ਸਾਊਦੀ ਅਰਬ ’ਚ ਪੰਜਾਬੀ ਨੌਜਵਾਨ ਨਾਲ ਹੋ ਗਈ ਅਣਹੋਣੀ
ਗੜ੍ਹਸ਼ੰਕਰ ਦੇ ਇਕ ਨੌਜਵਾਨ ਪਰਮਦੀਪ ਸਿੰਘ ਦੀ ਸਾਊਦੀ ਅਰਬ ਵਿਚ ਭੇਦਭਰੇ ਹਾਲਾਤਾਂ ਵਿਚ ਮੌਤ ਹੋਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਐ, ਇਹ ਨੌਜਵਾਨ ਸੱਤ ਮਹੀਨੇ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ ਅਤੇ ਉਥੇ ਡਰਾਇਵਰੀ ਦਾ ਕੰਮ ਕਰਦਾ ਸੀ। ਪਰਮਦੀਪ ਦੇ ਮਾਤਾ ਪਿਤਾ ਦੀ...;
ਗੜ੍ਹਸ਼ੰਕਰ : ਗੜ੍ਹਸ਼ੰਕਰ ਦੇ ਇਕ ਨੌਜਵਾਨ ਪਰਮਦੀਪ ਸਿੰਘ ਦੀ ਸਾਊਦੀ ਅਰਬ ਵਿਚ ਭੇਦਭਰੇ ਹਾਲਾਤਾਂ ਵਿਚ ਮੌਤ ਹੋਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਐ, ਇਹ ਨੌਜਵਾਨ ਸੱਤ ਮਹੀਨੇ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ ਅਤੇ ਉਥੇ ਡਰਾਇਵਰੀ ਦਾ ਕੰਮ ਕਰਦਾ ਸੀ। ਪਰਮਦੀਪ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਐ ਪਰ ਜਿਵੇਂ ਹੀ ਇਹ ਖ਼ਬਰ ਪਿੰਡ ਪੁੱਜੀ ਤਾਂ ਪਰਿਵਾਰਕ ਮੈਂਬਰਾਂ ਸਮੇਤ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।
ਸਾਊਦੀ ਅਰਬ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਗੜ੍ਹਸ਼ੰਕਰ ਦੇ ਪਿੰਡ ਗੋਲੀਆਂ ਦੇ ਰਹਿਣ ਵਾਲੇ ਇਕ 26 ਸਾਲਾਂ ਦੇ ਨੌਜਵਾਨ ਪਰਮਦੀਪ ਸਿੰਘ ਥਿੰਦ ਦੀ ਭੇਦਭਰੇ ਹਾਲਾਤ ਵਿਚ ਮੌਤ ਹੋ ਗਈ। ਪਰਮਦੀਪ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ ਸਾਲ 30 ਨਵੰਬਰ ਨੂੰ ਰੋਜ਼ੀ ਰੋਟੀ ਕਮਾਉਣ ਦੇ ਲਈ ਸਾਊਦੀ ਅਰਬ ਗਿਆ ਸੀ ਅਤੇ ਉਥੇ ਡਰਾਇਵਰੀ ਦਾ ਕੰਮ ਕਰਦਾ ਸੀ ਪਰ ਬੀਤੇ ਦਿਨ ਅਚਾਨਕ ਉਸ ਦੀ ਮੌਤ ਹੋ ਗਈ ਪਰ ਹਾਲੇ ਤੱਕ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਦਰਅਸਲ ਪਰਿਵਾਰ ਨੂੰ ਸਾਊਦੀ ਅਰਬ ਤੋਂ ਕਿਸੇ ਵਿਅਕਤੀ ਤੋਂ ਸੂਚਨਾ ਮਿਲੀ ਸੀ ਕਿ ਪਰਮਦੀਪ ਸਿੰਘ ਦੀ ਮੌਤ ਹੋ ਗਈ ਐ।
ਮ੍ਰਿਤਕ ਨੌਜਵਾਨ ਪਰਮਦੀਪ ਸਿੰਘ ਦੀਆਂ ਭੈਣਾਂ ਨੇ ਆਖਿਆ ਕਿ ਪਰਮਦੀਪ ਸਿੰਘ ਉਨ੍ਹਾਂ ਦੇ ਚਾਚੇ ਦਾ ਲੜਕਾ ਸੀ ਅਤੇ ਕਰੀਬ ਸੱਤ ਮਹੀਨੇ ਪਹਿਲਾਂ ਪਿਛਲੇ ਸਾਲ ਸਾਊਦੀ ਅਰਬ ਗਿਆ ਸੀ। ਉਨ੍ਹਾਂ ਨੂੰ ਵਿਦੇਸ਼ ਤੋਂ ਕਿਸੇ ਦਾ ਫ਼ੋਨ ਆਇਆ ਸੀ, ਜਿਸ ਨੇ ਪਰਮਦੀਪ ਸਿੰਘ ਦੀ ਮੌਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮੰਗ ਕੀਤੀ ਸਰਕਾਰ ਉਨ੍ਹਾਂ ਦੇ ਭਰਾ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਪੰਜਾਬ ਮੰਗਵਾਉਣ ਵਿਚ ਉਨ੍ਹਾਂ ਦੀ ਮਦਦ ਕਰੇ ਤਾਂ ਜੋ ਉਹ ਆਪਣੇ ਹੱਥੀਂ ਉਸ ਦੀਆਂ ਅੰਤਿਮ ਰਸਮਾਂ ਨਿਭਾਅ ਸਕਣ।
ਇਸੇ ਤਰ੍ਹਾਂ ਪਰਮਦੀਪ ਸਿੰਘ ਦੇ ਤਾਇਆ ਅਵਤਾਰ ਸਿੰਘ ਨੇ ਆਖਿਆ ਕਿ ਪਰਮਦੀਪ ਬਹੁਤ ਹੀ ਸਾਊ ਸੁਭਾਅ ਦਾ ਨੌਜਵਾਨ ਸੀ ਅਤੇ ਸਾਊਦੀ ਅਰਬ ਵਿਚ ਡਰਾਇਵਰੀ ਦਾ ਕੰਮ ਕਰਦਾ ਸੀ ਪਰ ਬੀਤੇ ਦਿਨ ਫ਼ੋਨ ’ਤੇ ਉਸ ਦੀ ਮੌਤ ਬਾਰੇ ਖ਼ਬਰ ਮਿਲੀ ਤਾਂ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਐ ਜਦਕਿ ਉਸ ਦੀ ਪਤਨੀ ਵੀ ਉਸ ਦੇ ਜਾਣ ਪਿੱਛੋਂ ਘਰ ਛੱਡ ਕੇ ਚਲੀ ਗਈ ਸੀ, ਉਹ ਇਕੱਲਾ ਹੀ ਸੀ ਅਤੇ ਸਾਡੇ ਨਾਲ ਫ਼ੋਨ ’ਤੇ ਗੱਲਬਾਤ ਕਰਦਾ ਰਹਿੰਦਾ ਸੀ।
ਫਿਲਹਾਲ ਮ੍ਰਿਤਕ ਨੌਜਵਾਨ ਪਰਮਦੀਪ ਸਿੰਘ ਦੇ ਪਰਿਵਾਰ ਵੱਲੋਂ ਉਸ ਦੀ ਮ੍ਰਿਤਕ ਦੇਹ ਪੰਜਾਬ ਮੰਗਵਾਉਣ ਲਈ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਗਈ ਐ ਤਾਂ ਜੋ ਉਹ ਆਪਣੇ ਹੱਥੀਂ ਉਸ ਦਾ ਅੰਤਿਮ ਸਸਕਾਰ ਕਰ ਸਕਣ।