ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਤਾ ਗਿਆ ਸਪੱਸ਼ਟੀਕਰਨ ਹੋਇਆ ਜਨਤਕ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਬੰਦ ਲਿਫ਼ਾਫ਼ੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਆਪਣਾ ਸਪੱਸ਼ਟੀਕਰਨ ਦਿੱਤਾ ਸੀ ਜਿਸ ਨੂੰ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰ ਵੱਲੋਂ ਇਸ ਮੁਆਫ਼ੀਨਾਮੇ ਨੂੰ ਜਨਤਕ ਕੀਤਾ ਗਿਆ ਹੈ ।;
ਅੰਮ੍ਰਿਤਸਰ : ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਬਾਗੀ ਧੜੇ ਨੇ 1 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 2007 ਤੋਂ ਅਕਤੂਬਰ 2015 ਤੱਕ ਵਾਪਰੀਆਂ ਘਟਨਾਵਾਂ ਦੇ ਸਬੰਧ ਵਿੱਚ ਦੋਸ਼ੀ ਠਹਿਰਾਇਆ ਸੀ । ਜਿਸ ਦੇ ਮੱਦੇਨਜ਼ਰ 24 ਜੁਲਾਈ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਬੰਦ ਲਿਫ਼ਾਫ਼ੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਆਪਣਾ ਸਪੱਸ਼ਟੀਕਰਨ ਦਿੱਤਾ ਸੀ ਜਿਸ ਨੂੰ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰ ਵੱਲੋਂ ਇਸ ਮੁਆਫ਼ੀਨਾਮੇ ਨੂੰ ਜਨਤਕ ਕੀਤਾ ਗਿਆ ਹੈ ।
ਇਸ ਪੱਤਰ ਨੂੰ ਅੱਜ ਜਨਤਕ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਸੰਗਤ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਬੰਦ ਲਿਫ਼ਾਫ਼ੇ ਦਾ ਸਪੱਸ਼ਟੀਕਰਨ ਜਨਤਕ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਲਦੀ ਹੀ ਪੰਜ ਸਿੰਘ ਸਾਹਿਬਾਨ ਨਾਲ ਮੀਟਿੰਗ ਕਰਕੇ ਇਸ ਸਬੰਧੀ ਆਪਣਾ ਫੈਸਲਾ ਲੈਣਗੇ । ਜਨਤਕ ਕੀਤੇ ਸਪਸ਼ਟੀਕਰਨ 'ਚ ਇਸ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਉਹ ਜਾਣੇ-ਅਣਜਾਣੇ ਵਿਚ ਹੋਈਆਂ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿਚ ਪਾਉਂਦੇ ਹਨ, ਭਾਵੇਂ ਉਹ ਪਰਿਵਾਰ ਕੋਲੋਂ ਹੋਈਆਂ ਜਾਂ ਪਾਰਟੀ ਕੋਲੋਂ । ਇਸ ਵਿਚ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਮੂਹ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ ।
ਇਸ ਜਥੇਬੰਦੀ ਦੀ ਸਥਾਪਨਾ ਵੀ 14 ਦਸੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਈ ਸੀ ਅਤੇ ਸਥਾਪਨਾ ਤੋਂ ਲੈ ਕੇ ਅੱਜ ਤੱਕ ਇਹ ਮਹਾਨ ਜਥੇਬੰਦੀ 10 ਗੁਰੂ ਸਹਿਬਾਨ ਅਤੇ ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੋਂ ਸੇਧ ਲੈ ਕੇ ਸਰਬੱਤ ਦੇ ਭਲੇ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ । ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਅਤੇ ਰਹੇਗਾ । ਇਸ ਮੁਆਫ਼ੀਨਾਮੇ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਅਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਿਖੀ ਚਿੱਠੀ ਨੂੰ ਵੀ ਸ਼ਾਮਲ ਕੀਤਾ ਹੈ ਅਤੇ ਇਸ ਦਾ ਹਵਾਲਾ ਵੀ ਦਿਤਾ ਹੈ । ਜਿਸ ਚ ਉਨ੍ਹਾਂ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਸਾਹਿਬ ਦੇ ਮਨ ਉਪਰ ਉਸ ਵੇਲੇ ਵਾਪਰ ਰਹੀਆਂ ਅਣਕਿਆਸੀਆਂ ਘਟਨਾਵਾਂ ਦਾ ਭਾਰੀ ਬੋਝ ਸੀ ਅਤੇ ਉਨ੍ਹਾਂ ਨੇ ਆਪਣੇ ਮਨ ਦੀ ਵੇਦਨਾ ਤਤਕਾਲੀ ਜਥੇਦਾਰ ਦੇ ਸਨਮੁੱਖ ਭਰੇ ਮਨ ਨਾਲ ਰੱਖੀ ਸੀ । ਸ੍ਰੀ ਅਕਾਲ ਤਖਤ ਸਾਹਿਬ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖ਼ਤ ਹੈ । ਸਮਰੱਥ ਗੁਰੂ ਜਾਣੀ ਜਾਣ ਹਨ ।