ਕੀਤੀ ਹੈ।

Tags:    

Similar News