ਅਮਰੀਕੀ ਦੂਤਾਵਾਸ ਦੀ ਸ਼ਿਕਾਇਤ ’ਤੇ 7 ਪੰਜਾਬੀ ਏਜੰਟਾਂ ਵਿਰੁੱਧ ਕੇਸ ਦਰਜ

ਅਮਰੀਕਾ ਦੀ ਅੰਬੈਸੀ ਵੱਲੋਂ ਕੀਤੀ ਗਈ ਇਕ ਸ਼ਿਕਾਇਤ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਯੂਐਸ ਵੀਜ਼ਾ ਬਿਨੈਕਾਰਾਂ ਨੂੰ ਜਾਅਲੀ ਸਟੂਡੈਂਟ ਵੀਜ਼ੇ ਅਤੇ ਬੈਂਕ ਸਟੇਟਮੈਂਟਾਂ ਦੀ ਸਪਲਾਈ ਕਰਨ ਵਾਲੇ ਰੈਕੇਟ ਦੇ ਮਾਮਲੇ ਵਿਚ ਸੱਤ ਇਮੀਗ੍ਰੇਸ਼ਨ ਏਜੰਟਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ।;

Update: 2024-09-18 11:07 GMT

ਲੁਧਿਆਣਾ : ਅਮਰੀਕਾ ਦੀ ਅੰਬੈਸੀ ਵੱਲੋਂ ਕੀਤੀ ਗਈ ਇਕ ਸ਼ਿਕਾਇਤ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਯੂਐਸ ਵੀਜ਼ਾ ਬਿਨੈਕਾਰਾਂ ਨੂੰ ਜਾਅਲੀ ਸਟੂਡੈਂਟ ਵੀਜ਼ੇ ਅਤੇ ਬੈਂਕ ਸਟੇਟਮੈਂਟਾਂ ਦੀ ਸਪਲਾਈ ਕਰਨ ਵਾਲੇ ਰੈਕੇਟ ਦੇ ਮਾਮਲੇ ਵਿਚ ਸੱਤ ਇਮੀਗ੍ਰੇਸ਼ਨ ਏਜੰਟਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਅਨੁਸਾਰ ਮੁਲਜ਼ਮ ਜਾਅਲੀ ਦਸਤਾਵੇਜ਼ ਜਾਰੀ ਕਰਨ ਲਈ ਮੋਟੀ ਰਕਮ ਵਸੂਲ ਕਰਦੇ ਸਨ ਅਤੇ ਬਿਨੈਕਾਰਾਂ ਨੂੰ ਉਨ੍ਹਾਂ ਦੇ ਯੂਐਸ ਵੀਜ਼ਾ ਅਰਜ਼ੀਆਂ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਖਾਤਿਆਂ ਵਿਚ ਵਧੇ ਹੋਏ ਬੈਂਕ ਬੈਲੰਸ ਦਿਖਾਉਣ ਵਿਚ ਸਹਾਇਤਾ ਕਰਦੇ ਸਨ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸੱਤ ਦੇ ਸੱਤ ਮੁਲਜ਼ਮ ਲੁਧਿਆਣਾ ਦੇ ਰਹਿਣ ਵਾਲੇ ਹਨ।

ਇਹ ਮਾਮਲਾ ਵਿਦੇਸ਼ੀ ਅਪਰਾਧਿਕ ਜਾਂਚਕਰਤਾ ਐਰਿਕ ਸੀ ਮੋਲੀਟਰਸ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ। ਇਸ ਸ਼ਿਕਾਇਤ ਤੋਂ ਬਾਅਦ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਦੇ ਆਦੇਸ਼ਾਂ ਹੇਠ ਇਕ ਐਸਆਈਟੀ ਬਣਾਈ ਗਈ ਸੀ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਤੋਂ ਬਾਅਦ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।

ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸੱਤ ਮੁਲਜ਼ਮਾਂ ਵਿਚ ਅਮਨਦੀਪ ਸਿੰਘ ਵਾਸੀ ਪਿੰਡ ਛੱਤ (ਜ਼ੀਰਕਪੁਰ), ਉਸ ਦੀ ਪਤਨੀ ਪੂਨਮ ਰਾਣੀ, ਸੈਂਟਰਲ ਗ੍ਰੀਨ ਲੁਧਿਆਣਾ ਦੇ ਅੰਕੁਰ ਕੋਹਾੜ, ਮੁਹਾਲੀ ਦੇ ਕਮਲਜੋਤ ਕਾਂਸਲ (ਲੁਧਿਆਣਾ ’ਚ ਕੰਸਲਟੈਂਸੀ ਦੇ ਮਾਲਕ), ਬਰਨਾਲਾ ਦੇ ਕੀਰਤੀ ਸੂਦ, ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਦੇ ਅਕਸ਼ੈ ਸ਼ਰਮਾ, ਫਰੈਂਡਜ਼ ਕਲੋਨੀ ਦੇ ਰੋਹਿਤ ਭੱਲਾ ਦੇ ਨਾਮ ਸ਼ਾਮਲ ਹਨ।

ਸ਼ਿਕਾਇਤ ਵਿਚ ਖੁਲਾਸਾ ਹੋਇਆ ਹੈ ਕਿ ਵੀਜ਼ਾ ਸਲਾਹਕਾਰ ਰੈਡ ਲੀਫ ਇਮੀਗ੍ਰੇਸ਼ਨ ਅਤੇ ਓਵਰਸੀਜ਼ ਪਾਰਟਨਰ ਐਜੂਕੇਸ਼ਨ ਕੰਸਲਟੈਂਟ ਧੋਖਾਧੜੀ ਦੇ ਮਾਮਲਿਆਂ ਵਿਚ ਸ਼ਾਮਲ ਸਨ। ਇਨ੍ਹਾਂ ਏਜੰਟਾਂ ’ਤੇ ਅਮਰੀਕੀ ਦੂਤਾਵਾਸ ਅਤੇ ਸਰਕਾਰ ਨੂੰ ਧੋਖਾ ਦੇਣ ਲਈ ਅਮਰੀਕੀ ਵੀਜ਼ਾ ਅਰਜ਼ੀਆਂ ’ਤੇ ਗਲਤ ਜਾਣਕਾਰੀ ਜਮ੍ਹਾਂ ਕਰਵਾਉਣ ਦਾ ਸ਼ੱਕ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

Tags:    

Similar News