ਦੋ ਤੋਲੇ ਸੋਨੇ ਦੇ ਕੈਂਠੇ ਨਾਲ ਗ੍ਰੰਥੀ ਸਿੰਘ ਦਾ ਕੀਤਾ ਗਿਆ ਸਨਮਾਨ

ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਜਠੌਰ ਵਿਖੇ ਬਾਬਾ ਘਲਿਆਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਨੂੰ ਪਿੰਡ ਦੇ ਕੈਨੇਡਾ ਅਤੇ ਯੂਕੇ ਗਏ ਦੋ ਨੌਜਵਾਨਾਂ ਵੱਲੋਂ ਆਪਣੀ ਕਮਾਈ ਵਿਚੋਂ ਦਸਵੰਧ ਕੱਢ ਕੇ ਦੋ ਤੋਲੇ ਸੋਨੇ ਦੇ ਕੈਂਠੇ ਦੇ ਨਾਲ ਸਨਮਾਨਿਤ ਕੀਤਾ ਗਿਆ।;

Update: 2024-09-08 12:03 GMT

ਅੰਮ੍ਰਿਤਸਰ : ਅਕਸਰ ਹੀ ਅਸੀਂ ਦੇਖਦੇ ਆਂ ਕਿ ਗੁਰਦੁਆਰਾ ਸਾਹਿਬ ਵਿਚ ਪਾਠ ਕਰਨ ਵਾਲੇ ਗ੍ਰੰਥੀ ਸਿੰਘਾਂ ਦੀ ਆਰਥਿਕ ਸਥਿਤੀ ਇੰਨੀ ਜ਼ਿਆਦਾ ਚੰਗੀ ਨਹੀਂ ਹੁੰਦੀ, ਜਿਸ ਕਰਕੇ ਨੌਜਵਾਨ ਪੀੜ੍ਹੀ ਗ੍ਰੰਥੀ ਸਿੰਘ ਬਣਨ ਵਾਲੇ ਪਾਸੇ ਜਾਣ ਤੋਂ ਕਤਰਾਉਂਦੀ ਐ ਪਰ ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਜਠੌਰ ਵਿਖੇ ਇਕ ਪਰਿਵਾਰ ਵੱਲੋਂ ਪਿੰਡ ਦੇ ਗ੍ਰੰਥੀ ਸਿੰਘ ਨੂੰ ਸੋਨੇ ਦਾ ਕੈਂਠਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ, ਜਿਸ ਦੀ ਪੂਰੇ ਇਲਾਕੇ ਵਿਚ ਸ਼ਲਾਘਾ ਕੀਤੀ ਜਾ ਰਹੀ ਐ।

ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਜਠੌਰ ਵਿਖੇ ਬਾਬਾ ਘਲਿਆਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਨੂੰ ਪਿੰਡ ਦੇ ਕੈਨੇਡਾ ਅਤੇ ਯੂਕੇ ਗਏ ਦੋ ਨੌਜਵਾਨਾਂ ਵੱਲੋਂ ਆਪਣੀ ਕਮਾਈ ਵਿਚੋਂ ਦਸਵੰਧ ਕੱਢ ਕੇ ਦੋ ਤੋਲੇ ਸੋਨੇ ਦੇ ਕੈਂਠੇ ਦੇ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਪਾਠੀ ਸਿੰਘ ਗੁਰੂ ਘਰ ਦੇ ਵਜ਼ੀਰ ਹੁੰਦੇ ਨੇ, ਜਿਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਏ। ਉਨ੍ਹਾਂ ਇਹ ਵੀ ਆਖਿਆ ਕਿ ਬਹੁਤ ਸਾਰੇ ਪਿੰਡਾਂ ਵਿਚ ਪਾਠੀ ਸਿੰਘਾਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ, ਜਿਸ ਕਰਕੇ ਕੋਈ ਵੀ ਬੱਚਾ ਪਾਠੀ ਸਿੰਘ ਨਹੀਂ ਬਣਨਾ ਚਾਹੁੰਦਾ।

ਉਨ੍ਹਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਗ੍ਰੰਥੀ ਸਿੰਘਾਂ ਦਾ ਸਨਮਾਨ ਕਰਨਾ ਚਾਹੀਦਾ ਏ ਤਾਂ ਜੋ ਸਾਡੇ ਬੱਚੇ ਗੁਰੂ ਵਾਲੇ ਬਣਨ ਅਤੇ ਗੁਰਬਾਣੀ ਦੇ ਨਾਲ ਜੁੜਨ।

ਇਸੇ ਤਰ੍ਹਾਂ ਹੋਰ ਪਿੰਡ ਵਾਸੀਆਂ ਨੇ ਆਖਿਆ ਕਿ ਗ੍ਰੰਥੀ ਸਿੰਘ ਦਾ ਮਾਨ ਸਨਮਾਨ ਕਰਨਾ ਬਹੁਤ ਵੱਡੀ ਗੱਲ ਐ ਅਤੇ ਇਹ ਸਨਮਾਨ ਇਕੱਲੇ ਗ੍ਰੰਥੀ ਸਿੰਘ ਦਾ ਨਹੀਂ ਬਲਕਿ ਪੂਰੇ ਪਿੰਡ ਦਾ ਸਨਮਾਨ ਐ।

ਇਸ ਸਬੰਧੀ ਜਦੋਂ ਗ੍ਰੰਥੀ ਸਿੰਘ ਸੰਤੋਖ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਹ ਸਨਮਾਨ ਹਾਸਲ ਕਰਕੇ ਬਹੁਤ ਖ਼ੁਸ਼ੀ ਹੋ ਰਹੀ ਐ। ਉਨ੍ਹਾਂ ਇਹ ਵੀ ਆਖਿਆ ਕਿ ਅਜਿਹਾ ਸਨਮਾਨ ਆਸਪਾਸ ਦੇ ਕਈ ਪਿੰਡਾਂ ਵਿਚ ਵੀ ਕਿਸੇ ਗ੍ਰੰਥੀ ਦਾ ਨਹੀਂ ਹੋਇਆ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਗ੍ਰੰਥੀ ਸਿੰਘਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਦੱਸਿਆ।

ਦੱਸ ਦਈਏ ਕਿ ਇਸ ਦੌਰਾਨ ਪਰਿਵਾਰਕ ਮੈਂਬਰਾਂ ਵੱਲੋਂ ਗ੍ਰੰਥੀ ਸਿੰਘ ਨੂੰ ਬਹੁਤ ਹੀ ਮਾਣ ਸਤਿਕਾਰ ਨਾਲ ਘਰੇ ਬੁਲਾਇਆ ਗਿਆ ਅਤੇ ਫਿਰ ਉਨ੍ਹਾਂ ਨੂੰ ਸੋਨੇ ਦੇ ਕੈਂਠੇ ਅਤੇ ਸਿਰੋਪਾਓ ਦੇ ਨਾਲ ਸਨਮਾਨਿਤ ਕੀਤਾ ਗਿਆ।

Tags:    

Similar News