ਸੋਨੂੰ ਸ਼ਾਹ ਕਤਲ ਕਾਂਡ 'ਚ ਲਾਰੈਂਸ ਬਿਸ਼ਨੋਈ ਸਣੇ ਪੰਜ ਬਰੀ

ਸਾਢੇ ਛੇ ਵਰ੍ਹੇ ਪਹਿਲਾਂ ਚੰਡੀਗੜ੍ਹ 'ਚ ਹੋਏ ਸੋਨੂੰ ਸ਼ਾਹ ਕਤਲ ਕਾਂਡ 'ਚ ਜ਼ਿਲ੍ਹਾ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਸਣੇ ਪੰਜ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਚੰਡੀਗੜ੍ਹ ਪੁਲਿਸ ਮੁਲਜ਼ਮਾਂ ਖ਼ਿਲਾਫ਼ ਲੋੜੀਂਦੇ ਸਬੂਤ ਹੀ ਪੇਸ਼ ਨਹੀਂ ਕਰ ਸਕੀ

Update: 2026-02-18 15:20 GMT

ਤਿੰਨ ਸ਼ੂਟਰ ਦੋਸ਼ੀ ਕਰਾਰ, ਸਜ਼ਾ 20 ਫ਼ਰਵਰੀ ਨੂੰ

ਚੰਡੀਗੜ੍ਹ: ਸਾਢੇ ਛੇ ਵਰ੍ਹੇ ਪਹਿਲਾਂ ਚੰਡੀਗੜ੍ਹ 'ਚ ਹੋਏ ਸੋਨੂੰ ਸ਼ਾਹ ਕਤਲ ਕਾਂਡ 'ਚ ਜ਼ਿਲ੍ਹਾ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਸਣੇ ਪੰਜ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਚੰਡੀਗੜ੍ਹ ਪੁਲਿਸ ਮੁਲਜ਼ਮਾਂ ਖ਼ਿਲਾਫ਼ ਲੋੜੀਂਦੇ ਸਬੂਤ ਹੀ ਪੇਸ਼ ਨਹੀਂ ਕਰ ਸਕੀ। ਉਂਝ ਇਸ ਮਾਮਲੇ 'ਚ ਸ਼ਾਮਲ ਤਿੰਨ ਸ਼ੂਟਰਾਂ ਰਾਜਨ, ਸ਼ੁਭਮ ਅਤੇ ਮਨਜੀਤ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਇਨ੍ਹਾਂ ਤਿੰਨਾਂ ਨੂੰ ਸ਼ੁੱਕਰਵਾਰ 20 ਫ਼ਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ।

ਇਹ ਵਾਰਦਾਤ 28 ਸਤੰਬਰ, 2019 ਨੂੰ ਵਾਪਰੀ ਸੀ। ਸੋਨੂੰ ਸ਼ਾਹ ਰੋਜ਼ ਵਾਂਗ ਬੁੜੈਲ 'ਚ ਮੌਜੂਦ ਆਪਣੇ ਦਫ਼ਤਰ ਗਿਆ ਸੀ। ਕੁਝ ਵਿਅਕਤੀ ਅਚਾਨਕ ਉਸ ਨੂੰ ਮਿਲਣ ਦੇ ਬਹਾਨੇ ਦਫ਼ਤਰ ਦੇ ਅੰਦਰ ਗਏ। ਉਨ੍ਹਾਂ ਉਥੇ ਅੰਨ੍ਹੇਵਾਹ ਗੋਲ਼ੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ ਸੀ। ਸੋਨੂੰ ਦੇ ਸਿਰ 'ਚ ਤੇ ਹੋਰ ਕਈ ਥਾਵਾਂ 'ਤੇ ਗੋਲ਼ੀਆਂ ਲੱਗੀਆਂ ਸਨ। ਸੋਨੂੰ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਚੰਡੀਗੜ੍ਹ ਦੇ ਸੈਕਟਰ–32 ਸਥਿਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਪਰ ਉਹ ਉਥੇ ਦਮ ਤੋੜ ਗਿਆ।

ਇਹ ਵਾਰਦਾਤ ਵਾਪਰਨ ਸਮੇਂ ਸੋਨੂੰ ਦਾ ਭਰਾ ਪ੍ਰਵੀਨ ਸ਼ਾਹ ਤਦ ਦਫ਼ਤਰ ਦੇ ਬਾਹਰ ਖਲੋਤਾ ਸੀ। ਇਸ ਤੋਂ ਪਹਿਲਾਂ ਕਿ ਪ੍ਰਵੀਨ ਕੁਝ ਸਮਝ ਸਕਦਾ, ਲੁਟੇਰੇ ਉਥੋਂ ਫ਼ਰਾਰ ਵੀ ਹੋ ਗਏ।

ਪ੍ਰਵੀਨ ਸ਼ਾਹ ਦੀ ਸ਼ਿਕਾਇਤ 'ਤੇ ਹੀ ਪੁਲਿਸ ਕੋਲ਼ ਕੇਸ ਦਰਜ ਹੋਇਆ ਸੀ।

ਫਿਰ ਅਦਾਲਤੀ ਸੁਣਵਾਈਆਂ ਦਾ ਸਿਲਸਿਲਾ ਸ਼ੁਰੂ ਹੋਇਆ। ਇਸ ਮਾਮਲੇ ਦਾ ਚਸ਼ਮਦੀਦ ਗਵਾਹ ਪ੍ਰਵੀਨ ਸ਼ਾਹ ਹੀ ਸੀ। ਉਸ ਨੇ ਹੀ ਅਦਾਲਤ 'ਚ ਤਿੰਨੇ ਸ਼ੂਟਰਾਂ ਦੀ ਸ਼ਨਾਖ਼ਤ ਕੀਤੀ ਸੀ। ਇਸੇ ਲਈ ਤਿੰਨੇ ਸ਼ੂਟਰਾਂ ਖ਼ਿਲਾਫ਼ ਦੋਸ਼ ਵੀ ਸਿੱਧ ਹੋ ਗਏ। ਬਾਕੀ ਦੇ ਮੁਲਜ਼ਮਾਂ ਖ਼ਿਲਾਫ਼ ਪੁਲਿਸ ਕੋਈ ਦੋਸ਼ ਸਿੱਧ ਹੀ ਨਹੀਂ ਕਰ ਸਕੀ।

ਲਾਰੈਂਸ ਬਿਸ਼ਨੋਈ ਦੇ ਨਾਲ਼ ਧਰਮਿੰਦਰ, ਅਭਿਸ਼ੇਕ, ਰਾਜੂ ਬਸੋਦੀ ਤੇ ਦੀਪਕ ਰੰਗਾ ਜਿਹੇ ਗੈਂਗਸਟਰਾਂ 'ਤੇ ਵੀ ਦੋਸ਼ ਲੱਗੇ ਸਨ। ਦੀਪਕ ਰੰਗਾ ਤਾਂ ਕਥਿਤ ਤੌਰ 'ਤੇ ਕਈ ਵਾਰਦਾਤਾਂ 'ਚ ਸ਼ਾਮਲ ਰਿਹਾ ਹੈ। ਚਾਰ ਵਰ੍ਹੇ ਪਹਿਲਾਂ ਮੋਹਾਲ਼ੀ ਸਥਿਤ ਪੰਜਾਬ ਦੇ ਖ਼ੁਫ਼ੀਆ ਵਿਭਾਗ ਦੇ ਮੁੱਖ ਦਫ਼ਤਰ 'ਤੇ ਜਿਹੜਾ ਆਰਪੀਜੀ ਹਮਲਾ ਹੋਇਆ ਸੀ, ਉਸ ਵਿੱਚ ਵੀ ਰੰਗਾ ਦਾ ਨਾਂਅ ਬੋਲਿਆ ਸੀ।

ਧਰਮਿੰਦਰ ਦੇ ਵਕੀਲ ਅਮਿਤ ਖੈਰਵਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਮੁਵੱਕਿਲ ਵਿਰੁੱਧ ਪੁਲਿਸ ਕੋਈ ਸਬੂਤ ਪੇਸ਼ ਹੀ ਨਹੀਂ ਕਰ ਸਕੀ। ਲਾਰੈਂਸ ਬਿਸ਼ਨੋਈ ਵੱਲੋਂ ਐਡਵੋਕੇਟ ਤਰਮਿੰਦਰ ਸਿੰਘ ਅਤੇ ਰਾਜੂ ਬਸੋਦੀ ਵੱਲੋਂ ਅਭੇ ਜੋਸ਼ੀ ਅਦਾਲਤ 'ਚ ਪੇਸ਼ ਹੋਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਲਾਰੈਂਸ ਬਿਸ਼ਨੋਈ ਕਦੇ ਸੋਨੂੰ ਸ਼ਾਹ ਨੂੰ ਜਾਣਦਾ ਹੀ ਨਹੀਂ ਸੀ। ਨਾ ਹੀ ਕਦੇ ਉਹ ਬੁੜੈਲ ਗਿਆ ਸੀ। ਇਸ ਲਈ ਉਸ ਵੱਲੋਂ ਕਤਲ ਦੀ ਸਾਜ਼ਿਸ਼ ਰਚਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।

Tags:    

Similar News