ਕੋਰ ਕਮੇਟੀ ਦੀ ਮੀਟਿੰਗ ਮਗਰੋਂ ਅਕਾਲੀ ਦਲ ’ਚ ਵਧਿਆ ਕਲੇਸ਼

ਦਰਅਸਲ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਦੀ ਅਗਵਾਈ ਵਿਚ ਸਾਰੇ ਮੈਂਬਰਾਂ ਵੱਲੋਂ ਭਰੋਸਾ ਪ੍ਰਗਟ ਕਰਨ ਅਤੇ ਭਰਵੀਂ ਸ਼ਲਾਘਾ ਕਰਨ ਦੀ ਚਿੱਠੀ ਲਿਖੀ ਗਈ ਸੀ ਪਰ ਹੁਣ ਪਾਰਟੀ ਦੇ ਹੀ ਸੀਨੀਅਰ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ’ਤੇ ਨਵਾਂ ਕਲੇਸ਼ ਖੜ੍ਹਾ ਕਰ ਦਿੱਤਾ ਏ।

Update: 2024-06-16 10:48 GMT

ਚੰਡੀਗੜ੍ਹ : ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿਚ ਅੰਦਰੂਨੀ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸੋਸ਼ਲ ਮੀਡੀਆ ’ਤੇ ਜਿੱਥੇ ਬਾਦਲ ਪਰਿਵਾਰ ਦੇ ਕਰੀਬੀ ਅਤੇ ਪਾਰਟੀ ਦੇ ਸਿਆਸੀ ਸਕੱਤਰ ਚਰਨਜੀਤ ਬਰਾੜ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚਿੱਠੀ ਜਾਰੀ ਕਰਕੇ ਪ੍ਰਧਾਨ ਬਦਲਣ ਦੀ ਮੰਗ ਕੀਤੀ ਜਾ ਚੁੱਕੀ ਐ, ਉਥੇ ਹੀ ਹੁਣ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਏ ਕਿ ਸੁਖਬੀਰ ਦੀ ਲੀਡਰਸ਼ਿਪ ’ਤੇ ਭਰੋਸਾ ਪ੍ਰਗਟ ਕਰਨ ਦੀ ਚਿੱਠੀ ਮੀਡੀਆ ਨੂੰ ਜਾਰੀ ਕਰਨਾ ਗ਼ਲਤ ਐ ਜਦਕਿ ਮੀਟਿੰਗ ਵਿਚ ਅਜਿਹਾ ਕੋਈ ਮਤਾ ਪਾਸ ਨਹੀਂ ਹੋਇਆ।

ਅਕਾਲੀ ਦਲ ਕੋਰ ਕਮੇਟੀ ਦੀ ਪਿਛਲੇ ਦਿਨੀਂ ਹੋਈ ਮੀਟਿੰਗ ਦੀਆਂ ਗੱਲਾਂ ਹੁਣ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ। ਦਰਅਸਲ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਦੀ ਅਗਵਾਈ ਵਿਚ ਸਾਰੇ ਮੈਂਬਰਾਂ ਵੱਲੋਂ ਭਰੋਸਾ ਪ੍ਰਗਟ ਕਰਨ ਅਤੇ ਭਰਵੀਂ ਸ਼ਲਾਘਾ ਕਰਨ ਦੀ ਚਿੱਠੀ ਲਿਖੀ ਗਈ ਸੀ ਪਰ ਹੁਣ ਪਾਰਟੀ ਦੇ ਹੀ ਸੀਨੀਅਰ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ’ਤੇ ਨਵਾਂ ਕਲੇਸ਼ ਖੜ੍ਹਾ ਕਰ ਦਿੱਤਾ ਏ। ਉਨ੍ਹਾਂ ਦਾ ਕਹਿਣਾ ਏ ਕਿ ਮੀਟਿੰਗ ਵਿਚ ਭਰੋਸਾ ਪ੍ਰਗਟ ਕਰਨ ਬਾਰੇ ਕੋਈ ਮਤਾ ਪਾਸ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਸਬੰਧੀ ਕੋਈ ਚਰਚਾ ਹੋਈ ਐ। ਉਨ੍ਹਾਂ ਇਹ ਵੀ ਆਖਿਆ ਕਿ ਕਈ ਹੋਰ ਆਗੂ ਵੀ ਇਸ ’ਤੇ ਇਤਰਾਜ਼ ਪ੍ਰਗਟ ਕਰ ਰਹੇ ਨੇ ਕਿ ਜੋ ਗੱਲ ਮੀਟਿੰਗ ਵਿਚ ਹੋਈ ਹੀ ਨਹੀਂ, ਉਸ ’ਤੇ ਪ੍ਰੈੱਸ ਨੋਟ ਕਿਉਂ ਜਾਰੀ ਕੀਤਾ ਗਿਆ?

ਜਾਣਕਾਰੀ ਅਨੁਸਾਰ ਇਹ ਪਤਾ ਚੱਲਿਆ ਏ ਕਿ ਇਹ ਪ੍ਰੈੱਸ ਨੋਟ ਹਰਚਰਨ ਸਿੰਘ ਬੈਂਸ ਵੱਲੋਂ ਤਿਆਰ ਕੀਤਾ ਗਿਆ ਸੀ। ਚੰਦੂਮਾਜਰਾ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਬਲਦੇਵ ਸਿੰਘ ਮਾਨ ਅਤੇ ਡਾ. ਦਲਜੀਤ ਸਿੰਘ ਚੀਮਾ ਵੱਲੋਂ ਵੀ ਇਸ ਪ੍ਰੈੱਸ ਨੋਟ ’ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਏ। ਇਹ ਵੀ ਜਾਣਕਾਰੀ ਮਿਲੀ ਐ ਕਿ ਕੋਰ ਕਮੇਟੀ ਦੀ ਮੀਟਿੰਗ ਵਿਚ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਬਾਰੇ ਸਿੱਧੇ ਤੌਰ ’ਤੇ ਕੋਈ ਗੱਲ ਨਹੀਂ ਹੋਈ ਪਰ ਝੂੰਦਾ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਠੰਡੇ ਬਸਤੇ ਵਿਚ ਪਾਉਣ ਦੀ ਗੱਲ ਜ਼ਰੂਰ ਹੋਈ ਸੀ।

ਮੀਟਿੰਗ ਵਿਚ ਇਹ ਵੀ ਇਤਰਾਜ਼ ਉਠਾਇਆ ਗਿਆ ਕਿ ਪਾਰਟੀ ਦੋ ਤਿੰਨ ਆਗੂਆਂ ਦੀ ਪਾਰਟੀ ਬਣ ਕੇ ਰਹਿ ਗਈ ਐ। ਇਸ ਤੋਂ ਇਲਾਵਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਬਿਨਾਂ ਕਿਸੇ ਨੋਟਿਸ ਬਰਖ਼ਾਸਤਗੀ ਅਤੇ ਅਜਿਹੇ ਹੀ ਤਰੀਕਿਆਂ ਨਾ ਹੋਰ ਆਗੂਆਂ ਵਿਰੁੱਧ ਕੀਤੀ ਗਈ ਕਾਰਵਾਈ ਦਾ ਮਾਮਲਾ ਵੀ ਮੀਟਿੰਗ ਵਿਚ ਉਠਿਆ। ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਐ ਕਿ ਕੋਰ ਕਮੇਟੀ ਦੀ ਮੀਟਿੰਗ ਵਿਚ ਸੁਖਦੇਵ ਸਿੰਘ ਢੀਂਡਸਾ ਅਤੇ ਸਿਕੰਦਰ ਸਿੰਘ ਮਲੂਕਾ ਵਿਰੁੱਧ ਵੀ ਕਾਰਵਾਈ ਦੀ ਅੰਦਰਖ਼ਾਤੇ ਤਿਆਰੀ ਚੱਲ ਰਹੀ ਸੀ ਪਰ ਪ੍ਰਮੁੱਖ ਆਗੂਆਂ ਦੇ ਰੁਖ਼ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ।

ਇਸ ਮਾਮਲੇ ਨੂੰ ਲੈਕੇ ਹੁਣ ਸੀਨੀਅਰ ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਏ ਕਿ ਪਾਰਟੀ ਵੱਲੋਂ ਬਿਨਾਂ ਸਹਿਮਤੀ ਤੋਂ ਇਹ ਚਿੱਠੀ ਕਿਉਂ ਜਾਰੀ ਕੀਤੀ ਗਈ ਅਤੇ ਮੀਡੀਆ ਨੂੰ ਕਿਉਂ ਦਿੱਤੀ ਗਈ? ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਐ ਪਰ ਜਲਦ ਉਹ ਇਸ ਸਬੰਧੀ ਪਾਰਟੀ ਪ੍ਰਧਾਨ ਨੂੰ ਮਿਲਣਗੇ ਕਿ ਇਸ ਤਰ੍ਹਾਂ ਦੀ ਮਨਮਾਨੀ ਪਾਰਟੀ ਲਈ ਸਹੀ ਨਹੀਂ ਐ।

ਦੱਸ ਦਈਏ ਕਿ ਨਵੀਂ ਗਠਿਤ ਕੀਤੀ ਗਈ ਅਨੁਸਾਸ਼ਨੀ ਕਮੇਟੀ ਨੂੰ ਲੈ ਕੇ ਕਈ ਪ੍ਰਮੁੱਖ ਆਗੂਆਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਐ। ਕੁੱਝ ਆਗੂਆਂ ਦਾ ਕਹਿਣਾ ਏ ਕਿ ਇਸ ਵਿਚ ਸਿਰਫ਼ ਬਾਦਲ ਪਰਿਵਾਰ ਵਫ਼ਾਦਾਰ ਆਗੂ ਹੀ ਸ਼ਾਮਲ ਕੀਤੇ ਗਏ ਨੇ, ਦੂਜੇ ਗਰੁੱਪ ਵਿਚੋਂ ਕੋਈ ਆਗੂ ਸ਼ਾਮਲ ਨਹੀਂ ਕੀਤਾ ਗਿਆ। ਸੋ ਮੌਜੂਦਾ ਸਥਿਤੀ ਨੂੰ ਦੇਖਦਿਆਂ ਇੰਝ ਜਾਪਦਾ ਏ ਕਿ ਆਉਣ ਵਾਲੇ ਦਿਨਾਂ ਵਿਚ ਕੁੱਝ ਵਿਰੋਧੀ ਆਗੂ ਇਕਜੁਟ ਹੋ ਕੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਵੱਡੀ ਚੁਣੌਤੀ ਦੇ ਸਕਦੇ ਨੇ।

Tags:    

Similar News