ਪੰਜਾਬ 'ਚ ਹਰ ਸਾਲ ਸਾਹਮਣੇ ਆ ਰਹੇ ਕੈਂਸਰ ਦੇ 43196 ਨਵੇਂ ਮਾਮਲੇ, ਪੰਜਾਬ 'ਚ ਕੈਂਸਰ ਰੋਗ ਰੋਜ਼ਾਨਾ ਲੈ ਰਿਹਾ 68 ਜਾਨਾਂ

ਪੰਜਾਬ ਵਿੱਚ ਕੈਂਸਰ ਦੀ ਬਿਮਾਰੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸੰਸਦ 'ਚ ਪੇਸ਼ ਕੀਤੇ ਗਏ ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਕ ਸਾਲ 2025 ਵਿੱਚ ਰਾਜ ਵਿੱਚ ਕੈਂਸਰ ਦੇ 43,196 ਨਵੇਂ ਮਾਮਲੇ ਸਾਹਮਣੇ ਆਏ ਸਨ। ਇਹ ਗਿਣਤੀ 2021 ਵਿੱਚ 39,251 ਤੋਂ ਵਧ ਕੇ ਇਸ ਅੰਕੜੇ ਤੱਕ ਪਹੁੰਚੀ ਹੈ

Update: 2026-03-24 08:38 GMT

 ਸਰੀਰਕ ਗਤੀਵਿਧੀਆਂ ਦੀ ਘਾਟ ਤੇ ਪਾਣੀ ਦਾ ਦੂਸ਼ਣ ਰੋਗ ਦੇ ਕੁਝ ਵੱਡੇ ਕਾਰਣ

ਚੰਡੀਗੜ੍ਹ: ਪੰਜਾਬ ਵਿੱਚ ਕੈਂਸਰ ਦੀ ਬਿਮਾਰੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸੰਸਦ 'ਚ ਪੇਸ਼ ਕੀਤੇ ਗਏ ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਕ ਸਾਲ 2025 ਵਿੱਚ ਰਾਜ ਵਿੱਚ ਕੈਂਸਰ ਦੇ 43,196 ਨਵੇਂ ਮਾਮਲੇ ਸਾਹਮਣੇ ਆਏ ਸਨ। ਇਹ ਗਿਣਤੀ 2021 ਵਿੱਚ 39,251 ਤੋਂ ਵਧ ਕੇ ਇਸ ਅੰਕੜੇ ਤੱਕ ਪਹੁੰਚੀ ਹੈ।

ਕੁੱਲ ਪੀੜਤ ਮਰੀਜ਼ਾਂ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ, ਉਨ੍ਹਾਂ ਦੀ ਗਿਣਤੀ ਇਸ ਤੋਂ ਕਾਫੀ ਜ਼ਿਆਦਾ ਹੋ ਸਕਦੀ ਹੈ। ਕਿਉਂਕਿ ਇੱਕ ਵਾਰ ਡਾਇਗਨੋਜ਼ ਹੋਣ ਤੋਂ ਬਾਅਦ ਇਲਾਜ ਲੰਬਾ ਚੱਲਦਾ ਹੈ।

ਕੈਂਸਰ ਰੋਗੀਆਂ ਦੇ ਇਲਾਜ ਲਈ ਪੰਜਾਬ ਵਿੱਚ ਮੁੱਖ ਹਸਪਤਾਲ ਪੰਜਾਬ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਤਰ੍ਹਾਂ ਦੇ ਉੱਤਮ ਕੈਂਸਰ ਇਲਾਜ ਕੇਂਦਰ ਹਨ। ਮੁੱਖ ਹਸਪਤਾਲ ਇਹ ਹਨ:

1. ਹੋਮੀ ਭਾਭਾ ਕੈਂਸਰ ਹਸਪਤਾਲ ਐਂਡ ਰਿਸਰਚ ਸੈਂਟਰ (ਮੋਹਾਲੀ/ਨਿਊ ਚੰਡੀਗੜ੍ਹ ਅਤੇ ਸੰਗਰੂਰ)। ਇਹ ਹਸਪਤਾਲ ਟਾਟਾ ਮੈਮੋਰੀਅਲ ਸੈਂਟਰ ਨਾਲ ਜੁੜਿਆ ਹੈ। ਇੱਥੇ ਅਤਿ–ਆਧੁਨਿਕ ਰੇਡੀਏਸ਼ਨ, ਕੀਮੋਥੈਰੇਪੀ ਅਤੇ ਸਰਜਰੀ ਦੀਆਂ ਸਹੂਲਤਾਂ ਮੌਜੂਦ ਹਨ।

2. ਪੀਜੀਆਈਐਮਆਰ, ਚੰਡੀਗੜ੍ਹ। ਇਹ ਸਰਕਾਰੀ ਸੰਸਥਾਨ ਹੈ ਅਤੇ ਇੱਥੇ ਵਿਆਪਕ ਖੋਜ ਤੇ ਇਲਾਜ ਦੇ ਪੂਰੇ ਇੰਤਜ਼ਾਮ ਹਨ।।

3. ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਮੋਹਾਲੀ।

4. ਅਮੈਰੀਕਨ ਆਨਕੋਲੌਜੀ ਇੰਸਟੀਚਿਊਟ – ਲੁਧਿਆਣਾ, ਜਲੰਧਰ ਅਤੇ ਹੋਰ ਥਾਵਾਂ ’ਤੇ।

5. ਮੋਹਨਦੇਵੀ ਓਸਵਾਲ ਹਸਪਤਾਲ, ਲੁਧਿਆਣਾ। ਇਹ ਉੱਤਰੀ ਭਾਰਤ ਵਿੱਚ ਇੱਕ ਮੋਹਰੀ ਆਨਕੋਲੌਜੀ ਕੇਂਦਰ ਹੈ।

6. ਫੋਰਟਿਸ ਹਸਪਤਾਲ, ਮੋਹਾਲੀ।

7. ਪਟੇਲ ਹਸਪਤਾਲ, ਜਲੰਧਰ।

ਇਨ੍ਹਾਂ ਵਿੱਚੋਂ ਬਹੁਤਿਆਂ 'ਚ ਆਯੁਸ਼ਮਾਨ ਭਾਰਤ, ਈਸੀਐਚਐੱਸ ਅਤੇ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਵਰਗੀਆਂ ਸਕੀਮਾਂ ਲਾਗੂ ਹਨ, ਜਿਸ ਨਾਲ ਇਲਾਜ ਸਸਤਾ ਹੋ ਜਾਂਦਾ ਹੈ।

ਸਾਲ 2020 ਦੌਰਾਨ ਪੰਜਾਬ 'ਚ ਕੈਂਸਰ ਰੋਗ ਨੇ 22 ਹਜ਼ਾਰ 276 ਜਾਨਾਂ ਲੈ ਲਈਆਂ ਸਨ। ਅਗਲੇ ਵਰ੍ਹੇ 2021 'ਚ ਇਹ ਗਿਣਤੀ ਥੋੜ੍ਹੀ ਵਧ ਕੇ 22,786 ਹੋ ਗਈ। ਸਾਲ 2022 'ਚ 23,301, 2023 'ਚ 23,818, 2024 'ਚ 24,369 ਅਤੇ 2024 'ਚ 24,886 ਮੌਤਾਂ ਹੋਈਆਂ ਸਨ।

ਇਸ ਤੋਂ ਸਾਫ਼ ਹੈ ਕਿ ਸੂਬੇ ਵਿੱਚ ਕੈਂਸਰ ਰੋਗ ਕਾਰਣ ਮੌਤਾਂ ਲਗਾਤਾਰ ਵਧ ਰਹੀਆਂ ਹਨ। ਅੰਕੜਿਆਂ ਮੁਤਾਬਕ ਸਾਲ 2025 ਦੌਰਾਨ ਰੋਜ਼ਾਨਾ ਲਗਭਗ 68 ਮੌਤਾਂ ਹੋ ਰਹੀਆਂ ਹਨ। ਪਿਛਲੇ 6 ਸਾਲਾਂ ਵਿੱਚ ਹੀ ਲਗਭਗ 1.41 ਲੱਖ ਮੌਤਾਂ ਹੋ ਚੁੱਕੀਆਂ ਹਨ। ਇਸ ਲਈ ਪਿਛਲੇ 10 ਸਾਲਾਂ ਵਿੱਚ 2 ਲੱਖ ਤੋਂ ਵੱਧ ਮੌਤਾਂ ਹੋਣ ਦਾ ਅਨੁਮਾਨ ਹੈ।

ਅੰਕੜਿਆਂ ਮੁਤਾਬਕ ਸਾਲ 2021 ਤੋਂ ਲੈ ਕੇ 2025 ਤੱਕ ਪੰਜਾਬ ਵਿੱਚ 13,299 ਔਰਤਾਂ ਦੀ ਮੌਤ ਹੋ ਚੁੱਕੀ ਹੈ। ਜਿਨ੍ਹਾਂ ਵਿੱਚੋਂ 7,186 ਮੌਤਾਂ ਛਾਤੀ ਦੇ ਕੈਂਸਰ ਰੋਗ ਕਾਰਣ, 3,502 ਮੌਤਾਂ ਸਰਵਾਈਕਲ ਦੇ ਕੈਂਸਰ ਕਾਰਣ ਅਤੇ 2,611 ਮੌਤਾਂ ਬੱਚੇਦਾਨੀ ਦੇ ਕੈਂਸਰ ਕਾਰਣ ਹੋਈਆਂ ਹਨ।

ਲੈੱਡ ਭਾਵ ਸਿੱਕਾ, ਆਰਸੈਨਿਕ, ਯੂਰੇਨੀਅਮ, ਕੈਡਮੀਅਮ ਆਦਿ ਜਿਹੀਆਂ ਭਾਰੀ ਧਾਤਾਂ ਅਤੇ ਜ਼ਮੀਨ ਹੇਠਲਾ ਪਾਣੀ ਦੂਸ਼ਿਤ ਕਾਰਣ ਕੈਂਸਰ ਰੋਗ ਵਧਦਾ ਜਾ ਰਿਹਾ ਹੈ। ਪੰਜਾਬ ਦੇ ਮਾਲਵਾ ਖਿੱਤੇ ਵਿੱਚ ਇਹ ਸਮੱਸਿਆ ਬਹੁਤ ਜ਼ਿਆਦਾ ਹੈ।

ਇਸ ਤੋਂ ਇਲਾਵਾ ਹਰੇ ਇਨਕਲਾਬ ਤੋ਼ ਬਾਅਦ ਕੀਟਨਾਸ਼ਕਾਂ ਤੇ ਖਾਦਾਂ ਦੀ ਜ਼ਿਆਦਾ ਵਰਤੋਂ ਕਾਰਣ ਪੰਜਾਬ ਵਿੱਚ ਕੈਂਸਰ ਰੋਗ 'ਚ ਜ਼ਿਆਦਾ ਵਾਧਾ ਵੇਖਿਆ ਗਿਆ ਹੈ। ਇਸ ਤੋਂ ਇਲਾਵਾ ਉਦਯੋਗਿਕ ਪ੍ਰਦੂਸ਼ਣ ਅਤੇ ਦਰਿਆਵਾਂ ਤੇ ਨਾਲ਼ਿਆਂ ਵਿੱਚ ਗੰਧਲਾ ਪਾਣੀ ਵੀ ਵੱਡਾ ਕਾਰਕ ਹੈ।

ਤਮਾਕੂ ਦੀ ਵਧਦੀ ਜਾ ਰਹੀ ਵਰਤੋਂ, ਫ਼ਾਸਟ ਫ਼ੂਡ, ਜ਼ਿਆਦਾਤਰ ਬੈਠੇ ਰਹਿ ਕੇ ਕੰਮ ਕਰਨ ਦੀ ਆਦਤ ਤੇ ਸਰੀਰਕ ਗਤੀਵਿਧੀਆਂ ਦਾ ਖ਼ਤਮ ਹੁੰਦੇ ਜਾਣਾ ਜਿਹੇ ਕਈ ਹੋਰ ਕਾਰਕ ਵੀ ਇਸ ਰੋਗ ਨੂੰ ਨਿੱਤ ਸੱਦਾ ਦੇ ਰਹੇ ਹਨ।

ਪੰਜਾਬ ਹਰਾ ਇਨਕਲਾਬ ਲਿਆਉਂਦਾ–ਲਿਆਉਂਦਾ ਕਦੋਂ ਕੀਟਨਾਸ਼ਕਾਂ ਤੇ ਰਸਾਇਣਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਕਰਨ ਲੱਗ ਪਿਆ, ਇਸ ਦਾ ਪਤਾ ਹੀ ਨਾ ਲੱਗਾ। ਪੰਜਾਬ ਵਿੱਚ ਧਰਤੀ ਹੇਠਲਾ 80 ਫ਼ੀ ਸਦੀ ਪਾਣੀ ਹੁਣ ਦੂਸ਼ਿਤ ਹੈ। ਇਸੇ ਲਈ ਇਸ ਨੂੰ 'ਡਾਰਕ ਜ਼ੋਨ' ਵੀ ਆਖਿਆ ਜਾਂਦਾ ਹੈ।। ਪਾਣੀ ਵਿੱਚ ਭਾਰੀ ਧਾਤਾਂ ਬਹੁਤ ਜ਼ਿਆਦਾ ਪਾਈਆਂ ਜਾ ਰਹੀਆਂ ਹਨ।

ਪਿੰਡਾਂ ਵਿੱਚ ਇਲਾਜ ਦੀਆਂ ਸਹੂਲਤਾਂ ਘੱਟ ਹੋਣ ਕਾਰਣ ਵੀ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਇਸ ਸਮੱਸਿਆ ਦੇ ਹੱਲ ਲਈ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਘਟਾਉਣੀ ਹੋਵੇਗੀ ਅਤੇ ਆਰਗੈਨਿਕ ਖੇਤੀ ਵਧਾਉਣੀ ਹੋਵੇਗੀ।। ਸਾਰਿਆਂ ਲਈ ਪੀਣ ਵਾਲ਼ਾ ਸਾਫ਼ ਪਾਣੀ ਮੁਹੱਈਆ ਕਰਵਾਉਣਾ ਹੋਵੇਗਾ।

ਉਦਯੋਗਾਂ ਤੋਂ ਗੰਦਾ ਪਾਣੀ ਟ੍ਰੀਟ ਕਰਕੇ ਹੀ ਦਰਿਆਵਾਂ ਵਿੱਚ ਵਹਾਉਣਾ ਹੋਵੇਗਾ। ਹਰ ਜ਼ਿਲ੍ਹੇ ਵਿੱਚ ਮੁਫ਼ਤ ਸਕ੍ਰੀਨਿੰਗ ਕੈਂਪ ਲਾਉਣੇ ਹੋਣਗੇ। ਲੋਕਾਂ ਨੂੰ ਤਮਾਕੂ ਛੱਡਣ ਅਤੇ ਸਿਹਤਮੰਦ ਖੁਰਾਕ ਬਾਰੇ ਜਾਗਰੂਕ ਕਰਨਾ ਹੋਵੇਗਾ।

ਰਾਜ ਦੇ ਦਿਹਾਤੀ ਵਿੱਚ ਵਧੀਆ ਇਲਾਜ ਕੇਂਦਰ ਖੋਲ੍ਹਣੇ ਹੋਣਗੇ, ਡਾਕਟਰਾਂ ਦੀ ਘਾਟ ਪੂਰੀ ਕਰਨੀ ਹੋਵੇਗੀ। ਕੈਂਸਰ ਰਾਹਤ ਫੰਡ ਵਧਾਉਣਾ ਹੋਵੇਗਾ। ਪੰਜਾਬ ਸਰਕਾਰ ਅਤੇ ਆਈਸੀਐੱਮਆਰ ਨਾਲ ਮਿਲ ਕੇ ਲੰਬੀ ਯੋਜਨਾ ਬਣਾਉਣੀ ਹੋਵੇਗੀ। ਬੱਚਿਆਂ ਅਤੇ ਨੌਜਵਾਨਾਂ ਵਿੱਚ ਜੀਨੇਟਿਕ ਸਟੱਡੀ ਕਰੋ।

ਲੋਕਾਂ ਨੂੰ ਸੈਰ ਤੇ ਕਸਰਤ ਕਰਨ ਲਈ ਹੱਲਾਸ਼ੇਰੀ ਦੇਣੀ ਹੋਵੇਗੀ। ਆਪਣੀ ਖ਼ੁਰਾਕ ਠੀਕ, ਸੰਤੁਲਿਤ ਤੇ ਪੋਸ਼ਕ ਰੱਖਣ ਲਈ ਉਤਸ਼ਾਹਿਤ ਕਰਨਾ ਹੋਵੇਗਾ।

Tags:    

Similar News