ਫਿਰੋਜ਼ਪੁਰ ਟ੍ਰਿਪਲ ਮਰਡਰ ਦੇ ਦੋਸ਼ੀ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ

ਫਿਰੋਜ਼ਪੁਰ ’ਚ ਬੀਤੇ ਮੰਗਲਵਾਰ ਨੂੰ ਦਿਨ ਦਿਹਾੜੇ ਅਕਾਲਗੜ੍ਹ ਗੁਰਦੁਆਰਾ ਸਾਹਿਬ ਦੇ ਨੇਡੇ ਟ੍ਰਿਪਲ ਮਰਡਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ।;

Update: 2024-09-07 13:54 GMT

ਫਿਰੋਜ਼ਪੁਰ : ਫਿਰੋਜ਼ਪੁਰ ’ਚ ਬੀਤੇ ਮੰਗਲਵਾਰ ਨੂੰ ਦਿਨ ਦਿਹਾੜੇ ਅਕਾਲਗੜ੍ਹ ਗੁਰਦੁਆਰਾ ਸਾਹਿਬ ਦੇ ਨੇਡੇ ਟ੍ਰਿਪਲ ਮਰਡਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ। ਪੰਜਾਬ ਪੁਲਿਸ ਨੇ ਮਹਾਰਾਸ਼ਟਰ ਪੁਲਿਸ ਦੇ ਨਾਲ ਜੁਆਇੰਟ ਅਪਰੇਸ਼ਨ ਕਰਕੇ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਨੂੰ ਹੁਣ ਔਰੰਗਾਬਾਦ ਤੋਂ ਫਿਰੋਜ਼ਪੁਰ ਲਿਆਂਦਾ ਜਾ ਰਿਹਾ ਏ।

ਫਿਰੋਜ਼ਪੁਰ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਐ, ਪੁਲਿਸ ਨੇ ਬੀਤੇ ਦਿਨੀਂ ਅਕਾਲਗੜ੍ਹ ਗੁਰਦੁਆਰਾ ਸਾਹਿਬ ਨੇੜੇ ਤਿੰਨ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੀ ਏਜੀਟੀਐਫ ਨੇ ਮਹਾਰਾਸ਼ਟਰ ਪੁਲਿਸ ਦੇ ਸੀਆਈਏ ਦੇ ਨਾਲ ਤਾਲਮੇਲ ਕਰਕੇ ਮੁਲਜ਼ਮਾਂ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਮੁਲਜ਼ਮ ਚਿੱਟੇ ਰੰਗ ਦੀ ਮਹਾਰਾਸ਼ਟਰ ਨੰਬਰੀ ਇਨੋਵਾ ਗੱਡੀ ਵਿਚ ਬੈਠ ਕੇ ਕਿਤੇ ਜਾ ਰਹੇ ਸੀ।

ਜਾਣਕਾਰੀ ਅਨੁਸਾਰ ਘਟਨਾ ਉਪਰੰਤ ਮੁਲਜ਼ਮਾਂ ਨੂੰ ਲਗਾਤਾਰ ਪੰਜਾਬ ਪੁਲਿਸ ਦੀ ਟੈਕਨੀਕਲ ਟੀਮ ਵੱਲੋਂ ਟ੍ਰੇਸ ਕੀਤਾ ਜਾ ਰਿਹਾ ਸੀ, ਜਿਸ ਦੀ ਸਹੀ ਲੋਕੇਸ਼ਨ ਮਿਲਣ ’ਤੇ ਪੰਜਾਬ ਪੁਲਿਸ ਨੇ ਮਹਾਰਾਸ਼ਟਰ ਪੁਲਿਸ ਨਾਲ ਤਾਲਮੇਲ ਕਰਕੇ ਮੁਲਜ਼ਮਾਂ ਨੂੰ ਔਰੰਗਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ। ਇਹ ਸਾਰੇ ਮੁਲਜ਼ਮ ਬੀਤੇ ਮੰਗਲਵਾਰ ਨੂੰ ਫਿਰੋਜ਼ਪੁਰ ਵਿਖੇ ਦਿਨ ਦਿਹਾੜੇ ਵਾਰਦਾਤ ਕਰਕੇ ਫ਼ਰਾਰ ਹੋ ਗਏ ਸੀ, ਜਿਸ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਦੀ ਕਾਫ਼ੀ ਕਿਰਕਿਰੀ ਹੋ ਰਹੀ ਸੀ। ਇਸ ਦੇ ਨਾਲ ਹੀ ਇਸ ਵਾਰਦਾਤ ਮਗਰੋਂ ਇਲਾਕੇ ਵਿਚ ਵੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਸੀ।

ਗੋਲੀਬਾਰੀ ਦੀ ਇਸ ਘਟਨਾ ਵਿਚ ਫਿਰੋਜ਼ਪੁਰ ਸ਼ਹਿਰ ਦੇ ਕੰਬੋਜ ਨਗਰ ਵਾਸੀ ਅਕਾਸ਼ਦੀਪ, ਦਿਲਦੀਪ ਸਿੰਘ ਅਤੇ ਜਸਪ੍ਰੀਤ ਕੌਰ ਦੀ ਮੌਤ ਹੋ ਗਈ ਸੀ। ਤਿੰਨਾਂ ਦੀ ਪੋਸਟਮਾਰਟਮ ਰਿਪੋਰਟ ਵਿਚ ਲਗਭਗ 50 ਗੋਲੀਆਂ ਲੱਗਣ ਦੇ ਨਿਸ਼ਾਨ ਪਾਏ ਗਏ ਸੀ, ਇਹੀ ਨਹੀਂ, ਕਾਰ ’ਤੇ ਵੱਡੀ ਗਿਣਤੀ ਵਿਚ ਗੋਲੀਆਂ ਦੇ ਨਿਸ਼ਾਨ ਵੀ ਮਿਲੇ ਸੀ। ਤਿੰਨ ਮੌਤਾਂ ਤੋਂ ਇਲਾਵਾ ਇਸ ਘਟਨਾ ਦੌਰਾਨ ਦੋ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਵੀ ਹੋ ਗਏ ਸੀ, ਜਿਨ੍ਹਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਐ।


Tags:    

Similar News