ਹਾਕੀ ਖਿਡਾਰੀਆਂ ਦਾ ਪੰਜਾਬ ਪੁੱਜਣ ’ਤੇ ਸ਼ਾਨਦਾਰ ਸਵਾਗਤ
ਭਾਰਤੀ ਹਾਕੀ ਟੀਮ ਦਾ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜਣ ਮੌਕੇ ਸਾਰੇ ਖਿਡਾਰੀਆਂ ਦਾ ਢੋਲ ਵਜਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਆਖਿਆ ਕਿ ਮਾਨ ਸਰਕਾਰ ਵੱਲੋਂ ਖੇਡਾਂ ਤੇ ਖਿਡਾਰੀਆਂ ਲਈ ਬਹੁਤ ਕੁੱਝ ਕੀਤਾ ਜਾ ਰਿਹਾ ਏ,;
ਅੰਮ੍ਰਿਤਸਰ : ਪੈਰਿਸ ਓਲੰਪਿਕ ਵਿਚੋਂ ਕਾਂਸੀ ਦਾ ਮੈਡਲ ਜਿੱਤਣ ਮਗਰੋਂ ਭਾਰਤੀ ਹਾਕੀ ਟੀਮ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੀ, ਜਿੱਥੇ ਉਨ੍ਹਾਂ ਦਾ ਢੋਲ ਢਮੱਕਿਆਂ ਦੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਵਾਗਤ ਕਰਨ ਵਾਲਿਆਂ ਵਿਚ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ, ਸਾਬਕਾ ਹਾਕੀ ਖਿਡਾਰੀ ਤੇ ਵਿਧਾਇਕ ਪਰਗਟ ਸਿੰਘ ਅਤੇ ਹੋਰ ਪ੍ਰਸਾਸ਼ਨਿਕ ਅਧਿਕਾਰੀ ਮੌਜੂਦ ਸਨ।
ਭਾਰਤੀ ਹਾਕੀ ਟੀਮ ਦਾ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜਣ ਮੌਕੇ ਸਾਰੇ ਖਿਡਾਰੀਆਂ ਦਾ ਢੋਲ ਵਜਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਆਖਿਆ ਕਿ ਮਾਨ ਸਰਕਾਰ ਵੱਲੋਂ ਖੇਡਾਂ ਤੇ ਖਿਡਾਰੀਆਂ ਲਈ ਬਹੁਤ ਕੁੱਝ ਕੀਤਾ ਜਾ ਰਿਹਾ ਏ, ਉਸੇ ਦਾ ਨਤੀਜਾ ਏ ਕਿ ਅੱਜ ਸਾਡੀ ਟੀਮ ਓਲੰਪਿਕ ਵਿਚੋਂ ਮੈਡਲ ਜਿੱਤ ਕੇ ਆਈ ਐ।
ਇਸੇ ਤਰ੍ਹਾਂ ਗੁਰਜੀਤ ਸਿੰਘ ਔਜਲਾ ਨੇ ਅਖਿਆ ਕਿ ਸਾਡੇ ਲਈ ਬਹੁਤ ਮਾਣ ਵਾਲ ਐ ਕਿ ਸਾਡੇ ਖਿਡਾਰੀ ਓਲੰਪਿਕ ਵਿਚੋਂ ਮੈਡਲ ਜਿੱਤ ਕੇ ਪੰਜਾਬ ਪਰਤੇ ਨੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਸਾਡੇ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਹਰਿਆਣੇ ਦੇ ਬਰਾਬਰ ਰਾਸ਼ੀ ਖਿਡਾਰੀਆਂ ਨੂੰ ਦੇਵੇ।
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਪਰਗਟ ਸਿੰਘ ਨੇ ਆਖਿਆ ਕਿ ਸਾਡੇ ਖਿਡਾਰੀਆਂ ਵੱਲੋਂ ਓਲੰਪਿਕ ਵਿਚ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਐ, ਇਸ ਨਾਲ ਸਾਡੇ ਦੇਸ਼ ਦਾ ਅਤੇ ਸਾਡੇ ਪੰਜਾਬ ਦਾ ਨਾਮ ਉਚਾ ਹੋਇਆ ਏ।
ਇਸ ਤੋਂ ਇਲਾਵਾ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਜਾ ਰਿਹਾ ਏ, ਜਿਸ ਤੋਂ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋ ਰਹੀ ਐ। ਉਨ੍ਹਾਂ ਆਖਿਆ ਕਿ ਹਰ ਮੈਚ ਅਸੀਂ ਵਧੀਆ ਖੇਡਿਆ। ਉਨ੍ਹਾਂ ਆਖਿਆ ਕਿ ਅਸੀਂ ਅੱਗੇ ਤੋਂ ਹੋਰ ਵਧੀਆ ਤਰੀਕੇ ਨਾਲ ਖੇਡਾਂਗੇ ਤਾਂ ਗੋਲਡ ਮੈਡਲ ਲਿਆ ਸਕੀਏ।
ਹਾਕੀ ਖਿਡਾਰੀ ਜਰਮਨਜੀਤ ਸਿੰਘ ਨੇ ਆਖਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਐ ਕਿ ਉਹ ਨਸ਼ੇ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋਣ। ਉਨ੍ਹਾਂ ਆਖਿਆ ਕਿ ਅਸੀਂ ਚਾਹੁੰਨੇ ਆਂ ਕਿ ਇਸੇ ਤਰ੍ਹਾਂ ਸਾਰੇ ਲੋਕ ਹਾਕੀ ਨੂੰ ਪਿਆਰ ਕਰਦੇ ਰਹਿਣ।
ਇਸੇ ਤਰ੍ਹਾਂ ਸਾਬਕਾ ਹਾਕੀ ਕਪਤਾ ਜੁਗਰਾਜ ਸਿੰਘ ਨੇ ਵੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਮੈਡਲ ਜਿੱਤਣ ’ਤੇ ਮੁਬਾਰਕਾਂ ਦਿੱਤੀਆਂ।
ਹਾਕੀ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੀ ਪਤਨੀ ਅਮਨਦੀਪ ਕੌਰ ਅਤੇ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਦੀ ਪਤਨੀ ਨੇ ਵੀ ਹਾਕੀ ਟੀਮ ਦੀ ਜਿੱਤ ’ਤੇ ਖੁਸ਼ੀ ਜਤਾਈ।
ਇਸੇ ਤਰ੍ਹਾਂ ਹਾਕੀ ਖਿਡਾਰੀ ਸੁਖਜੀਤ ਸਿੰਘ ਦੇ ਪਿਤਾ ਨੇ ਆਖਿਆ ਕਿ ਉਨ੍ਹਾਂ ਦੇ ਬੇਟੇ ਨੇ 5 ਸਾਲ ਦੀ ਉਮਰ ਵਿਚ ਹੀ ਤਪੱਸਿਆ ਸ਼ੁਰੂ ਕਰ ਦਿੱਤੀ ਸੀ, ਜਿਸ ਦੇ ਸਦਕਾ ਅੱਜ ਇਹ ਮੈਡਲ ਸਾਨੂੰ ਮਿਲ ਸਕਿਆ। ਉਨ੍ਹਾਂ ਸਰਕਾਰਾਂ ਦੀ ਕਾਰਗੁਜ਼ਾਰੀ ’ਤੇ ਵੀ ਸੰਤੁਸ਼ਟੀ ਜ਼ਾਹਿਰ ਕੀਤੀ।
ਦੱਸ ਦਈਏ ਕਿ ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਵੀ ਮੌਜੂਦ ਸਨ, ਜਿਨ੍ਹਾਂ ਵੱਲੋਂ ਢੋਲ ਦੀ ਥਾਪ ’ਤੇ ਭੰਗੜੇ ਪਾ ਕੇ ਖ਼ੁਸ਼ੀ ਮਨਾਈ ਗਈ।