ਕੇਲੇ ਦੀ ਖੇਤੀ ਜ਼ਰੀਏ ਕਿਸਾਨ ਸਤਨਾਮ ਸਿੰਘ ਕਮਾ ਰਿਹੈ ਲੱਖਾਂ ਰੁਪਏ
ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨ ਰਵਾਇਤੀ ਫਸਲਾਂ ਦੇ ਗੇੜ ਵਿੱਚੋਂ ਨਿਕਲਣ ਨੂੰ ਤਿਆਰ ਨਹੀਂ ਲੱਗਦੇ ਪਰ ਗੁਰਦਾਸਪੁਰ ਦਾ ਇੱਕ ਕਿਸਾਨ ਐਸਾ ਵੀ ਹੈ ਜੋ ਆਪਣੀ ਤਿੰਨ ਏਕੜ ਜ਼ਮੀਨ ਵਿੱਚ ਕੇਲੇ ਦੇ ਬਾਗ ਲਗਾ ਕੇ ਲੱਖਾਂ ਰੁਪਏ ਮੁਨਾਫਾ ਕਮਾ ਰਿਹਾ ਹੈ। ਕੇਲੇ ਦਾ ਫਲ ਆਮ ਤੌਰ ’ਤੇ ਯੂਪੀ ਤੇ ਮਹਾਰਾਸ਼ਟਰ ਰਾਜਾਂ ਵਿੱਚੋਂ ਪੰਜਾਬ ਵਿੱਚ ਆਉਂਦਾ ਹੈ
ਗੁਰਦਾਸਪੁਰ : ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨ ਰਵਾਇਤੀ ਫਸਲਾਂ ਦੇ ਗੇੜ ਵਿੱਚੋਂ ਨਿਕਲਣ ਨੂੰ ਤਿਆਰ ਨਹੀਂ ਲੱਗਦੇ ਪਰ ਗੁਰਦਾਸਪੁਰ ਦਾ ਇੱਕ ਕਿਸਾਨ ਐਸਾ ਵੀ ਹੈ ਜੋ ਆਪਣੀ ਤਿੰਨ ਏਕੜ ਜ਼ਮੀਨ ਵਿੱਚ ਕੇਲੇ ਦੇ ਬਾਗ ਲਗਾ ਕੇ ਲੱਖਾਂ ਰੁਪਏ ਮੁਨਾਫਾ ਕਮਾ ਰਿਹਾ ਹੈ। ਕੇਲੇ ਦਾ ਫਲ ਆਮ ਤੌਰ ’ਤੇ ਯੂਪੀ ਤੇ ਮਹਾਰਾਸ਼ਟਰ ਰਾਜਾਂ ਵਿੱਚੋਂ ਪੰਜਾਬ ਵਿੱਚ ਆਉਂਦਾ ਹੈ ਪਰ ਇਸ ਦੀ ਮੰਗ ਕਾਫੀ ਹੋਣ ਕਾਰਨ ਸਤਨਾਮ ਸਿੰਘ ਵੱਲੋਂ ਸ਼ੁਰੂਆਤੀ ਤੌਰ ਤੇ ਆਪਣੇ ਘਰ ਵਿੱਚ ਤਿੰਨ ਚਾਰ ਬੂਟੇ ਕੇਲੇ ਦੇ ਲਗਾਏ ਗਏ।
ਜਦੋਂ ਸਤਨਾਮ ਸਿੰਘ ਸੰਤੁਸ਼ਟ ਹੋ ਗਿਆ ਕਿ ਚੰਗਾ ਫਲ ਪੰਜਾਬ ਵਿੱਚ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਤਾਂ ਉਸਨੇ ਆਪਣੀ ਤਿੰਨ ਏਕੜ ਜਮੀਨ ਵਿੱਚ ਕੇਲੇ ਦੇ ਬੂਟੇ ਲਗਾ ਲਏ। ਹਾਲਾਂਕਿ ਉਸ ਵੇਲੇ ਕੁਝ ਹੋਰ ਕਿਸਾਨਾਂ ਨੇ ਵੀ ਉਸ ਦੇ ਨਾਲ ਆਪਣੀ ਥੋੜ੍ਹੀ ਥੋੜ੍ਹੀ ਜ਼ਮੀਨ ਵਿੱਚ ਕੇਲੇ ਦੇ ਬੂਟੇ ਲਗਾਏ ਪਰ ਸ਼ੁਰੂਆਤੀ ਦੌਰ ਵਿੱਚ ਫਸਲ ਬਾਰੇ ਜਾਣਕਾਰੀ ਨਾ ਹੋਣ ਕਾਰਨ ਕੁਝ ਬੂਟੇ ਖਰਾਬ ਹੋ ਗਏ ਤਾਂ ਉਹ ਹਿੰਮਤ ਛੱਡ ਗਏ ਪਰ ਸਤਨਾਮ ਸਿੰਘ ਨੇ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਕੋਲੋਂ ਸਲਾਹ ਲੈ ਕੇ ਕੇਲੇ ਦੀ ਖੇਤੀ ਜਾਰੀ ਰੱਖੀ। ਅੱਜ ਇਸ ਤੋਂ ਹੋਣ ਵਾਲੇ ਫਾਇਦੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ।
ਸਤਨਾਮ ਸਿੰਘ ਦਾ ਕਹਿਣਾ ਹੈ ਕਿ ਬੇਸ਼ੱਕ ਕੇਲੇ ਦੀ ਖੇਤੀ ਵਿੱਚ ਮਿਹਨਤ ਥੋੜੀ ਜ਼ਿਆਦਾ ਹੈ ਪਰ ਜੇਕਰ ਮੌਸਮ ਸਹੀ ਰਹੇ ਤਾਂ ਇੱਕ ਏਕੜ ਵਿੱਚੋਂ ਪੰਜ ਛੇ ਲੱਖ ਰੁਪਏ ਦਾ ਫ਼ਲ ਪ੍ਰਾਪਤ ਕੀਤਾ ਜਾ ਸਕਦਾ ਹੈ ਜੋ ਰਵਾਇਤੀ ਫ਼ਸਲਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ। ਇਸ ਲਈ ਬਾਕੀ ਕਿਸਾਨਾਂ ਨੂੰ ਵੀ ਇਸ ਵੱਲ ਆਉਣਾ ਚਾਹੀਦਾ ਹੈ। ਸਤਨਾਮ ਸਿੰਘ ਅਨੁਸਾਰ ਜੇ ਕੋਈ ਕਿਸਾਨ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਅਤੇ ਮਦਦ ਇਸ ਬਾਰੇ ਵਿੱਚ ਚਾਹੁੰਦਾ ਹੈ ਤਾਂ ਉਹ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਲਈ ਤਿਆਰ ਹੈ।