ਕੰਗਣਾ ਦਾ ਕਿਸੇ ਚੰਗੇ ਹਸਪਤਾਲ ’ਚ ਇਲਾਜ ਕਰਾਏ ਭਾਜਪਾ : ਚੀਮਾ
ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸਾਂਸਦ ਕੰਗਣਾ ਰਣੌਤ ਦੇ ਕਿਸਾਨੀ ਅੰਦੋਲਨ ਖ਼ਿਲਾਫ਼ ਦਿੱਤੇ ਗਏ ਵਿਵਾਦਤ ਬਿਆਨ ਤੋਂ ਬਾਅਦ ਵੱਡੀ ਗਿਣਤੀ ਵਿਚ ਪੰਜਾਬ ਦੇ ਲੋਕਾਂ ਵੱਲੋਂ ਕੰਗਣਾ ਦਾ ਵਿਰੋਧ ਕੀਤਾ ਜਾ ਰਿਹਾ ਹੈ।;
ਚੰਡੀਗੜ੍ਹ : ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸਾਂਸਦ ਕੰਗਣਾ ਰਣੌਤ ਦੇ ਕਿਸਾਨੀ ਅੰਦੋਲਨ ਖ਼ਿਲਾਫ਼ ਦਿੱਤੇ ਗਏ ਵਿਵਾਦਤ ਬਿਆਨ ਤੋਂ ਬਾਅਦ ਵੱਡੀ ਗਿਣਤੀ ਵਿਚ ਪੰਜਾਬ ਦੇ ਲੋਕਾਂ ਵੱਲੋਂ ਕੰਗਣਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਕੰਗਣਾ ਦੇ ਬਿਆਨ ਨੂੰ ਬੇਹੱਦ ਮੰਦਭਾਗਾ ਕਰਾਰ ਦਿੰਦਿਆਂ ਭਾਜਪਾ ਨੂੰ ਸਖ਼ਤ ਐਕਸ਼ਨ ਲੈਣ ਦੀ ਅਪੀਲ ਕੀਤੀ ਗਈ ਸੀ। ਹੁਣ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕੰਗਣਾ ’ਤੇ ਨਿਸ਼ਾਨਾ ਸਾਧਿਆ ਗਿਆ ਹੈ।
ਹਰਪਾਲ ਚੀਮਾ ਨੇ ਆਖਿਆ ਕਿ ਕੰਗਣਾ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਲਗਦਾ, ਉਸ ਨੂੰ ਇਲਾਜ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਬਾਰੇ ਮੇਰਾ ਸੁਝਾਅ ਹੈ ਕਿ ਭਾਜਪਾ ਨੂੰ ਉਸ ਦਾ ਕਿਸੇ ਚੰਗੇ ਹਸਪਤਾਲ ਵਿੱਚ ਇਲਾਜ ਕਰਵਾਉਣਾ ਚਾਹੀਦਾ ਹੈ ਕਿਉਂਕਿ ਕੰਗਣਾ ਕਦੇ ਦੇਸ਼ ਦੇ ਕਿਸਾਨਾਂ ਦੇ ਖਿਲਾਫ ਅਤੇ ਕਦੇ ਕਿਸੇ ਖ਼ਾਸ ਵਰਗ ਦੇ ਖ਼ਿਲਾਫ਼ ਬੋਲ ਕੇ ਦੇਸ਼ ਦਾ ਭਾਈਚਾਰਾ ਖ਼ਰਾਬ ਕਰਨ ’ਤੇ ਲੱਗੀ ਹੋਈ ਹੈ।
ਇਸ ਦੇ ਨਾਲ ਹੀ ਹਰਪਾਲ ਚੀਮਾ ਨੇ ਇਹ ਵੀ ਆਖਿਆ ਕਿ ਭਾਜਪਾ ਨੂੰ ਚਾਹੀਦਾ ਹੈ ਕਿ ਉਹ ਕੰਗਣਾ ਨੂੰ ਕਾਬੂ ਵਿਚ ਕਰੇ ਕਿਉਂਕਿ ਉਹ ਕਿਸੇ ਵੀ ਸਮੇਂ ਕਿਸੇ ਵੀ ਤਰ੍ਹਾਂ ਦਾ ਬਿਆਨ ਦੇ ਦਿੰਦੀ ਹੈ। ਇਸ ਲਈ ਉਨ੍ਹਾਂ ਨੂੰ ਇਲਾਜ ਦੀ ਸਖ਼ਤ ਲੋੜ ਹੈ। ਉਨ੍ਹਾਂ ਇੱਥੋਂ ਤੱਕ ਆਖ ਦਿੱਤਾ ਕਿ ਕੰਗਣਾ ਦੇ ਇਲਾਜ ’ਤੇ ਜੋ ਵੀ ਖਰਚਾ ਆਵੇਗਾ, ਉਹ ਭਾਜਪਾ ਵੱਲੋਂ ਚੁੱਕਿਆ ਜਾਵੇਗਾ ਕਿਉਂਕਿ ਭਾਜਪਾ ਕੋਲ ਅਰਬਾਂ ਰੁਪਏ ਦੇ ਫੰਡ ਪਏ ਹੋਏ ਹਨ।