ਭਾਰਤ ਦਾ ਰੋਨਾਲਡੋ ਸੀ ਫੁੱਟਬਾਲਰ ਜਰਨੈਲ ਸਿੰਘ, ਥਰ-ਥਰ ਕੰਬਦੇ ਸੀ ਦੁਨੀਆ ਦੇ ਖਿਡਾਰੀ

ਫੁੱਟਬਾਲ ਵਿਚ ਧੱਕ ਪਾਉਣ ਵਾਲੇ ਪੁਰਤਗਾਲੀ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੂੰ ਅੱਜ ਪੂਰੀ ਦੁਨੀਆ ਜਾਣਦੀ ਐ ਪਰ 1960 ਵਿਚ ਜਰਨੈਲ ਸਿੰਘ ਅਜਿਹੇ ਪੰਜਾਬੀ ਫੁੱਟਬਾਲਰ ਸਨ, ਜਿਨ੍ਹਾਂ ਦਾ ਨਾਮ ਸੁਣ ਕੇ ਖਿਡਾਰੀ ਥਰ ਥਰ ਕੰਬਦੇ ਸੀ। ਉਸ ਦੌਰ ਵਿਚ ਜਰਨੈਲ ਸਿੰਘ ਨੂੰ ਏਸ਼ੀਆ ਦੇ ਬਿਹਤਰੀਨ ਡਿਫੈਂਡਰਾਂ ਵਿਚੋਂ ਇਕ ਮੰਨਿਆ ਜਾਂਦਾ ਸੀ।;

Update: 2024-08-02 06:58 GMT

ਚੰਡੀਗੜ੍ਹ : ਫੁੱਟਬਾਲ ਵਿਚ ਧੱਕ ਪਾਉਣ ਵਾਲੇ ਪੁਰਤਗਾਲੀ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੂੰ ਅੱਜ ਪੂਰੀ ਦੁਨੀਆ ਜਾਣਦੀ ਐ ਪਰ 1960 ਵਿਚ ਜਰਨੈਲ ਸਿੰਘ ਅਜਿਹੇ ਪੰਜਾਬੀ ਫੁੱਟਬਾਲਰ ਸਨ, ਜਿਨ੍ਹਾਂ ਦਾ ਨਾਮ ਸੁਣ ਕੇ ਖਿਡਾਰੀ ਥਰ ਥਰ ਕੰਬਦੇ ਸੀ। ਉਸ ਦੌਰ ਵਿਚ ਜਰਨੈਲ ਸਿੰਘ ਨੂੰ ਏਸ਼ੀਆ ਦੇ ਬਿਹਤਰੀਨ ਡਿਫੈਂਡਰਾਂ ਵਿਚੋਂ ਇਕ ਮੰਨਿਆ ਜਾਂਦਾ ਸੀ।

ਹਮੇਸ਼ਾਂ ਸਿਰ ’ਤੇ ਦਸਤਾਰ ਸਜਾ ਕੇ ਰੱਖਣ ਵਾਲਾ ਇਹ ਧਾਕੜ ਖਿਡਾਰੀ ਦੁਨੀਆ ਭਰ ਦੇ ਖਿਡਾਰੀਆਂ ਵਿਚੋਂ ਵੱਖਰੀ ਪਛਾਣ ਰੱਖਦਾ ਸੀ ਪਰ ਅਫ਼ਸੋਸ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਖ਼ੁਦ ਆਪਣੇ ਮਹਾਨ ਖਿਡਾਰੀਆਂ ਦੇ ਇਤਿਹਾਸ ਤੋਂ ਵਾਂਝੀ ਐ। ਸੋ ਆਓ ਤੁਹਾਨੂੰ ਇਸ ਮਹਾਨ ਪੰਜਾਬੀ ਫੁੱਟਬਾਲਰ ਨਾਲ ਜੁੜੇ ਇਤਿਹਾਸ ਤੋਂ ਜਾਣੂ ਕਰਵਾਓਨੇ ਆਂ, ਜਿਸ ਨੂੰ ਸੁਣ ਕੇ ਹਰ ਪੰਜਾਬੀ ਦਾ ਸੀਨਾ ਫ਼ਖ਼ਰ ਨਾਲ ਚੌੜਾ ਹੋ ਜਾਵੇਗਾ।

1960 ਵਿਚ ਜਰਨੈਲ ਸਿੰਘ ਨੂੰ ਫੁੱਟਬਾਲ ਵਿਚ ਏਸ਼ੀਆ ਦੇ ਬਿਹਤਰੀਨ ਡਿਫੈਂਡਰਾਂ ਵਿਚੋਂ ਇਕ ਮੰਨਿਆ ਜਾਂਦਾ ਸੀ। 1966 ਦੇ ਏਸ਼ੀਅਨ ਆਲ ਸਟਾਰ 11 ਵਿਚ ਜਰਨੈਲ ਸਿੰਘ ਦਾ ਨਾਮ ਸ਼ਾਮਲ ਸੀ। ਜਰਨੈਲ ਸਿੰਘ ਦਾ ਜਨਮ ਸੰਨ 1936 ਵਿਚ ਅਣਵੰਡੇ ਪੰਜਾਬ ਦੇ ਲਾਇਲਪੁਰ (ਤਤਕਾਲੀ ਫੈਸਲਾਬਾਦ) ਵਿਚ ਹੋਇਆ ਸੀ, ਪਰ ਭਾਰਤ-ਪਾਕਿਸਤਾਨ ਦੀ 1947 ਵਿੱਚ ਹੋਈ ਵੰਡ ਵੇਲੇ ਕਈ ਪੰਜਾਬੀਆਂ ਵਾਂਗ ਜਰਨੈਲ ਸਿੰਘ ਦੇ ਪਰਿਵਾਰ ਨੂੰ ਵੀ ਉਜਾੜੇ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੜ੍ਹਦੇ ਪੰਜਾਬ ਵਿਚ ਹੁਸ਼ਿਆਰਪੁਰ ਵਿੱਚ ਗੜਸ਼ੰਕਰ ਨੇੜੇ ਪਨਾਮ ਵਿੱਚ ਜ਼ਮੀਨ ਅਲਾਟ ਹੋਈ ਸੀ।

ਇਕ ਜਾਣਕਾਰੀ ਅਨੁਸਾਰ ਜਰਨੈਲ ਨੇ ਮਾਹਿਲਪੁਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਲਈ ਖੇਡਦਿਆਂ ਫੁੱਟਬਾਲ ਖੇਡਣ ਦੇ ਗੁਰ ਹਾਸਲ ਕੀਤੇ। ਉਹ ਕਈ ਕਈ ਘੰਟਿਆਂ ਤੱਕ ਕਿਸੇ ਰੁੱਖ ਨਾਲ ਫੁੱਟਬਾਲ ਨੂੰ ਬੰਨ੍ਹ ਕੇ ਪ੍ਰੈਕਟਿਸ ਕਰਦੇ ਰਹਿੰਦੇ ਸੀ, ਉਸ ਤੋਂ ਸਭ ਤੋਂ ਵੱਡੀ ਖਾਸੀਅਤ ਇਹ ਸੀ ਕਿ ਉਹ ਦੋਵੇਂ ਪੈਰਾਂ ਨਾਲ ਖੇਡ ਸਕਦੇ ਸੀ। ਸੰਨ 1957 ਵਿਚ ਪਹਿਲੀ ਵਾਰ ਜਰਨੈਲ ਸਿੰਘ ਡੀਸੀਐੱਮ ਟਰਾਫੀ ਦੌਰਾਨ ਚਰਚਾ ਵਿੱਚ ਆਏ ਸੀ, ਜਿਸ ਤੋਂ ਬਾਅਦ ਉਹ ਇਸੇ ਸਾਲ ਕਲਕੱਤਾ ਚਲੇ ਗਏ, ਜੋ ਭਾਰਤ ਦੇ ਮੁੱਖ ਫੁੱਟਬਾਲ ਸੈਂਟਰਾਂ ਵਿੱਚੋਂ ਇੱਕ ਸੀ। ਇੱਥੇ ਮਸ਼ਹੂਰ ਫੁੱਟਬਾਲ ਕਲੱਬ ਮੋਹਨ ਬਗਾਨ ਦੇ ਕੋਚ ਅਰੁਣ ਸਿਨਹਾ ਦੀ ਪਾਰਖੂ ਨਜ਼ਰ ਜਰਨੈਲ ਸਿੰਘ ’ਤੇ ਪਈ, ਜਿਨ੍ਹਾਂ ਨੇ ਜਰਨੈਲ ਸਿੰਘ ਨੂੰ ਮੋਹਨ ਬਾਗ਼ਾਨ ਵੱਲੋਂ ਖੇਡਣ ਲਗਾ ਦਿੱਤਾ। ਸੰਨ 1968 ਤੱਕ ਜਰਨੈਲ ਸਿੰਘ ਮੋਹਨ ਬਾਗਾਨ ਦੇ ਲਈ ਖੇਡਦੇ ਰਹੇ।

ਇੱਥੇ ਉਨ੍ਹਾਂ ਨੇ ਕਾਫ਼ੀ ਕੁੱਝ ਸਿੱਖਿਆ। ਫਿਰ ਸੰਨ 1958 ਵਿੱਚ ਜਰਨੈਲ ਸਿੰਘ ਹੁਰਾਂ ਨੇ ਪੰਜਾਬ ਲਈ ਖੇਡਣਾ ਸ਼ੁਰੂ ਕੀਤਾ ਸੀ। ਇਸ ਮਗਰੋਂ ਜਰਨੈਲ ਸਿੰਘ ਪੂਰੀ ਦੁਨੀਆ ’ਤੇ ਛਾ ਗਿਆ। ਉਹ ਪਹਿਲੀ ਵਾਰ ਸੰਨ 1960 ਦੇ ਰੋਮ ਓਲੰਪਿਕਸ ਵਿੱਚ ਭਾਰਤੀ ਟੀਮ ਵੱਲੋਂ ਖੇਡੇ, ਉਸ ਸਮੇਂ ਸਈਦ ਅਬਦੁੱਲ ਰਹੀਮ ਭਾਰਤੀ ਟੀਮ ਦੇ ਕੋਚ ਸਨ। ਇਸ ਸਮੇਂ ਨੂੰ ਭਾਰਤੀ ਫੁੱਟਬਾਲ ਦਾ ਸੁਨਹਿਰਾ ਦੌਰ ਕਿਹਾ ਜਾਂਦਾ ਏ। ਰੋਮ ਓਲੰਪਿਕਸ ਵਿਚ ਭਾਰਤ ਨੇ ਹੰਗਰੀ ਤੇ ਫਰਾਂਸ ਵਰਗੀਆਂ ਟੀਮਾਂ ਨੂੰ ਸਖ਼ਤ ਟੱਕਰ ਦਿੱਤੀ ਅਤੇ ਪੂਰੀ ਦੁਨੀਆ ਵਿਚ ਜਰਨੈਲ ਸਿੰਘ ਦੇ ਡਿਫੈਂਸ ਦੀਆਂ ਤਾਰੀਫ਼ਾਂ ਹੋਈਆਂ।

ਜਰਨੈਲ ਆਪਣੇ ਸਿਰ ’ਤੇ ਹਮੇਸ਼ਾ ਦਸਤਾਰ ਸਜਾ ਕੇ ਰੱਖਦੇ ਸੀ, ਇਸ ਕਰਕੇ ਉਹ ਛੇਤੀ ਹੀ ਸਾਰੇ ਖਿਡਾਰੀਆਂ ਵਿਚੋਂ ਪਛਾਣੇ ਜਾਂਦੇ ਸੀ। ਇਸ ਲਈ ਜਦੋਂ ਵੀ ਟੀਮ ਬੱਸ ਵਿੱਚ ਸਫ਼ਰ ਕਰਦੀ ਸੀ ਤਾਂ ਜਰਨੈਲ ਸਿੰਘ ਬੱਸ ਵਿਚ ਸੀਟਾਂ ਤੋਂ ਹੇਠਾਂ ਬੈਠ ਕੇ ਸਫ਼ਰ ਕਰਦੇ ਸੀ।” ਸੰਨ 1962 ਦੀ ਗੱਲ ਐ ਜਦੋਂ ਚੌਥੀਆਂ ਏਸ਼ੀਆਈ ਖੇਡਾਂ ਇੰਡੋਨੇਸ਼ੀਆ ਵਿਚ ਹੋ ਰਹੀਆਂ ਸਨ। ਇਸ ਦੌਰਾਨ ਕੋਰੀਆਈ ਟੀਮ ਨੇ ਪਹਿਲੇ ਮੈਚ ਵਿੱਚ ਭਾਰਤ ਨੂੰ 2-0 ਨਾਲ ਮਾਤ ਦੇ ਦਿੱਤੀ। ਭਾਰਤ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਲਈ ਅਗਲੇ ਦੋਵੇਂ ਮੈਚ ਜਿੱਤਣੇ ਬੇਹੱਦ ਜ਼ਰੂਰੀ ਸਨ। ਉਸ ਵੇਲੇ ਭਾਰਤ ਨੇ ਥਾਈਲੈਂਡ ਨੂੰ 4-1 ਤੇ ਜਪਾਨ ਨੂੰ 2-0 ਨਾਲ ਹਰਾ ਕੇ ਦੋਵੇਂ ਮੈਚ ਜਿੱਤ ਲਏ ਪਰ ਥਾਈਲੈਂਡ ਦੇ ਨਾਲ ਮੈਚ ਦੌਰਾਨ ਜਰਨੈਲ ਸਿੰਘ ਨੂੰ ਗੰਭੀਰ ਸੱਟ ਵੱਜੀ। ਉਨ੍ਹਾਂ ਦੇ ਸਿਰ ਵਿੱਚ 10 ਟਾਂਕੇ ਲੱਗੇ ਸੀ।

ਸੱਟ ਮਗਰੋਂ ਭਾਰਤ ਪੂਰੇ ਮੈਚ ਵਿੱਚ 10 ਖਿਡਾਰੀਆਂ ਨਾਲ ਖੇਡਿਆ। ਉਸ ਵੇਲੇ ਖਿਡਾਰੀ ਨੂੰ ਸਬਸੀਟਿਊਟ ਕਰਨ ਦਾ ਨਿਯਮ ਨਹੀਂ ਹੁੰਦਾ ਸੀ। ਏਸ਼ੀਆ ਦੇ ਬੇਹਤਰੀਨ ਡਿਫੈਂਡਰਾਂ ਵਿੱਚੋਂ ਇੱਕ ਮੰਨੇ ਜਾਣ ਵਾਲੇ ਜਰਨੈਲ ਸਿੰਘ ਦਾ ਜ਼ਖਮੀ ਹੋਣਾ ਭਾਰਤ ਲਈ ਬਹੁਤ ਵੱਡਾ ਝਟਕਾ ਸੀ। ਸੈਮੀਫਾਈਨਲ ਵਿਚ ਭਾਰਤ ਦਾ ਮੁਕਾਬਲਾ ਵੀਅਤਨਾਮ ਨਾਲ ਸੀ। ਜਰਨੈਲ ਸਿੰਘ ਦੇ ਜ਼ਖਮੀ ਹੋਣ ਕਾਰਨ ਉਨ੍ਹਾਂ ਦੇ ਸਿਰ ’ਤੇ ਪੱਟੀ ਬੰਨ੍ਹੀ ਹੋਈ ਸੀ। ਟੀਮ ਦੇ ਕੋਚ ਰਹੀਮ ਇਹ ਚੰਗੀ ਤਰ੍ਹਾਂ ਜਾਣਦੇ ਸੀ ਕਿ ਜੇਕਰ ਜਰਨੈਲ ਸਿੰਘ ਟੀਮ ਵਿਚ ਆ ਜਾਵੇ ਤਾਂ ਗੱਲ ਬਣ ਜਾਵੇਗੀ, ਉਧਰ ਜਰਨੈਲ ਸਿੰਘ ਤਾਂ ਪਹਿਲਾਂ ਹੀ ਇਹ ਤਾਕ ਰਹੇ ਸੀ ਕਿ ਉਨ੍ਹਾਂ ਨੂੰ ਕੋਈ ਕਹੇ। ਬਸ ਫਿਰ ਕੀ ਸੀ, ਕੋਚ ਦਾ ਫਾਰਮੂਲਾ ਕੰਮ ਕਰ ਗਿਆ ਤੇ ਜਰਨੈਲ ਸਿੰਘ ਨੇ ਮੈਚ ਦਾ ਦੂਜਾ ਗੋਲ ਕੀਤਾ। ਭਾਰਤ ਨੇ 3-2 ਦੇ ਫ਼ਰਕ ਨਾਲ ਮੈਚ ਆਪਣੇ ਨਾਮ ਕਰ ਲਿਆ। ਗਰਾਊਂਡ ’ਚ ਭੰਗੜੇ ਪੈਣ ਲੱਗ ਪਏ।

ਜਰਨੈਲ ਸਿੰਘ ਨਾਲ ਜੁੜਿਆ ਇਕ ਹੋਰ ਕਿੱਸਾ ਸੁਣਾਓਨੇ ਆਂ, ਜਿਸ ਨੂੰ ਸੁਣ ਕੇ ਤੁਹਾਡੇ ਮੂੰਹ ਵਿਚੋਂ ਇਹ ਨਿਕਲੇਗਾ ਕਿ ਬੱਲੇ ਓ ਪੰਜਾਬ ਦਿਆ ਸ਼ੇਰਾ,,, ਦਰਅਸਲ ਇਹ ਏਸ਼ੀਆਈ ਖੇਡਾਂ ਦੇ ਫਾਈਨਲ ਤੋਂ ਇੱਕ ਰਾਤ ਪਹਿਲਾਂ ਦੀ ਗੱਲ ਐ, ਜਦੋਂ ਭਾਵੁਕ ਹੋਏ ਕੋਚ ਨੇ ਟੀਮ ਨੂੰ ਆਖਿਆ ਕਿ ਮੈਨੂੰ ਤੁਹਾਡੇ ਤੋਂ ‘ਸੋਨੇ’ ਦਾ ਤੋਹਫ਼ਾ ਚਾਹੀਦੈ। ਖਿਡਾਰੀਆਂ ਨੇ ਆਪਣੇ ਕੋਚ ਨੂੰ ਕਦੇ ਵੀ ਇੰਨਾ ਭਾਵੁਕ ਨਹੀਂ ਸੀ ਵੇਖਿਆ।

ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਦੱਖਣੀ ਕੋਰੀਆ ਨਾਲ ਸ਼ੁਰੂ ਹੋ ਗਿਆ। ਇੰਡੋਨੇਸ਼ੀਆ ਵਿੱਚ ਭਾਰਤ ਦਾ ਵਿਰੋਧ ਹੋ ਰਿਹਾ ਸੀ। ਪੂਰੇ ਸਟੇਡੀਅਮ ਵਿੱਚ ਬੈਠੇ ਲੋਕ ਦੱਖਣੀ ਕੋਰੀਆ ਦੀ ਹਮਾਇਤ ਕਰ ਰਹੇ ਸੀ। ਸਟੇਡੀਅਮ ਵਿਚ ਮੌਜੂਦ ਇਕ ਲੱਖ ਤੋਂ ਜ਼ਿਆਦਾ ਲੋਕ ਭਾਰਤੀ ਖਿਡਾਰੀਆਂ ਖ਼ਿਲਾਫ਼ ਰੌਲਾ ਪਾ ਰਹੇ ਸੀ। ਕੋਰੀਆਈ ਟੀਮ ਗੋਲ ਕਰਦੀ ਤਾਂ ਆਸਮਾਨ ਪਾੜਵਾਂ ਸ਼ੋਰ ਹੁੰਦਾ ਪਰ ਜਦੋਂ ਭਾਰਤੀ ਟੀਮ ਗੋਲ ਕਰਦੀ ਤਾਂ ਪੂਰੀ ਸ਼ਾਂਤੀ ਹੋ ਜਾਂਦੀ। ਇਸ ਦੌਰਾਨ ਪਾਕਿਸਤਾਨ ਦੀ ਹਾਕੀ ਟੀਮ ਨੇ ਭਾਰਤੀ ਖਿਡਾਰੀਆਂ ਦਾ ਸਾਥ ਦਿੱਤਾ, ਜਿਸ ਨੇ ਭਾਰਤੀ ਖਿਡਾਰੀਆਂ ਦੀ ਹਮਾਇਤ ਕੀਤੀ। ਜਦਕਿ ਹਾਲੇ ਇਕ ਦਿਨ ਪਹਿਲਾਂ ਹੀ ਪਾਕਿਸਤਾਨੀ ਹਾਕੀ ਟੀਮ ਨੇ ਭਾਰਤੀ ਹਾਕੀ ਟੀਮ ਨੂੰ ਫਾਈਨਲ ਵਿੱਚ ਹਰਾਇਆ ਸੀ।

ਬਸ ਫਿਰ ਕੀ ਸੀ,, ਫਾਈਨਲ ਵਿੱਚ ਪਹਿਲਾ ਗੋਲ ਪੀ ਕੇ ਬੈਨਰਜੀ ਨੇ ਦਾਗਿਆ, ਉਨ੍ਹਾਂ ਦੇ ਮਗਰੋਂ ਜਰਨੈਲ ਸਿੰਘ ਨੇ ਗੋਲ ਕਰ ਦਿੱਤਾ ਕੀਤਾ ਪਰ ਭਾਰਤੀ ਟੀਮ ਨੇ ਆਖ਼ਰ ਤੱਕ ਕੋਰੀਆਈ ਟੀਮ ਨੂੰ ਅੱਗੇ ਨਹੀਂ ਨਿਕਲਣ ਦਿੱਤਾ। ਆਖ਼ਰਕਾਰ ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਗੋਲਡ ਜਿੱਤ ਲਿਆ। ਇਸ ਦੌਰਾਨ ਜਰਨੈਲ ਸਿੰਘ ਦੇ ਜ਼ਖਮਾਂ ਤੋਂ ਖੂਨ ਵਹਿਣ ਲੱਗ ਪਿਆ ਪਰ ਦੇਸ਼ ਦਾ ਪੰਜਾਬੀ ਸ਼ੇਰ ਸਟੇਡੀਅਮ ਵਿੱਚ ਭੰਗੜੇ ਪਾਉਣੋਂ ਨਹੀਂ ਹਟਿਆ। ਸੰਨ 1964 ਵਿੱਚ ਜਰਨੈਲ ਸਿੰਘ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਦੱਸ ਦਈਏ ਕਿ ਜਰਨੈਲ ਸਿੰਘ ਸੰਨ 1965-1967 ਤੱਕ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਰਹੇ। ਸੰਨ 1970 ਵਿੱਚ ਉਨ੍ਹਾਂ ਨੇ ਪੰਜਾਬ ਨੇ ਸੰਤੋਸ਼ ਟਰਾਫੀ ਜਿੱਤੀ ਸੀ। ਟੀਮ ਤੋਂ ਸੇਵਾਮੁਕਤ ਹੋਣ ਮਗਰੋਂ ਜਰਨੈਲ ਸਿੰਘ ਸਾਲ 1985-90 ਤੱਕ ਪੰਜਾਬ ਵਿੱਚ ਡਿਪਟੀ ਡਾਇਰੈਕਟਰ ਆਫ ਸਪੋਰਟਸ ਦੇ ਅਹੁਦੇ ’ਤੇ ਰਹੇ ਅਤੇ 1985-90 ਤੱਕ ਉਨ੍ਹਾਂ ਨੇ ਪੰਜਾਬ ਵਿੱਚ ਡਾਇਰੈਕਟਰ ਆਫ ਸਪੋਰਟਸ ਵਜੋਂ ਸੇਵਾਵਾਂ ਨਿਭਾਈਆਂ।

ਜੀਵਨ ਦੇ ਆਖਰੀ ਸਾਲਾਂ ਦੌਰਾਨ ਉਹ ਕੈਨੇਡਾ ਦੇ ਵੈਨਕੂਵਰ ਵਿਚ ਸਨ, ਜਿੱਥੇ 14 ਅਕਤੂਬਰ 2000 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਅੱਜ ਵੀ ਫੁੱਟਬਾਲਰ ਜਰਨੈਲ ਸਿੰਘ ਦੇ ਪ੍ਰੇਰਨਾਦਾਇਕ ਕਿੱਸਿਆਂ ਨੂੰ ਸੁਣ ਕੇ ਹਰ ਪੰਜਾਬੀ ਦਾ ਸੀਨਾ ਫ਼ਖ਼ਰ ਨਾਲ ਚੌੜਾ ਹੋ ਜਾਂਦਾ ਏ।

ਸੋ ਪੰਜਾਬ ਦੇ ਇਸ ਮਹਾਨ ਖਿਡਾਰੀ ਬਾਰੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ  

Tags:    

Similar News