ਮਕਬੂਲਪੁਰਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ!

ਅੰਮ੍ਰਿਤਸਰ ਦੇ ਮਕਬੂਲਪੁਰਾ ਵਿਖੇ ਇਕ ਘਰ ਵਿਚ ਬਾਬਾ ਵਡਭਾਗ ਸਿੰਘ ਅਤੇ ਨਾਹਰ ਸਿੰਘ ਅਤੇ ਖ਼ਵਾਜ਼ੇ ਪੀਰ ਦੀਆਂ ਮੂਰਤੀਆਂ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਮਨਮੱਤ ਕੀਤੀ ਜਾ ਰਹੀ ਸੀ ਪਰ ਜਿਵੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਕਮੇਟੀ ਦੀ ਟੀਮ ਮੌਕੇ ’ਤੇ ਪਹੁੰਚ ਗਈ,

Update: 2024-09-02 07:59 GMT

ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਕਬੂਲਪੁਰਾ ਵਿਖੇ ਇਕ ਘਰ ਵਿਚ ਬਾਬਾ ਵਡਭਾਗ ਸਿੰਘ ਅਤੇ ਨਾਹਰ ਸਿੰਘ ਅਤੇ ਖ਼ਵਾਜ਼ੇ ਪੀਰ ਦੀਆਂ ਮੂਰਤੀਆਂ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਮਨਮੱਤ ਕੀਤੀ ਜਾ ਰਹੀ ਸੀ ਪਰ ਜਿਵੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਕਮੇਟੀ ਦੀ ਟੀਮ ਮੌਕੇ ’ਤੇ ਪਹੁੰਚ ਗਈ, ਜਿੱਥੇ ਸਤਿਕਾਰ ਕਮੇਟੀ ਆਗੂਆਂ ਨੇ ਪਰਿਵਾਰ ਸਮੇਤ ਪਾਠੀ ਸਿੰਘ ਨੂੰ ਚੰਗੀ ਝਾੜ ਪਾਈ।

ਅੰਮ੍ਰਿਤਸਰ ਦੇ ਮਕਬੂਲਪੁਰਾ ਵਿਖੇ ਇਕ ਘਰ ਵਿਚ ਵੱਖ ਵੱਖ ਦੇਵੀ ਦੇਵਤਿਆਂ ਤੇ ਪੀਰਾਂ ਦੀਆਂ ਮੂਰਤੀਆਂ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾ ਰਿਹਾ ਸੀ। ਇਹ ਪਾਠ ਸਰਵਨ ਸਿੰਘ ਦੇ ਘਰ ਵਿਚ ਰਖਵਾਇਆ ਗਿਆ ਸੀ, ਜਿਸ ਦੀ ਪਤਨੀ ਰਾਣੀ ਵੱਲੋਂ ਬਾਬਾ ਵਡਭਾਗ ਸਿੰਘ ਦੀ ਗੱਦੀ ਲਗਾਈ ਜਾਂਦੀ ਐ। ਸਤਿਕਾਰ ਕਮੇਟੀ ਦੇ ਆਗੂਆਂ ਨੇ ਮੌਕੇ ’ਤੇ ਪਹੁੰਚ ਕੇ ਵੀਡੀਓਗ੍ਰਾਫ਼ੀ ਕੀਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਮਰਿਆਦਾ ਬਾਰੇ ਜਾਣਕਾਰੀ ਦਿੱਤੀ ਅਤੇ ਪਾਠ ਕਰਨ ਵਾਲੇ ਗ੍ਰੰਥੀ ਕੁਲਦੀਪ ਸਿੰਘ ਨੂੰ ਜਮ ਕੇ ਲਾਹਣਤਾਂ ਪਾਈਆਂ।

ਇਸ ਮੌਕੇ ਗੱਲਬਾਤ ਕਰਦਿਆਂ ਸਤਿਕਾਰ ਕਮੇਟੀ ਦੇ ਆਗੂ ਬਲਵੀਰ ਸਿੰਘ ਮੁੱਛਲ ਨੇ ਆਖਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਥਾਂ ’ਤੇ ਮਨਮੱਤ ਹੋ ਰਹੀ ਐ, ਜਿਸ ਤੋਂ ਬਾਅਦ ਆ ਕੇ ਦੇਖਿਆ ਤਾਂ ਜਾਣਕਾਰੀ ਸਹੀ ਪਾਈ ਗਈ। ਉਨ੍ਹਾਂ ਆਖਿਆ ਕਿ ਮੂਰਤੀਆਂ ਵਾਲੀ ਥਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਸਬੰਧਤ ਪਰਿਵਾਰ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਜਦੋਂ ਇਸ ਸਬੰਧੀ ਪਾਠ ਕਰਨ ਵਾਲੇ ਗ੍ਰੰਥੀ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਖਿਆ ਕਿ ਪਰਿਵਾਰ ਦੇ ਕਹਿਣ ’ਤੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ ਪਰ ਮੇਰੇ ਕੋਲੋਂ ਗ਼ਲਤੀ ਹੋਈ ਐ, ਅੱਗੇ ਤੋਂ ਅਜਿਹਾ ਨਹੀਂ ਹੋਵੇਗਾ।

ਫਿਲਹਾਲ ਪੁਲਿਸ ਵੱਲੋਂ ਸਤਿਕਾਰ ਕਮੇਟੀ ਆਗੂਆਂ ਦੀ ਸ਼ਿਕਾਇਤ ’ਤੇ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਏ।

Tags:    

Similar News