ਮੁੱਖ ਮੰਤਰੀ ਮਾਨ ਨੇ ਕੁਵੈਤ ਹਾਦਸੇ 'ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੁਵੈਤ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਦੀ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਹਾਦਸੇ ਵਿੱਚ ਕਈ ਭਾਰਤੀਆਂ ਦੀ ਜਾਨ ਚਲੀ ਗਈ।;
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੁਵੈਤ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਦੀ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਹਾਦਸੇ ਵਿੱਚ ਕਈ ਭਾਰਤੀਆਂ ਦੀ ਜਾਨ ਚਲੀ ਗਈ।
ਇੱਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਵਿੱਚ ਦਮ ਘੁੱਟਣ ਕਾਰਨ ਵੱਡੀ ਗਿਣਤੀ ਵਿੱਚ ਭਾਰਤੀਆਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਕਾਰਨ ਕਈ ਕੀਮਤੀ ਜਾਨਾਂ ਚਲੀਆਂ ਗਈਆਂ, ਜਦਕਿ ਕਈ ਜ਼ਖਮੀ ਹੋ ਗਏ। ਭਗਵੰਤ ਸਿੰਘ ਮਾਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਔਖੀ ਘੜੀ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਪੀੜਤ ਪਰਿਵਾਰਾਂ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖਸ਼ਣ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਮੂਹ ਪੰਜਾਬ ਵਾਸੀ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਇਸ ਮੰਦਭਾਗੇ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਵੀ ਕੀਤੀ।
49 ਲੋਕਾਂ ਦੀ ਗਈ ਜਾਨ
ਦਖਣੀ ਕੁਵੈਤ ’ਚ ਮਜ਼ਦੂਰਾਂ ਦੀ ਰਿਹਾਇਸ਼ ਵਾਲੀ ਇਕ ਇਮਾਰਤ ’ਚ ਭਿਆਨਕ ਅੱਗ ਲੱਗਣ ਨਾਲ 49 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚ ਜ਼ਿਆਦਾਤਰ ਭਾਰਤੀ ਹਨ। ਅੱਗ ਲੱਗਣ ਕਾਰਨ 50 ਹੋਰ ਜਣੇ ਜ਼ਖ਼ਮੀ ਵੀ ਦਸੇ ਜਾ ਰਹੇ ਹਨ। ਕੁਵੈਤ ਦੇ ਮੀਡੀਆ ਮੁਤਾਬਕ ਅਲ-ਅਹਿਮਦੀ ਗਵਰਨਰੇਟ ਦੇ ਅਧਿਕਾਰੀਆਂ ਨੂੰ ਸਵੇਰੇ 4:30 ਵਜੇ ਅਲ-ਮੰਗਫ ਇਮਾਰਤ ’ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਅਧਿਕਾਰੀਆਂ ਨੇ ਦਸਿਆ ਕਿ ਅੱਗ ’ਚ ਫਸੇ ਜ਼ਿਆਦਾਤਰ ਲੋਕ ਭਾਰਤੀ ਹਨ ਅਤੇ ਉਨ੍ਹਾਂ ’ਚੋਂ ਜ਼ਿਆਦਾਤਰ ਕੇਰਲ ਦੇ ਹਨ ਜਿਨ੍ਹਾਂ ਦੀ ਉਮਰ 20 ਤੋਂ 50 ਸਾਲ ਵਿਚਕਾਰ ਸੀ। ਜ਼ਿਆਦਾਤਰ ਮੌਤਾਂ ਧੂੰਏਂ ਕਾਰਨ ਦਮ ਘੁਟਣ ਨਾਲ ਹੋਈਆਂ, ਕਿਉਂਕਿ ਉਸ ਸਮੇਂ ਜ਼ਿਆਦਾਤਰ ਮਜ਼ਦੂਰ ਸੌਂ ਰਹੇ ਸਨ। ਅੱਗ ਲੱਗਣ ਦਾ ਕਾਰਨ ਰਸੋਈ ’ਚ ਗੈਸ ਸਿਲੰਡਰ ਦਾ ਫਟਣਾ ਦਸਿਆ ਜਾ ਰਿਹਾ ਹੈ। ਕਾਮਿਆਂ ’ਚੋਂ ਜ਼ਿਆਦਾਤਰ ਕੇਰਲ, ਤਾਮਿਲਨਾਡੂ ਅਤੇ ਉੱਤਰੀ ਸੂਬਿਆਂ ਦੇ ਭਾਰਤੀ ਸਨ। ਇਸ ਕੰਪਨੀ ਦਾ ਪਾਰਟਨਰ ਅਤੇ ਮੈਨੇਜਿੰਗ ਡਾਇਰੈਕਟਰ ਕੇਰਲ ਮੂਲ ਦਾ ਐਨ.ਆਰ.ਆਈ. ਕੇ.ਜੀ. ਅਬਰਾਹਮ ਹੈ ਜੋ ਕੁਵੈਤ ਦੀ ਸਭ ਤੋਂ ਵੱਡੀ ਉਸਾਰੀ ਕੰਪਨੀ ਹੈ। ਕੁਵੈਤ ਦੀ ਆਬਾਦੀ ਦਾ 21 ਫ਼ੀ ਸਦੀ (10 ਲੱਖ) ਅਤੇ ਇਸ ਦੀ ਕਿਰਤ ਸ਼ਕਤੀ ਦਾ 30 ਫ਼ੀ ਸਦੀ (ਲਗਭਗ 9 ਲੱਖ) ਭਾਰਤੀ ਹਨ।