ਭਾਜਪਾ ਆਗੂ ਆਰ. ਪੀ. ਸਿੰਘ ਨੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਕੀਤੀ ਮੰਗ
ਜਿਥੇ ਕਲ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਹੋਣੀ ਹੈ ਓਥੇ ਹੀ ਹੁਣ ਬੰਦੀ ਸਿੰਘ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮੁੱਦਾ ਵੀ ਤੁਲ ਫੜ੍ਹ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਅੱਜ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮੁਲਾਕਾਤ ਕਰਕੇ ਰਹਿਮ ਦੇ ਆਧਾਰ 'ਤੇ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਨਿੱਜੀ ਤੌਰ 'ਤੇ ਅਪੀਲ ਕੀਤੀ।
ਦਿੱਲੀ (ਵਿਵੇਕ ਕੁਮਾਰ): ਜਿਥੇ ਕਲ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਹੋਣੀ ਹੈ ਓਥੇ ਹੀ ਹੁਣ ਬੰਦੀ ਸਿੰਘ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮੁੱਦਾ ਵੀ ਤੁਲ ਫੜ੍ਹ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਅੱਜ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮੁਲਾਕਾਤ ਕਰਕੇ ਰਹਿਮ ਦੇ ਆਧਾਰ 'ਤੇ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਨਿੱਜੀ ਤੌਰ 'ਤੇ ਅਪੀਲ ਕੀਤੀ।
ਆਰ.ਪੀ. ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਸੀਐਮ ਰੇਖਾ ਗੁਪਤਾ ਨਾਲ ਤਸਵੀਰ ਸਾਂਝਾ ਕਰਦੇ ਹੋਏ ਕਿਹਾ ਕੀ ਉਨ੍ਹਾਂ ਦੀ ਬੇਨਤੀ ਸਿਰਫ਼ ਮਾਨਵਤਾਵਾਦੀ ਆਧਾਰਾਂ 'ਤੇ ਕੀਤੀ ਹੈ ਕਿਉਂਕਿ ਦਵਿੰਦਰਪਾਲ ਸਿੰਘ ਭੁੱਲਰ ਪਿਛਲੇ 28 ਸਾਲਾਂ ਤੋਂ ਜੇਲ੍ਹ ਵਿੱਚ ਨੇ ਅਤੇ ਪਿਛਲੇ 14 ਸਾਲਾਂ ਤੋਂ ਮਾਨਸਿਕ ਬਿਮਾਰੀ ਦਾ ਇਲਾਜ ਕਰਵਾ ਰਹੇ ਹਨ। 2014 ਵਿੱਚ ਸੁਪਰੀਮ ਕੋਰਟ ਨੇ ਮਾਮਲੇ ਵਿੱਚ ਬੇਲੋੜੀ ਦੇਰੀ ਅਤੇ ਉਨ੍ਹਾਂ ਦੀ ਗੰਭੀਰ ਸਿਹਤ ਸਥਿਤੀ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ।
ਇਸ ਦੇ ਨਾਲ ਹੀ ਆਰ.ਪੀ. ਸਿੰਘ ਨੇ ਕਿਹਾ ਕਿ ਸਾਲ 2019 ਵਿੱਚ ਕੇਂਦਰ ਸਰਕਾਰ ਵੱਲੋਂ ਉਸਦੀ ਰਿਹਾਈ ਲਈ ਸਹਿਮਤੀ ਦਿੱਤੀ ਗਈ ਸੀ, ਪਰ ਉਸ ਦੇ ਬਾਵਜੂਦ ਭੁੱਲਰ ਅਜੇ ਤੱਕ ਜੇਲ੍ਹ ਵਿੱਚ ਹੀ ਹੈ। ਦਿੱਲੀ ਸੈਂਟੈਂਸ ਰਿਵਿਊ ਬੋਰਡ ਨੇ ਕਈ ਵਾਰ ਉਸਦੀ ਅਰਜ਼ੀ ਰੱਦ ਕੀਤੀ ਹੈ, ਪਰ ਹੁਣ ਹਾਲਾਤਾਂ ਨੂੰ ਦੇਖਦੇ ਹੋਏ ਇਸ ਫੈਸਲੇ ਦੀ ਦੁਬਾਰਾ ਸਮੀਖਿਆ ਕਰਨ ਦੀ ਲੋੜ ਹੈ।
ਆਰ.ਪੀ. ਸਿੰਘ ਨੇ ਕਿਹਾ ਇਹ ਮਾਮਲਾ ਜੁਰਮ ਬਾਰੇ ਨਹੀਂ, ਸਗੋਂ ਰਹਿਮ, ਇਨਸਾਨੀਅਤ ਅਤੇ ਇਕ ਮਾਨਸਿਕ ਤੌਰ 'ਤੇ ਪੀੜਤ ਵਿਅਕਤੀ ਨੂੰ ਜੀਵਨ ਦਾ ਮੌਕਾ ਦੇਣ ਬਾਰੇ ਹੈ। ਉਨ੍ਹਾਂ ਨੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਬੇਨਤੀ ਕੀਤੀ ਕਿ ਉਹ ਇਸ ਮਾਮਲੇ ਵਿੱਚ ਦਖਲ ਦੇਕੇ ਮਨੁੱਖਤਾ ਦੇ ਆਧਾਰ 'ਤੇ ਭੁੱਲਰ ਨੂੰ ਰਾਹਤ ਪ੍ਰਦਾਨ ਕਰਨ।