ਪੰਜਾਬ 'ਚ ਗਰਮੀ ਦਾ ਕਹਿਰ ਜਾਰੀ, ਬਰਨਾਲਾ ਦੇ ਨੌਜਵਾਨ ਦੀ ਹੋਈ ਮੌਤ, ਪੜ੍ਹੋ ਪੂਰੀ ਖ਼ਬਰ
ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਵਿੱਚ ਕੁਝ ਥਾਵਾਂ ’ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਗਰਮੀ ਦੀ ਉਮੀਦ;
ਬਰਨਾਲਾ : ਅੱਜਕਲ੍ਹ ਪੈ ਰਹੀ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਜਦਕਿ ਕਈ ਥਾਵਾਂ ’ਤੇ ਗਰਮੀ ਕਾਰਨ ਦਰਜਨਾਂ ਲੋਕਾਂ ਦੀ ਮੌਤ ਵੀ ਹੋ ਗਈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਵਿੱਚ ਕੁਝ ਥਾਵਾਂ ’ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪਰ ਇਸ ਦੌਰਾਨ ਗਰਮੀ ਦੀ ਲਹਿਰ ਆਪਣਾ ਕਹਿਰ ਜਾਰੀ ਰੱਖਣ ਦੀ ਉਮੀਦ ਹੈ। ਇਸ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੀਂਹ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਨੌਤਪਾ ’ਚ ਪੰਜਾਬ ਵਿਚ ਗਰਮੀ
ਨੌਤਪਾ ’ਚ ਪੰਜਾਬ ਵਿਚ ਗਰਮੀ ਦਾ ਕਹਿਰ ਜਾਰੀ ਹੈ। ਫਰੀਦਕੋਟ 48.3 ਡਿਗਰੀ ਨਾਲ ਸਭ ਤੋਂ ਗਰਮ ਰਿਹਾ। ਬਠਿੰਡਾ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਆਦਮਪੁਰ, ਹਲਵਾਰਾ, ਫਰੀਦਕੋਟ ਵਿੱਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਇਸ ਦੇ ਨਾਲ ਹੀ ਬਰਨਾਲਾ ਵਿੱਚ ਪੀਆਰਟੀਸੀ ਦੀ ਵਰਕਸ਼ਾਪ ਵਿੱਚ ਕੰਮ ਕਰਦੇ ਇੱਕ ਮਕੈਨਿਕ ਦੀ ਗਰਮੀ ਕਾਰਨ ਸਿਹਤ ਵਿਗੜਨ ਕਾਰਨ ਮੌਤ ਹੋ ਗਈ। ਰਾਹਤ ਦੀ ਗੱਲ ਇਹ ਹੈ ਕਿ ਹਿਮਾਚਲ ’ਚ ਮੌਸਮ ਨੇ ਕਰਵਟ ਲੈ ਲਈ ਹੈ ਅਤੇ ਪਹਾੜਾਂ ’ਤੇ ਬਰਫਬਾਰੀ ਹੋਈ ਹੈ।
ਘੱਟੋ-ਘੱਟ ਤਾਪਮਾਨ
ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 3.3 ਡਿਗਰੀ ਦਾ ਭਾਰੀ ਵਾਧਾ ਦਰਜ ਕੀਤਾ ਗਿਆ। ਹੁਣ ਇਹ ਆਮ ਨਾਲੋਂ 5 ਡਿਗਰੀ ਵੱਧ ਪਹੁੰਚ ਗਿਆ ਹੈ। ਇਸ ਕਾਰਨ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ 32.7 ਡਿਗਰੀ ਤੱਕ ਪਹੁੰਚ ਗਿਆ ਹੈ, ਜੋ ਸਮਰਾਲਾ ਵਿੱਚ ਦਰਜ ਕੀਤਾ ਗਿਆ। ਸ਼ੁੱਕਰਵਾਰ ਤੋਂ ਕੜਾਕੇ ਦੀ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ।
ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 45.4 ਡਿਗਰੀ, ਲੁਧਿਆਣਾ ਦਾ 45.6, ਪਟਿਆਲਾ ਦਾ 46.2, ਬਠਿੰਡਾ ਦਾ 47.9, ਗੁਰਦਾਸਪੁਰ ਦਾ 43.0, ਫ਼ਿਰੋਜ਼ਪੁਰ ਦਾ 45.5 ਅਤੇ ਜਲੰਧਰ ਦਾ 43.8 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਜੇਕਰ ਘੱਟੋ-ਘੱਟ ਪਾਰਾ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ’ਚ 27.9 ਡਿਗਰੀ, ਲੁਧਿਆਣਾ ’ਚ 32.0, ਪਟਿਆਲਾ ’ਚ 31.2 ਡਿਗਰੀ, ਬਠਿੰਡਾ ’ਚ 25.4 ਡਿਗਰੀ, ਫਰੀਦਕੋਟ ’ਚ 26.5, ਗੁਰਦਾਸਪੁਰ ’ਚ 26.4, ਐੱਸ.ਬੀ.ਐੱਸ. ਜਲੰਧਰ ਵਿੱਚ 28.5 ਡਿਗਰੀ ਦਰਜ ਕੀਤਾ ਗਿਆ।
ਗਰਮੀ ਜਾਨਲੇਵਾ
ਹੁਣ ਪੰਜਾਬ ਵਿੱਚ ਗਰਮੀ ਜਾਨਲੇਵਾ ਬਣਨ ਲੱਗੀ ਹੈ। ਬਰਨਾਲਾ ਵਿੱਚ ਪੀਆਰਟੀਸੀ ਵਰਕਸ਼ਾਪ ਦੇ ਮਕੈਨਿਕ ਦੀ ਅਚਾਨਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬਰਨਾਲਾ ਪੀਆਰਟੀਸੀ ਡਿਪੂ ਦੇ ਇੱਕ ਮਕੈਨਿਕ ਦੀ ਬੁੱਧਵਾਰ ਸ਼ਾਮ ਡਿਊਟੀ ਦੌਰਾਨ ਸਿਹਤ ਵਿਗੜ ਜਾਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪੂ ਮੁਲਾਜ਼ਮ ਅਤੇ ਮ੍ਰਿਤਕ ਸੰਜੀਵ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੰਜੀਵ ਕੁਮਾਰ ਕੱਚਾ ਮੁਲਾਜ਼ਮ ਸੀ, ਜੋ ਆਊਟਸੋਰਸਿੰਗ ਦਾ ਕੰਮ ਕਰਦਾ ਸੀ। ਡਿਊਟੀ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਸੰਜੀਵ ਕੁਮਾਰ ਦੋ ਬੱਚਿਆਂ ਦਾ ਪਿਤਾ ਸੀ ਅਤੇ ਹੁਣ ਉਸ ਦੇ ਪਰਿਵਾਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੈ।