CM ਦੇ OSD ਨੂੰ ਮਿਲਿਆ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਦਾ ਵਫ਼ਦ

ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਪੰਜਾਬ (ਰਜਿ:) ਦੇ ਆਗੂ ਅੱਜ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਲੈ ਕੇ ਮੁੱਖ ਮੰਤਰੀ ਹਾਊਸ ਪੁੱਜੇ, ਜਿੱਥੇ ਉਨ੍ਹਾਂ ਵੱਲੋਂ ਮਰਦਾਨਾ ਭਾਈਚਾਰੇ ਨਾਲ ਸਬੰਧਤ ਮੰਗਾਂ ਵਾਲਾ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਨਵਰਾਜ ਸਿੰਘ ਬਰਾੜ ਨੂੰ ਸੌਂਪਿਆ।

Update: 2025-07-02 14:56 GMT

ਚੰਡੀਗੜ੍ਹ : ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਪੰਜਾਬ (ਰਜਿ:) ਦੇ ਆਗੂ ਅੱਜ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਲੈ ਕੇ ਮੁੱਖ ਮੰਤਰੀ ਹਾਊਸ ਪੁੱਜੇ, ਜਿੱਥੇ ਉਨ੍ਹਾਂ ਵੱਲੋਂ ਮਰਦਾਨਾ ਭਾਈਚਾਰੇ ਨਾਲ ਸਬੰਧਤ ਮੰਗਾਂ ਵਾਲਾ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਨਵਰਾਜ ਸਿੰਘ ਬਰਾੜ ਨੂੰ ਸੌਂਪਿਆ। ਨਵਰਾਜ ਸਿੰਘ ਬਰਾੜ ਵੱਲੋਂ ਭਾਈਚਾਰੇ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਮਰਦਾਨਾ ਭਾਈਚਾਰੇ ਦੀਆਂ ਮੰਗਾਂ ਮੁੱਖ ਮੰਤਰੀ ਪੰਜਾਬ ਦੇ ਸਨਮੁੱਖ ਰੱਖਣਗੇ ਅਤੇ ਜਲਦ ਹੀ ਮੁੱਖ ਮੰਤਰੀ ਦੇ ਨਾਲ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਦੇ ਵਫ਼ਦ ਦੀ ਮੁਲਾਕਾਤ ਕਰਵਾਉਣਗੇ।


ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਰਹੇ ਭਾਈ ਮਰਦਾਨਾ ਜੀ ਦੇ ਨਾਂਅ ’ਤੇ ਪੰਜਾਬ ਦੇ ਕਿਸੇ ਸ਼ਹਿਰ ਵਿਚ ਭਵਨ ਲਈ ਥਾਂ ਮੁਹੱਈਆ ਕਰਵਾਉਣ ਦਾ ਵੀ ਭਰੋਸਾ ਦਿੱਤਾ ਅਤੇ ਆਖਿਆ ਕਿ ਉਹ ਜਲਦ ਹੀ ਮੁੱਖ ਮੰਤਰੀ ਨੂੰ ਇਸ ਸਬੰਧੀ ਜਾਣੂ ਕਰਵਾਉਣਗੇ। ਸੀਐਮ ਹਾਊਸ ਵਿਖੇ ਪੁੱਜੇ ਵਫ਼ਦ ਵਿਚ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜੀਤ ਖ਼ਾਨ ਗੋਰੀਆ ਤੋਂ ਇਲਾਵਾ ਮਾਸਟਰ ਇਕਬਾਲ ਸਿੰਘ ਸਰਪੰਚ ਸ਼ੇਖ਼ੁਪੁਰਾ, ਅਮਰੀਕ ਸਿੰਘ ਦਭਲਾਣ, ਨੋਸ਼ੀ ਗੋਰੀਆ, ਬੰਟੀ ਘੁਡਾਣੀ, ਤਰਸੇਮ ਸਿੰਘ ਮੌਜੂਦ ਸਨ।

ਦੱਸ ਦਈਏ ਕਿ ਮਰਦਾਨਾ ਭਾਈਚਾਰੇ ਨਾਲ ਸਬੰਧਤ ਆਗੂਆਂ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਐ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਕੀਰਤਨੀਏ ਰਬਾਬੀ ਭਾਈ ਮਰਦਾਨਾ ਜੀ ਦੀ ਸਿੱਖ ਜਗਤ ਵਿਚ ਵੱਡਮੁੱਲੀ ਕੀਰਤਨ ਦੀ ਸੇਵਾ ਨੂੰ ਧਿਆਨ ਵਿਚ ਰੱਖਦੇ ਹੋਏ ਉਹਨਾਂ ਦੇ ਨਾਮ ਦਾ ਇਕ ਵਿਕਾਸ ਭਲਾਈ ਬੋਰਡ ਬਣਾਇਆ ਜਾਵੇ, ਜਿਸ ਵਿਚ ਰਬਾਬੀ ਭਾਈ ਮਰਦਾਨਾ ਜੀ ਦੀ ਬਿਰਾਦਰੀ ਨਾਲ ਸਬੰਧਤ ਗਰੀਬੀ ਰੇਖਾ ਤੋਂ ਹੇਠਲੇ ਪੱਧਰ ’ਤੇ ਰਹਿ ਰਹੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁਕਿਆ ਜਾਵੇ।


ਇਸ ਦੇ ਨਾਲ ਹੀ ਰਬਾਬੀ ਭਾਈ ਮਰਦਾਨਾ ਜੀ ਦੀ ਯਾਦ ਵਿਚ ਪੰਜਾਬ ਦੇ ਕਿਸੇ ਵੀ ਵੱਡੇ ਸ਼ਹਿਰ ਵਿਚ ਰਬਾਬੀ ਭਾਈ ਮਰਦਾਨਾ ਜੀ ਭਵਨ ਉਸਾਰਿਆ ਜਾਵੇ, ਜਿੱਥੋਂ ਭਾਈ ਮਰਦਾਨਾ ਜੀ ਦੇ ਭਾਈਚਾਰੇ ਨਾਲ ਸਬੰਧਤ ਨੌਜਵਾਨ ਬੱਚੇ-ਬੱਚੀਆਂ ਟੈਕਨੀਕਲ, ਕਿੱਤਾ ਮੁਖੀ ਕੋਰਸਾਂ ਜਾਂ ਉੱਚ ਮਿਆਰੀ ਸਿੱਖਿਆ ਦੇ ਨਾਲ-ਨਾਲ ਸੰਗੀਤਕ ਵਿੱਦਿਆ ਪ੍ਰਾਪਤ ਕਰਕੇ ਰੁਜ਼ਗਾਰ ਹਾਸਲ ਕਰ ਸਕਣ। 

Tags:    

Similar News