ਕਾਂਗਰਸੀ ਸਾਂਸਦ ਗੁਰਜੀਤ ਔਜਲਾ ਦਾ ਅਜਨਾਲਾ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ

ਲਗਾਤਾਰ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਅਜਨਾਲਾ ਹਲਕੇ ਵਿਚ ਕਈ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ । ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਪਹੁੰਚੇ।

Update: 2025-08-28 09:47 GMT

ਅੰਮ੍ਰਿਤਸਰ, ਕਵਿਤਾ : ਲਗਾਤਾਰ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਅਜਨਾਲਾ ਹਲਕੇ ਵਿਚ ਕਈ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ । ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਬੀਐਸਐਫ ਦੀ ਬੀਓਪੀ ਭੈਣੀਆਂ 'ਤੇ ਖੜ੍ਹ ਕੇ ਦਰਿਆ ਦੇ ਪਾਣੀ ਨਾਲ ਬਣੀ ਗੰਭੀਰ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਬੀਐਸਐਫ ਕਮਾਂਡਰ ਰਾਜੇਸ਼ ਰਾਣਾ ਵੀ ਮੌਜੂਦ ਸਨ।


ਸਾਂਸਦ ਔਜਲਾ ਨੇ ਕਿਹਾ ਕਿ ਦਰਿਆ ਦੇ ਪਾਣੀ ਦਾ ਦਬਾਅ ਕੱਲ੍ਹ ਤੱਕ ਬਹੁਤ ਵਧ ਗਿਆ ਸੀ ਅਤੇ ਅੱਜ ਵੀ ਕਈ ਪਿੰਡਾਂ ਦੀ ਜ਼ਮੀਨ ਪਾਣੀ ਹੇਠ ਹੈ। ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਲਾਕਾ ਸਰਹੱਦ ਨਾਲ ਲੱਗਦਾ ਹੈ, ਜਿਸ ਕਾਰਨ ਲੋਕਾਂ ਦੀ ਜ਼ਮੀਨ ਪਰਲੇ ਪਾਸੇ ਤੱਕ ਪ੍ਰਭਾਵਿਤ ਹੋਈ ਹੈ।

ਔਜਲਾ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਕਾਂਗਰਸ ਪਾਰਟੀ ਵੈਲਫੇਅਰ ਦੇ ਤੌਰ 'ਤੇ ਆਪਣੇ ਪੱਧਰ 'ਤੇ ਵੀ ਮਦਦ ਕਰੇਗੀ। ਸਾਂਸਦ ਨੇ ਕਿਹਾ ਕਿ ਇਹ ਕੁਦਰਤੀ ਆਫ਼ਤ ਹੈ, ਜਿਸ ਉੱਤੇ ਅਫਸੋਸ ਹੀ ਜਤਾਇਆ ਜਾ ਸਕਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕੁਝ ਦਿਨਾਂ ਵਿੱਚ ਹਾਲਾਤ ਕਾਬੂ ਵਿਚ ਆ ਜਾਣ ਤੋਂ ਬਾਅਦ ਤਕਨੀਕੀ ਮਸਲਿਆਂ 'ਤੇ ਵੀ ਚਰਚਾ ਕੀਤੀ ਜਾਵੇਗੀ, ਤਾਂ ਜੋ ਭਵਿੱਖ ਵਿੱਚ ਅਜਿਹੀ ਸਮੱਸਿਆ ਨਾਲ ਨਜਿੱਠਣ ਲਈ ਮਜਬੂਤ ਪ੍ਰਬੰਧ ਕੀਤੇ ਜਾ ਸਕਣ।

ਦੂਜੇ ਪਾਸੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਉੱਤੇ ਹੜ੍ਹ ਤੋਂ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ ਅਤੇ ਇਨ੍ਹਾਂ ਦਾ ਨੋਡਲ ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਨਦੀਪ ਕੌਰ ਨੂੰ ਬਣਾਇਆ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਕੌਰ ਨੇ ਦੱਸਿਆ ਕਿ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਕੈਂਪ ਦਾਣਾ ਮੰਡੀ ਅਜਨਾਲਾ, ਭਲਾ ਪਿੰਡ ਸ਼ੂਗਰ ਮਿੱਲ ਅਤੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਸ਼ੂਆਂ ਲਈ ਦਾਣਾ ਮੰਡੀ ਅਜਨਾਲਾ ਵਿਖੇ ਵੀ ਇਕ ਵਿਸ਼ੇਸ਼ ਰਾਹਤ ਕੈਂਪ ਸਥਾਪਤ ਕੀਤਾ ਗਿਆ ਹੈ, ਜਿਥੇ ਪਸ਼ੂਆਂ ਦੇ ਚਾਰੇ ਦੇ ਪ੍ਰਬੰਧ ਤੋਂ ਇਲਾਵਾ ਵੈਟਰਨਰੀ ਡਾਕਟਰ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ।


ਉਨ੍ਹਾਂ ਕਿਹਾ ਕਿ ਲੋੜਵੰਦ ਵਿਅਕਤੀ ਰਾਹਤ ਕੰਮ ਦਾਣਾ ਮੰਡੀ ਅਜਨਾਲਾ ਦੇ ਹੈਲਪਲਾਈਨ ਨੰਬਰ 8437453157, ਰਾਹਤ ਕੈਂਪ ਭਲਾ ਪਿੰਡ ਸ਼ੂਗਰ ਮਿੱਲ ਦੇ ਹੈਲਪਲਾਈਨ ਨੰਬਰ 7508043152 ਅਤੇ ਰਾਹਤ ਕੈਂਪ ਗੁਰਦੁਆਰਾ ਗੁਰੂ ਕਾ ਬਾਗ ਦੇ ਹੈਲਪਲਾਈਨ ਨੰਬਰ 8264265504 ਉਤੇ ਕਿਸੇ ਵੀ ਮਦਦ ਲਈ ਸੰਪਰਕ ਸਥਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਵੇਲੇ ਉਨ੍ਹਾਂ ਦੀ ਸਹਾਇਤ ਕਰਨ ਲਈ ਹਾਜ਼ਰ ਹੈ। ਕਿਸੇ ਵੀ ਅਣਸੁਖਾਵੀਂ ਸਥਿਤੀ ਵਿਚ ਇਨ੍ਹਾਂ ਹੈਲਪਲਾਈਨ ਨੰਬਰਾਂ ਉਤੇ ਸੰਪਰਕ ਕੀਤਾ ਜਾਵੇ ਤਾਂ ਜੋ ਪ੍ਰਸ਼ਾਸਨ ਉਨ੍ਹਾਂ ਦੀ ਹਰ ਸੰਭਵ ਮਦਦ ਕਰ ਸਕੇ।

Tags:    

Similar News