ਜੇ ਅਕਾਲੀ-ਭਾਜਪਾ ਦਾ ਸਮਝੌਤਾ ਹੋਇਆ ਤਾਂ ਸਰਕਾਰ ਬਣਨਾ ਤੈਅ : ਮਲੂਕਾ
ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਅਕਾਲੀ ਦਲ ਨਾਲ ਭਾਜਪਾ ਦਾ ਸਮਝੌਤਾ ਹੋਣ ਦੀ ਗੱਲ 'ਤੇ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਅਕਾਲੀ ਦਲ ਦਾ ਸਮਝੌਤਾ ਹੁੰਦਾ ਹੈ ਤਾਂ ਸਰਕਾਰ ਬਣਨਾ ਤੈਆ ਹੈ। ਉਹਨਾਂ ਕਿਹਾ ਕਿ ਹਰ ਵਿਅਕਤੀ ਚਾਹੁੰਦਾ ਹੈ ਕਿ ਅਕਾਲੀ ਦਲ ਅਤੇ ਬੀਜੇਪੀ ਦਾ ਸਮਝੌਤਾ ਹੋਵੇ।
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਦੌਰਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਮੋਹਿਤ ਗੁਪਤਾ ਨੇ ਪ੍ਰੈਸ ਨੂੰ ਸੰਬੋਧਨ ਕੀਤਾ।
ਅਕਾਲੀ ਆਗੂਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਵਾਪਸ ਲਏ ਜਾਣ ਨੂੰ ਕਿਸਾਨਾਂ ਤੇ ਅਕਾਲੀ ਦਲ ਦੀ ਜਿੱਤ ਕਰਾਰ ਦਿੱਤਾ। ਉਹਨਾਂ ਕਿਹਾ ਕਿ ਪਾਲਿਸੀ ਨਾਲ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਹੋਣਾ ਸੀ, ਪਰ ਪਹਿਲੇ ਦਿਨ ਤੋਂ ਹੀ ਅਕਾਲੀ ਦਲ ਇਸ ਦਾ ਵਿਰੋਧ ਕਰ ਰਿਹਾ ਅਤੇ ਅਕਾਲੀ ਦਲ ਨੇ ਇਸ ਖਿਲਾਫ ਮੋਰਚਾ ਲਗਾਉਣ ਦਾ ਐਲਾਨ ਵੀ ਕਰ ਦਿੱਤਾ ਸੀ। ਜਿਸ ਕਰਕੇ ਪੰਜਾਬ ਸਰਕਾਰ ਨੂੰ ਪਹਿਲਾਂ ਦੀ ਤਰ੍ਹਾਂ ਯੂ-ਟਰਨ ਲੈ ਕੇ ਇਸ ਪਾਲਿਸੀ ਨੂੰ ਵਾਪਸ ਲੈਣਾ ਪਿਆ।
ਬੀਤੇ ਦਿਨ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਵੱਲੋਂ ਦਿੱਤੇ ਗਏ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਲੈਂਡ ਪੂਲਿੰਗ ਪਾਲਿਸੀ ਵੀ ਚੋਣਾਂ ਲਈ ਪੈਸਾ ਇਕੱਠਾ ਕਰਨ ਲਈ ਲਿਆਂਦੀ ਗਈ ਸੀ, ਜਿਸ ਕਰਕੇ ਇਹ ਪਾਲਿਸੀ ਵਾਪਸ ਲੈਣ ਤੋਂ ਬਾਅਦ ਆਮ ਆਦਮੀ ਪਾਰਟੀ ਬੁਖਲਾਟ ਵਿੱਚ ਆ ਗਈ ਹੈ। ਉਹਨਾਂ ਕਿਹਾ ਕਿ ਬੇਸ਼ੱਕ ਇਹ ਪਾਲਿਸੀ ਵਾਪਸ ਲੈ ਲਈ ਹੈ ਪਰ ਫਿਰ ਵੀ ਇਸ ਸਰਕਾਰ ’ਤੇ ਹੁਣ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ, ਇਹ ਪਾਲਿਸੀ ਨੂੰ ਘੰੁਮਾ ਫਿਰਾ ਕੇ ਦੁਬਾਰੇ ਵੀ ਲਿਆ ਸਕਦੇ ਹਨ।
ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਅਕਾਲੀ ਦਲ ਨਾਲ ਭਾਜਪਾ ਦਾ ਸਮਝੌਤਾ ਹੋਣ ਦੀ ਗੱਲ ’ਤੇ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਸਮਝੌਤਾ ਹੁੰਦਾ ਹੈ ਤਾਂ 2027 ਵਿਚ ਗਠਜੋੜ ਦੀ ਸਰਕਾਰ ਬਣਨੀ ਤੈਅ ਹੈ। ਉਹਨਾਂ ਕਿਹਾ ਕਿ ਹਰ ਵਿਅਕਤੀ ਚਾਹੁੰਦਾ ਹੈ ਕਿ ਅਕਾਲੀ ਦਲ ਅਤੇ ਬੀਜੇਪੀ ਦਾ ਸਮਝੌਤਾ ਹੋਵੇ।
ਪ੍ਰੈੱਸ ਕਾਨਫਰੰਸ ਦੌਰਾਨ ਬਠਿੰਡਾ ਦੇ ਉਹ ਕਿਸਾਨ ਵੀ ਪੁੱਜੇ, ਜਿਨ੍ਹਾਂ ਦੀਆਂ ਜ਼ਮੀਨਾਂ ਲੈਂਡ ਪੂਲਿੰਗ ਵਿੱਚ ਆ ਰਹੀਆਂ ਸਨ। ਉਹਨਾਂ ਨੇ ਅਕਾਲੀ ਦਲ ਦਾ ਧੰਨਵਾਦ ਕੀਤਾ, ਜਿਨਾਂ ਨੇ ਪਹਿਲੇ ਦਿਨ ਤੋਂ ਹੀ ਇਸ ਖਿਲਾਫ ਮੋਰਚਾ ਸ਼ੁਰੂ ਲਗਾ ਕੇ ਇਸ ਪਾਲਿਸੀ ਨੂੰ ਵਾਪਸ ਕਰਵਾ ਕੇ ਕਿਸਾਨਾਂ ਦੀ ਸਮੱਸਿਆ ਹੱਲ ਕਰਵਾਈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਸ਼ਹਿਰੀ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ, ਤਲਵੰਡੀ ਸਾਬੋ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ, ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਗਸੀਰ ਸਿੰਘ ਕਲਿਆਣ, ਅਕਾਲੀ ਦਲ ਦੇ ਜਿਲਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਵੀ ਹਾਜ਼ਰ ਸਨ।