ਆਪਣੇ ਹੀ ਵਿਧਾਇਕਾਂ ਮੰਤਰੀਆਂ 'ਤੇ ਮਾਨ ਦਾ ਧਾਕੜ ਐਕਸ਼ਨ!
ਸਨਸਨੀਖ਼ੇਜ਼ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਜਾਂ ਸਿਰਫ਼ ਦਿਖਾਵਾ?
ਪੰਜਾਬ ਵਿੱਚ 'ਬਦਲਾਅ' ਦੇ ਨਾਮ 'ਤੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਅੱਜ ਇੱਕ ਅਜੀਬ ਮੋੜ 'ਤੇ ਖੜ੍ਹੀ ਹੈ। ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਭ੍ਰਿਸ਼ਟਾਚਾਰ 'ਤੇ 'ਜ਼ੀਰੋ ਟਾਲਰੈਂਸ' ਦਾ ਦਾਅਵਾ ਕਰਦੇ ਹਨ, ਪਰ ਦੂਜੇ ਪਾਸੇ ਪਾਰਟੀ ਦੇ ਆਪਣੇ ਹੀ ਵਿਧਾਇਕਾਂ ਦੀ ਲੰਬੀ ਕਤਾਰ ਜੇਲ੍ਹ ਦੇ ਚੱਕਰ ਕੱਟ ਰਹੀ ਹੈ। ਪਿਛਲੇ 4 ਸਾਲਾਂ ਵਿੱਚ 7 ਵਿਧਾਇਕ ਗ੍ਰਿਫ਼ਤਾਰ ਹੋ ਚੁੱਕੇ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਨੂੰ ਵੀ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਨਹੀਂ ਦਿਖਾਇਆ ਗਿਆ। ਪਰ ਸਰਕਾਰ ਵੱਲੋਂ ਹਰ ਵਿਧਾਇਕ ਮੰਤਰੀ ਤੇ ਬਣਦੀ ਕਾਨੂੰਨੀ ਕਾਰਵਾਈ ਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਜ਼ਰੂਰ ਕਾਰਵਾਈ ਗਈ ਏ ਜਿਸ ਨੂੰ ਲੈ ਕੇ ਆਮ ਲੋਕਾਂ ਚ ਇਸ ਗੱਲ ਦੀ ਚਰਚਾ ਜ਼ਰੂਰ ਰਹੀ ਏ ਕੇ ਪੰਜਾਬ ਚ ਅਜਿਹਾ ਮੁੱਖ ਮੰਤਰੀ ਜਾ ਅਜਿਹੀ ਸਰਕਾਰ ਪਹਿਲੀ ਵਾਰ ਆਈ ਏ ਜੋ ਆਪਣੇ ਹੀ ਮੰਤਰੀ ਵਿਧਾਇਕਾਂ ਤੇ ਕਾਰਵਾਈ ਕਰ ਰਹੀ ਏ
ਪੰਜਾਬ ਦੀ ਰਾਜਨੀਤੀ ਵਿੱਚ ਸਾਲ 2022 ਤੋਂ ਲੈ ਕੇ 2026 ਤੱਕ ਦਾ ਸਫ਼ਰ ਆਮ ਆਦਮੀ ਪਾਰਟੀ ਲਈ ਵਿਵਾਦਾਂ ਭਰਿਆ ਰਿਹਾ ਹੈ। ਆਓ ਸਿਲਸਿਲੇਵਾਰ ਤਰੀਕੇ ਨਾਲ ਨਜ਼ਰ ਮਾਰਦੇ ਹਾਂ ਉਨ੍ਹਾਂ ਚਿਹਰਿਆਂ 'ਤੇ ਜਿਨ੍ਹਾਂ ਨੇ ਪਾਰਟੀ ਦੀ 'ਕੱਟੜ ਇਮਾਨਦਾਰੀ' ਦੇ ਅਕਸ 'ਤੇ ਸਵਾਲ ਖੜ੍ਹੇ ਕੀਤੇ। ਪਰ ਪਾਰਟੀ ਨੇ ਆਪਣੇ ਆਪ ਨੂੰ ਬਚਾਇਆ ਕਿਵੇਂ
ਆਮ ਆਦਮੀ ਪਾਰਟੀ ਦੀ ਸ਼ੁਰੂਆਤ ਤਾਂ ਧਮਾਕੇਦਾਰ ਰਹੀ, ਪਰ ਦਾਗ਼ ਲੱਗਣ ਵਿੱਚ ਦੇਰ ਨਹੀਂ ਲੱਗੀ। ਸਭ ਤੋਂ ਪਹਿਲਾ ਝਟਕਾ 2022 ਵਿੱਚ ਲੱਗਿਆ ਜਦੋਂ ਖ਼ੁਦ ਮੁੱਖ ਮੰਤਰੀ ਨੇ ਆਪਣੇ ਹੀ ਮੰਤਰੀ 'ਤੇ ਐਕਸ਼ਨ ਲਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੀਰੋ ਟਾਲਰੈਂਸ ਦੀ ਨੀਤੀ ਦੀ ਸ਼ੁਰੂਆਤ ਆਪਣੇ ਹੀ ਮੰਤਰੀ ਤੋਂ ਕੀਤੀ ਨਵੀਂ ਸਰਕਾਰ ਚ ਪਹਿਲੀ ਵਾਰ ਬਣੇ ਨਵੇਂ ਮਾਨਸਾ ਤੋਂ ਵਿਧਾਇਕ ਸਿਹਤ ਮੰਤਰੀ ਵਿਜੇ ਸਿੰਗਲਾ 'ਤੇ ਟੈਂਡਰ ਵਿੱਚ 1% ਕਮਿਸ਼ਨ ਮੰਗਣ ਦੇ ਇਲਜ਼ਾਮ ਲੱਗੇ। ਖ਼ੁਦ ਸੀ ਐੱਮ ਮਾਨ ਨੇ ਉਨ੍ਹਾਂ ਨੂੰ ਬਰਖ਼ਾਸਤ ਕਰ ਕੇ ਗ੍ਰਿਫ਼ਤਾਰ ਕਰਵਾਇਆ। ਪਰ ਅੱਜ ਵੀ ਉਹ ਪਾਰਟੀ ਦਾ ਹਿੱਸਾ ਹਨ।
ਫਿਰ ਅਗਲੇ ਹੀ ਸਾਲ 2023 ਵਿਚ ਆਪ ਵਿਧਾਇਕ ਵਿਜੀਲੈਂਸ ਅਤੇ ED ਦੀ ਰਡਾਰ ਤੇ ਆਉਂਦੇ ਹੋਏ ਨਜ਼ਰ ਆਏ ਜਿਸ ਦੇ ਚੱਲਦਿਆਂ ਕਾਰਵਾਈ ਕਰਦਿਆਂ ਪਹਿਲਾ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿੱਤ ਰਤਨ ਕੋਟਫੱਤਾ ਨੂੰ ਵਿਜੀਲੈਂਸ ਬਿਊਰੋ ਨੇ ਰਿਸ਼ਵਤਖ਼ੋਰੀ ਦੇ ਮਾਮਲੇ ਵਿੱਚ ਦਬੋਚਿਆ। ਫਿਰ ਉਸੇ ਸਾਲ, ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ 'ਤੇ ED ਦੀ ਗਾਜ ਡਿੱਗੀ। 41 ਕਰੋੜ ਦੇ ਬੈਂਕ ਫਰਾਡ ਅਤੇ ਮਨੀ ਲਾਂਡਰਿੰਗ ਦੇ ਗੰਭੀਰ ਇਲਜ਼ਾਮਾਂ ਹੇਠ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਹਾਲਾਂਕਿ ਸਾਲ 2024 ਪੰਜਾਬ ਸਰਕਾਰ ਲਈ ਸੁਖ ਸ਼ਾਂਤੀ ਵਾਲਾ ਰਿਹਾ ਪਰ 2025 ਆਉਂਦੇ-ਆਉਂਦੇ ਪਾਰਟੀ ਦੇ ਅੰਦਰ ਨੈਤਿਕ ਅਤੇ ਕਾਨੂੰਨੀ ਸੰਕਟ ਹੋਰ ਡੂੰਘਾ ਹੋ ਗਿਆ। ਹੁਣ ਗੱਲ ਸਿਰਫ਼ ਪੈਸਿਆਂ ਤੱਕ ਨਹੀਂ ਰਹੀ, ਸਗੋਂ ਅਪਰਾਧਿਕ ਮਾਮਲਿਆਂ ਤੱਕ ਪਹੁੰਚ ਗਈ। ਇੱਕ ਵਾਰ ਫਿਰ ਸਰਕਾਰ ਆਪਣੇ ਵਿਧਾਇਕਾਂ ਕਰ ਕੇ ਚਰਚਾ ਚ ਆਈ ਜਿਸ ਵਿਚ ਮੁੱਦਾ ਬਣੇ ਵਿਧਾਇਕਾਂ ਵੱਲੋਂ ਕੀਤੀ ਜਾ ਰਹੀ ਵਸੂਲੀ ਅਤੇ ਪੁਰਾਣੇ ਕੇਸ ਸਭ ਤੋਂ ਪਹਿਲਾਂ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਫ਼ਰਜ਼ੀ ਨੋਟਿਸ ਦੇ ਕੇ ਰਿਸ਼ਵਤ ਵਸੂਲਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ। ਦੂਜੇ ਪਾਸੇ, ਪੱਟੀ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 2013 ਦੇ ਇੱਕ ਛੇੜਛਾੜ ਮਾਮਲੇ ਵਿੱਚ 4 ਸਾਲ ਦੀ ਕੈਦ ਹੋਣ ਤੋਂ ਬਾਅਦ ਜੇਲ੍ਹ ਜਾਣਾ ਪਿਆ।
ਸਰਕਾਰ ਦਾ ਵਿਧਾਇਕਾਂ ਦੇ ਕਾਰਨਾਮਿਆਂ ਨੇ ਪਿੱਛਾ ਨਹੀਂ ਛੱਡਿਆ ਤੇ ਇਹ ਸਿਲਸਿਲਾ 2025 ਤੋਂ ਅੱਗੇ ਸਾਲ 2026 ਵਿਚ ਸੰਗੀਨ ਜੁਰਮਾਂ ਦੀ ਲਿਸਟ ਬਣ ਕੇ ਸਰਕਾਰ ਸਾਹਮਣੇ ਖੜੇ ਹੋਇਆ ਹਾਲ ਹੀ ਚ ਵਾਪਰੇ ਤਾਜ਼ਾ ਮਾਮਲਿਆਂ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਭ ਤੋਂ ਪਹਿਲਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਇੱਕ ਵੇਅਰ ਹਾਊਸ ਦੇ ਡੀ ਐੱਮ ਗਗਨਦੀਪ ਸਿੰਘ ਰੰਧਾਵਾ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਉੱਥੇ ਹੀ 2 ਸਤੰਬਰ ਤੋਂ ਭਗੌੜਾ ਚੱਲ ਰਹੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਵੀ ਬੀਤੇ ਦਿਨੀਂ ਪਟਿਆਲਾ ਪੁਲਿਸ ਨੇ ਮਹਾਰਾਸ਼ਟਰ ਦੇ ਸ਼ਿਵਪੁਰੀ ਤੋਂ ਗ੍ਰਿਫਤਾਰ ਕਰਲਿਆ ਏ ਦਸ ਦਈਏ ਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ 'ਤੇ ਇੱਕ ਮਹਿਲਾ ਨਾਲ ਜਬਰ-ਜ਼ਿਨਾਹ ਦੇ ਸੰਗੀਨ ਇਲਜ਼ਾਮ ਲੱਗੇ ਹਨ, ਇਸ ਤੋਂ ਇਲਾਵਾ ਧੋਖਾਧੜੀ ਅਤੇ ਅਪਰਾਧਿਕ ਧਮਕੀ ਦੇ ਦੋਸ਼ਾਂ ਤਹਿਤ ਵੀ ਐੱਫ ਆਰ ਆਈ ਦਰਜ ਕੀਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਈ।
ਭ੍ਰਿਸ਼ਟਾਚਾਰ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਤਹਿਤ ਪੰਜਾਬ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਕਾਨੂੰਨ ਦੇ ਹੱਥ ਸਭ ਲਈ ਲੰਬੇ ਹਨ। ਆਪਣੀ ਹੀ ਪਾਰਟੀ ਦੇ ਦਾਗ਼ੀ ਆਗੂਆਂ 'ਤੇ ਐਕਸ਼ਨ ਲੈਣਾ ਦਰਸਾਉਂਦਾ ਹੈ ਕਿ ਸਰਕਾਰ ਪੰਜਾਬ ਦੇ ਹਿਤਾਂ ਲਈ ਕਿੰਨੀ ਗੰਭੀਰ ਹੈ। ਪਰ ਦੂਜੇ ਪਾਸੇ ਜੇਕਰ ਵਿਰੋਧੀ ਧਿਰਾਂ ਦੀ ਗੱਲ ਕੀਤੀ ਜਾਵੇ ਤਾਂ "ਪੰਜਾਬ ਵਿੱਚ 'ਬਦਲਾਅ' ਦੇ ਨਾਅਰੇ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਹੁਣ ਆਪਣੇ ਹੀ ਵਿਧਾਇਕਾਂ ਦੇ ਕਾਰਨਾਮਿਆਂ ਕਾਰਨ ਸਵਾਲਾਂ ਦੇ ਘੇਰੇ ਵਿੱਚ ਹੈ। 2022 ਤੋਂ ਲੈ ਕੇ 2026 ਤੱਕ 7 ਵਿਧਾਇਕ ਅਤੇ ਮੰਤਰੀ ਵੱਖ-ਵੱਖ ਸੰਗੀਨ ਮਾਮਲਿਆਂ ਵਿੱਚ ਗ੍ਰਿਫ਼ਤਾਰ ਹੋ ਚੁੱਕੇ ਹਨ।
ਪਰ ਸਵਾਲ ਇਹ ਹੈ ਕਿ ਕੀ ਕਾਰਵਾਈ ਸਿਰਫ਼ ਗ੍ਰਿਫ਼ਤਾਰੀ ਤੱਕ ਹੀ ਸੀਮਤ ਹੈ? ਇਸ ਬਾਬਤ ਤੁਹਾਡੀ ਕੀ ਰਾਏ ਏ ਜਿੱਥੇ ਇੱਕ ਪਾਸੇ ਵਿਰੋਧੀ ਧਿਰਾਂ ਗ੍ਰਿਫ਼ਤਾਰੀਆਂ ਨੂੰ ਲੈ ਕੇ ਸਵਾਲ ਚੁੱਕ ਰਹੀਆਂ ਹਨ, ਉੱਥੇ ਹੀ ਸਰਕਾਰ ਪੱਖ ਦਾ ਕਹਿਣਾ ਹੈ ਕਿ ਇਹ 'ਅਸਲੀ ਬਦਲਾਅ' ਹੈ। ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਸਰਕਾਰ ਆਪਣੇ ਹੀ ਵਿਧਾਇਕਾਂ ਅਤੇ ਮੰਤਰੀਆਂ ਖ਼ਿਲਾਫ਼ ਇੰਨੀ ਸਖ਼ਤੀ ਨਾਲ ਕਾਰਵਾਈ ਕਰ ਰਹੀ ਹੈ।
ਸੀ ਐੱਮ ਭਗਵੰਤ ਮਾਨ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਜੇਕਰ ਕੋਈ ਗ਼ਲਤ ਕੰਮ ਕਰੇਗਾ, ਤਾਂ ਉਸ ਦੀ ਥਾਂ ਪਾਰਟੀ ਵਿੱਚ ਨਹੀਂ, ਸਗੋਂ ਜੇਲ੍ਹ ਵਿੱਚ ਹੋਵੇਗੀ। ਇੱਕ ਪਾਸੇ ਸਰਕਾਰ ਦੂਜੇ ਪਾਸੇ ਵਿਰੋਧੀਆਂ ਦੇ ਸਵਾਲ ਵੀ ਤਿੱਖੇ ਨੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਵਿਚਾਰ ਕਮੈਂਟਸ ਵਿੱਚ ਜ਼ਰੂਰ ਸਾਂਝੇ ਕਰੋ।" ਜੁੜੇ ਰਹੋ ਹਮਦਰਦ ਟੀਵੀ—ਸਹੀ ਤੇ ਸਟੀਕ ਖ਼ਬਰਾਂ ਦੇ ਲਈ