ਪਠਾਨਕੋਟ ’ਚ ਫਿਰ ਨਜ਼ਰ ਆਏ ਚਾਰ ਸ਼ੱਕੀ, ਪਾਕਿ ਜ਼ਿੰਦਾਬਾਦ ਦੇ ਪੋਸਟਰ ਸੁੱਟੇ
ਪਠਾਨਕੋਟ ਵਿਚ ਵੱਖ-ਵੱਖ ਥਾਵਾਂ ’ਤੇ ਸ਼ੱਕੀ ਦੇਖੇ ਜਾਣ ਨੂੰ ਲੈ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਏ ਪਰ ਇਸ ਦੌਰਾਨ ਕੁੱਝ ਸ਼ਰਾਰਤੀ ਲੋਕਾਂ ਵੱਲੋਂ ਇਸ ਦਾ ਨਾਜਾਇਜ਼ ਫ਼ਾਇਦਾ ਉਠਾਇਆ ਜਾ ਰਿਹਾ ਏ ਅਤੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ।
ਪਠਾਨਕੋਟ : ਪਠਾਨਕੋਟ ਵਿਚ ਵੱਖ-ਵੱਖ ਥਾਵਾਂ ’ਤੇ ਸ਼ੱਕੀ ਦੇਖੇ ਜਾਣ ਨੂੰ ਲੈ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਏ ਪਰ ਇਸ ਦੌਰਾਨ ਕੁੱਝ ਸ਼ਰਾਰਤੀ ਲੋਕਾਂ ਵੱਲੋਂ ਇਸ ਦਾ ਨਾਜਾਇਜ਼ ਫ਼ਾਇਦਾ ਉਠਾਇਆ ਜਾ ਰਿਹਾ ਏ ਅਤੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਅਜਿਹਾ ਹੀ ਇਕ ਮਾਮਲਾ ਪਠਾਨਕੋਟ ਵਿਖੇ ਸਾਹਮਣੇ ਆਇਆ, ਜਿੱਥੇ ਕੁੱਝ ਅਣਪਛਾਤੇ ਲੋਕਾਂ ਵੱਲੋਂ ‘ਪਾਕਿਸਤਾਨ ਜ਼ਿੰਦਾਬਾਦ’ ਦੇ ਪੋਸਟਰ ਸੁੱਟੇ ਗਏ।
ਪਠਾਨਕੋਟ ਵਿਚ ਫਿਰ ਤੋਂ ਕੁੱਝ ਸ਼ੱਕੀਆਂ ਦੇ ਦੇਖੇ ਜਾਣ ਦੀ ਗੱਲ ਸਾਹਮਣੇ ਆਈ ਐ, ਜਿਨ੍ਹਾਂ ਵੱਲੋਂ ਜਿੱਥੇ ਇਕ ਕਾਰ ਦੇ ਸ਼ੀਸ਼ੇ ਭੰਨੇ ਗਏ, ਉਥੇ ਹੀ ਉਨ੍ਹਾਂ ਵੱਲੋਂ ਪਾਕਿਸਤਾਨ ਜ਼ਿੰਦਾਬਾਦ ਲਿਖੇ ਪੋਸਟਰ ਵਿਚ ਸੁੱਟੇ ਗਏ। ਇਹ ਘਟਨਾ ਪਠਾਨਕੋਟ ਦੇ ਢਾਕੀ ਰੋਡ ’ਤੇ ਵਾਪਰੀ।
ਅਣਪਛਾਤੇ ਲੋਕਾਂ ਵੱਲੋਂ ਜਿਹੜੇ ਪੋਸਟਰ ਸੁੱਟੇ ਗਏ ਨੇ, ਉਨ੍ਹਾਂ ’ਤੇ ਪਾਕਿਸਤਾਨ ਜ਼ਿੰਦਾਬਾਦ ਤੋਂ ਇਲਾਵਾ ਸਰਕਾਰੀ ਦਫ਼ਤਰ ਨੂੰ ਉਡਾਉਣ ਦੇ ਨਾਲ ਨਾਲ ਕਈ ਹੋਰ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਐ। ਦਰਅਸਲ ਇਸ ਘਟਨਾ ਦਾ ਪਤਾ ਉਦੋਂ ਚੱਲਿਆ ਜਦੋਂ ਸਵੇਰੇ ਕੁੱਝ ਸਥਾਨਕ ਲੋਕਾਂ ਨੇ ਕਾਰ ਦੇ ਸ਼ੀਸ਼ੇ ਤੋੜਨ ਵਾਲੇ ਲੋਕਾਂ ਨੂੰ ਦੇਖਿਆ ਜੋ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਫ਼ਰਾਰ ਹੋ ਗਏ।
ਸਥਾਨਕ ਨਿਵਾਸੀ ਰਾਮੇਸ਼ ਕੁਮਾਰ ਨੇ ਦੱਸਿਆ ਕਿ ਕੁੱਠ ਲੋਕਾਂ ਵੱਲੋਂ ਦਹਿਸ਼ਤ ਦਾ ਮਾਹੌਲ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਉਨ੍ਹਾਂ ਦੱਸਿਆ ਕਿ ਸਵੇਰੇ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਕਾਰ ਦਾ ਸ਼ੀਸ਼ਾ ਟੁੱਟਣ ਦੀ ਆਵਾਜ਼ ਆਈ ਜਦੋਂ ਉਸ ਨੇ ਛੱਤ ਤੋਂ ਖੜ੍ਹ ਕੇ ਦੇਖਿਆ ਤਾਂ ਚਾਰ ਲੋਕ ਵਾਰਦਾਤ ਨੂੰ ਅੰਜ਼ਾਮ ਦੇ ਕੇ ਦੌੜਦੇ ਹੋਏ ਦਿਖਾਈ ਦਿੱਤੇ। ਇਹ ਚਾਰੇ ਵਿਅਕਤੀ ਉਚੇ ਲੰਬੇ ਜਵਾਨ ਦਿਖਾਈ ਦੇ ਰਹੇ ਸੀ।
ਹੇਠਾਂ ਆ ਕੇ ਦੇਖਿਆ ਤਾਂ ਜਿੱਥੇ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ, ਉਥੇ ਹੀ ਕਾਰ ਦੇ ਨੇੜੇ ਹੀ ਕੁੱਝ ਪਰਚੇ ਵੀ ਖਿੱਲਰੇ ਹੋਏ ਸੀ, ਜਿਨ੍ਹਾਂ ’ਤੇ ਪਾਕਿਸਤਾਨ ਜਿੰਦਾਬਾਤ ਤੋਂ ਬਾਅਦ ਕੁੱਝ ਧਮਕੀ ਭਰੀਆਂ ਗੱਲਾਂ ਲਿਖੀਆਂ ਹੋਈਆਂ ਸੀ ਅਤੇ ਕੁੱਝ ਸਥਾਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਘਟਨਾ ਮਗਰੋਂ ਲੋਕਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਉਧਰ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾ ਪੁਲਿਸ ਅਧਿਕਾਰੀ ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਇਹ ਕਿਸੇ ਦੀ ਸ਼ਰਾਰਤ ਲਗਦੀ ਐ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਬਰੀਕੀ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ।
ਉਨ੍ਹਾਂ ਆਖਿਆ ਕਿ ਜਿਸ ਕਿਸੇ ਨੇ ਵੀ ਇਹ ਸ਼ਰਾਰਤ ਕੀਤੀ ਐ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਘਬਰਾਉਣ ਦੀ ਕੋਈ ਲੋੜ ਨਹੀਂ, ਪੁਲਿਸ ਆਪਣਾ ਮੁਸ਼ਤੈਦੀ ਦੇ ਨਾਲ ਕਰ ਰਹੀ ਐ, ਜਲਦ ਹੀ ਇਨ੍ਹਾਂ ਲੋਕਾਂ ਨੂੰ ਕਾਬੂ ਕਰ ਲਿਆ ਜਾਵੇਗਾ।