Jalandhar News: ਜਲੰਧਰ 'ਚ ਭਿਆਨਕ ਸੜਕ ਹਾਦਸਾ, ਬੱਸ ਡ੍ਰਾਈਵਰ ਨੂੰ ਆਈ ਨੀਂਦ, ਛੋਟੇ ਹਾਥੀ ਨੂੰ ਮਾਰੀ ਟੱਕਰ, ਮਹਿਲਾ ਸਣੇ ਤਿੰਨ ਮੌਤਾਂ
ਦਿੱਲੀ ਤੋਂ ਆ ਰਹੀ ਸੀ ਪੰਜਾਬ ਰੋਡਵੇਜ਼ ਦੀ ਬੱਸ
Punjab News: ਜਲੰਧਰ ਵਿੱਚ ਬੀਤੀ ਰਾਤ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਜਦੋਂ ਦਿੱਲੀ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਇੱਕ ਬੱਸ ਕਪੂਰਥਲਾ ਰੋਡ 'ਤੇ ਸੇਠ ਹੁਕਮ ਚੰਦ ਕਲੋਨੀ ਦੇ ਨੇੜੇ ਪਹੁੰਚੀ ਤਾਂ ਡਰਾਈਵਰ ਨੂੰ ਅਚਾਨਕ ਨੀਂਦ ਆ ਗਈ। ਝਪਕੀ ਲੱਗਣ ਕਾਰਨ ਬੱਸ ਬੇਕਾਬੂ ਹੋ ਗਈ ਅਤੇ ਇਹ ਸੜਕ ਦੇ ਦੂਜੇ ਪਾਸੇ ਜਾ ਡਿੱਗੀ।
ਸਾਹਮਣੇ ਤੋਂ ਆ ਰਿਹਾ ਇੱਕ ਟੈਂਪੋ (ਛੋਟਾ ਹਾਥੀ), ਜਿਸ ਵਿੱਚ ਇੱਕ ਔਰਤ ਅਤੇ ਦੋ ਨੌਜਵਾਨ ਸਵਾਰ ਸਨ, ਦੋਵਾਂ ਦੀ ਆਹਮੋ ਸਾਹਮਣੇ ਟੱਕਰ ਹੋਈ ਅਤੇ ਸਭ ਤਹਿਸ-ਨਹਿਸ ਹੋ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਛੋਟਾ ਹਾਥੀ 'ਚ ਸਵਾਰ ਤਿੰਨੇ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਟੈਂਪੋ ਵਿੱਚ ਬੁਰੀ ਤਰ੍ਹਾਂ ਫਸੀਆਂ ਹੋਈਆਂ ਸਨ, ਜਿਨ੍ਹਾਂ ਨੂੰ ਗੈਸ ਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਹਾਲਾਂਕਿ, ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਬੱਸ ਨੂੰ ਨੂੰ ਡਰਾਈਵਰ ਸਣੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਸੜਕ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਰਹੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਡਰਾਈਵਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੀਆਰਟੀਸੀ ਅਤੇ ਟੈਂਪੂ (ਛੋਟਾ ਹਾਥੀ) ਦੀ ਟੱਕਰ ਵਿੱਚ ਇੱਕ ਔਰਤ ਸਮੇਤ ਤਿੰਨ ਲੋਕਾਂ ਦੀ ਮੌਤ ਹੋਣ ਤੋਂ ਬਾਅਦ, ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਲਾਸ਼ਾਂ ਨੂੰ ਹਾਈਵੇਅ 'ਤੇ ਰੱਖ ਕੇ ਸੜਕ ਜਾਮ ਕਰ ਦਿੱਤੀ ਹੈ। ਲੋਕ ਸਰਕਾਰ, ਟਰਾਂਸਪੋਰਟ ਵਿਭਾਗ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਹਨ। ਮੌਕੇ 'ਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਇਸ ਕਾਰਨ ਉੱਥੇ ਟ੍ਰੈਫਿਕ ਜਾਮ ਹੋ ਗਿਆ ਹੈ।