ਸਾਂਸਦ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਦਾ ਵੱਡਾ ਬਿਆਨ
ਪੰਜਾਬ ਸਰਕਾਰ ਅਤੇ ਸਟੇਟ ਏਜੰਸੀਆਂ ਵੱਲੋਂ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਦੀ ਸ਼ਾਜਿਸ਼ ਵਿੱਚ ਸਾਂਸਦ ਅੰਮ੍ਰਿਤਪਾਲ ਸਿੰਘ ਨੂੰ ਫਸਾਉਣ ਲਈ ਵਰਤੇ ਜਾ ਰਹੇ ਘਟੀਆ ਹੱਥਕੰਡੇ ਉਹਨਾਂ ਦੀ ਰਿਹਾਈ ਵਿੱਚ ਰੁਕਾਵਟਾਂ ਖੜੀਆ ਕਰਨ ਦੀ ਇੱਕ ਗਹਿਰੀ ਚਾਲ ਹੈ। ਇਹ ਬਿਆਨ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਦਿੱਤਾ ਗਿਆ।;
ਅੰਮ੍ਰਿਤਸਰ : ਪੰਜਾਬ ਸਰਕਾਰ ਅਤੇ ਸਟੇਟ ਏਜੰਸੀਆਂ ਵੱਲੋਂ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਦੀ ਸ਼ਾਜਿਸ਼ ਵਿੱਚ ਸਾਂਸਦ ਅੰਮ੍ਰਿਤਪਾਲ ਸਿੰਘ ਨੂੰ ਫਸਾਉਣ ਲਈ ਵਰਤੇ ਜਾ ਰਹੇ ਘਟੀਆ ਹੱਥਕੰਡੇ ਉਹਨਾਂ ਦੀ ਰਿਹਾਈ ਵਿੱਚ ਰੁਕਾਵਟਾਂ ਖੜੀਆ ਕਰਨ ਦੀ ਇੱਕ ਗਹਿਰੀ ਚਾਲ ਹੈ। ਇਹ ਬਿਆਨ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਦਿੱਤਾ ਗਿਆ।
ਉਨ੍ਹਾਂ ਆਖਿਆ ਕਿ ਇਹ ਸਾਜ਼ਿਸ਼ ਉਸੇ ਕੜੀ ਦਾ ਹਿੱਸਾ ਹੈ, ਜਿਸ ਤਹਿਤ ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਕੇਸ ਦੀ ਸੁਣਵਾਈ ਦੌਰਾਨ ਉਹਨਾਂ ਦੀ ਰਿਹਾਈ ਨੂੰ ਮੁੱਖ ਮੰਤਰੀ ਪੰਜਾਬ ਦੀ ਜਾਨ ਨੂੰ ਖਤਰੇ ਵਜੋਂ ਪ੍ਰਗਟਾਇਆ ਸੀ। ਕੱਲ੍ਹ ਪੰਜਾਬ ਪੁਲਿਸ ਦੇ ਮੁਖੀ ਵੱਲੋਂ ਬਿਨਾਂ ਕਿਸੇ ਸਬੂਤ ਤੋਂ ਕੇਵਲ ਸ਼ਰੀਕੇਬਾਜ਼ੀ ਅਤੇ ਨਫ਼ਰਤੀ ਪ੍ਰਵਿਰਤੀਆਂ ਤਹਿਤ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਸ਼ੱਕ ਦੀ ਉਂਗਲ ਭਾਈ ਅੰਮ੍ਰਿਤਪਾਲ ਸਿੰਘ ਵੱਲ ਕਰਕੇ ਸਰਕਾਰ ਦੇ ਸ਼ਾਜਿਸ਼ੀ ਇਰਾਦਿਆ ਦੀ ਹੀ ਪੁਸ਼ਟੀ ਕੀਤੀ ਗਈ ਹੈ।
ਤਰਸੇਮ ਸਿੰਘ ਨੇ ਆਖਿਆ ਕਿ ਅਜਿਹਾ ਕਰਕੇ ਸਰਕਾਰ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਅਕਸ ਨੂੰ ਦਾਗ਼ਦਾਰ ਕਰਨ ਤੋਂ ਇਲਾਵਾ ਸਿੱਖਾਂ ਵਿੱਚ ਭਰਾ ਮਾਰੂ ਜੰਗ ਪੈਦਾ ਕਰਨ ਦੇ ਮਨਸੂਬੇ ਘੜ ਰਹੀ ਹੈ ਪਰ ਸਰਕਾਰ ਦੇ ਇਹਨਾਂ ਜ਼ੁਲਮਾਂ ਅੱਗੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦਾ ਪ੍ਰਵਾਰ ਰੱਤੀ ਭਰ ਵੀ ਨਹੀ ਝੁਕਣਗੇ।
ਸਾਂਸਦ ਦੇ ਪਿਤਾ ਨੇ ਆਖਿਆ ਕਿ ਸਰਕਾਰ ਵੱਲੋਂ ਦਰਜ ਕੀਤੇ ਜਾਣ ਵਾਲੇ ਝੂਠੇ ਕੇਸ ਅਤੇ ਕੇਂਦਰੀ ਏਜੰਸੀਆਂ ਦੀ ਛਾਪੇਮਾਰੀ ਦਾ ਮਕਸਦ ਲੋਕ ਸਭਾ ਚੋਣਾਂ ਦੌਰਾਨ ਪੈਦਾ ਹੋਏ ਸਿਆਸੀ ਉਭਾਰ ਨੂੰ ਦਬਾਉਣ ਲਈ ਇੱਕ ਭੈਅ ਭੀਤ ਕਰਨ ਵਾਲਾ ਮਾਹੌਲ ਸਿਰਜਣਾ ਹੈ। ਸਿੱਖ ਕੌਮ ਨੇ ਇਤਿਹਾਸ ਵਿੱਚ ਅਜਿਹੀਆਂ ਅਨੇਕਾਂ ਜ਼ਾਲਮੀ ਹਕੂਮਤਾਂ ਨਾਲ ਟੱਕਰ ਲਈ ਹੈ ਅਤੇ ਅਸੀਂ ਅੱਜ ਦੇ ਇਹਨਾਂ ਮੀਰ ਮੰਨੂਆਂ ਅਤੇ ਜ਼ਕਰੀਆ ਖਾਨਾਂ ਦਾ ਸਬਰ ਅਤੇ ਹਿੰਮਤ ਨਾਲ ਟਾਕਰਾ ਕਰਾਂਗੇ। ਉਨ੍ਹਾ ਆਖਿਆ ਕਿ ਗੁਰਪ੍ਰੀਤ ਸਿੰਘ ਦਾ ਕਤਲ ਇੱਕ ਬਹੁਤ ਦੁਖਦਾਈ ਘਟਨਾ ਸੀ ਪਰ ਇਸ ਕਤਲ ਨੂੰ ਲੈ ਕੇ ਸਿੱਖਾਂ ਵਿੱਚ ਭਰਾ-ਮਾਰੂ ਜੰਗ ਵਾਲਾ ਮਾਹੌਲ ਪੈਦਾ ਕੀਤੇ ਜਾਣ ਦੀਆਂ ਇਖਲਾਕਹੀਣ ਅਤੇ ਸ਼ਾਜਿਸ਼ੀ ਕੋਸ਼ਿਸ਼ਾਂ ਉਸ ਤੋਂ ਵੀ ਜ਼ਿਆਦਾ ਦੁਖਦਾਈ ਵਰਤਾਰਾ ਹੈ।
ਸਾਂਸਦ ਦੇ ਪਿਤਾ ਤਰਸੇਮ ਸਿੰਘ ਨੇ ਅੱਗੇ ਆਖਿਆ ਕਿ ਸਰਕਾਰ ਅਤੇ ਸਟੇਟ ਏਜੰਸੀਆਂ ਕਤਲ ਦੀ ਘਟਨਾ ਵਾਲੇ ਦਿਨ ਤੋਂ ਹੀ ਪੰਥਕ ਸਫਾਂ ਵਿੱਚ ਬੈਠੇ ਹੋਏ ਅਖੌਤੀ ਪੰਥਕ ਲੀਡਰਾਂ ਰਾਹੀਂ ਇਸ ਕਤਲ ਲਈ ਭਾਈ ਅੰਮ੍ਰਿਤਪਾਲ ਸਿੰਘ ਨੂੰ ਜ਼ਿੰਮੇਵਾਰ ਕਰਾਰ ਦੇਣ ਦਾ ਪ੍ਰਚਾਰ ਕਰਵਾ ਰਹੀਆਂ ਸਨ। ਪੰਥਕ ਸਫਾਂ ਵਿੱਚਲੇ ਸਾਡੇ ਸਿਆਸੀ ਵਿਰੋਧੀਆਂ ਨੇ ਈਰਖਾਵੱਸ ਅਜਿਹੇ ਪ੍ਰਚਾਰ ਨੂੰ ਸ਼ਹਿ ਦੇਣ ਦਾ ਸਿਲਸਿਲਾ ਅਪਣਾਇਆ ਹੋਇਆ ਹੈ ਅਤੇ ਇਸ ਮਸਲੇ ਬਾਰੇ ਅਸੀਂ ਸਿੱਖ ਸੰਗਤਾਂ ਨੂੰ ਵੱਖਰੇ ਤੌਰ ’ਤੇ ਜਾਣੂ ਕਰਵਾਵਾਂਗੇ।
ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਸਾਡੇ ਖਿਲਾਫ਼ ਸਿਰਜੀ ਗਈ ਇਸ ਸ਼ਾਜਿਸ਼ ਵਿੱਚ ਬਹੁਤ ਸ਼ੱਕੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਸਪੀਕਰ ਇਸ ਘਟਨਾ ਨੂੰ ਆਪਣੇ ਸੌੜੇ ਅਤੇ ਘਟੀਆ ਇਰਾਦਿਆਂ ਦੀ ਪੂਰਤੀ ਲਈ ਵਰਤ ਰਹੇ ਹਨ। ਪੰਜਾਬ ਸਰਕਾਰ ਦੀ ਇਹ ਸਿਆਸੀ ਜੋੜੀ ਅੱਸੀਵਿਆਂ ਦੇ ਦਹਾਕੇ ਵਿੱਚ ਦਰਬਾਰਾ ਸਿੰਘ ਅਤੇ ਗਿਆਨੀ ਜ਼ੈਲ ਸਿੰਘ ਵੱਲੋਂ ਨਿਭਾਏ ਗਏ ਖਤਰਨਾਕ ਖੂਨੀ ਖੇਡ ਦੇ ਰਸਤੇ ਉੱਪਰ ਚੱਲ ਰਹੀ ਹੈ। ਇਹ ਦੋਵੇਂ ਆਗੂ ਕੇਂਦਰੀ ਹਾਕਮਾਂ ਅਤੇ ਸਟੇਟ ਏਜੰਸੀਆਂ ਦੇ ਹੱਥ-ਠੋਕੇ ਬਣ ਕੇ ਪੰਜਾਬ ਦੀ ਨੌਜਵਾਨੀ ਨੂੰ ਦੁਬਾਰਾ ਹਿੰਸਾ ਦੇ ਰਸਤੇ ਧੱਕਣ ਵਾਲਾ ਮਾਹੌਲ ਸਿਰਜ ਰਹੇ ਹਨ। ਸੱਤਾ ਦੇ ਨਸ਼ੇ ਵਿੱਚ ਇਹਨਾਂ ਵੱਲੋਂ ਖੇਡੀ ਜਾ ਰਹੀ ਇਹ ਖਤਰਨਾਕ ਖੇਡ ਪੰਜਾਬ ਨੂੰ ਇੱਕ ਵਾਰ ਫਿਰ ਬਰਬਾਦੀ ਦੇ ਰਸਤੇ ਤੋਰ ਸਕਦੀ ਹੈ।
ਉਨ੍ਹਾਂ ਆਖਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਹੁਕਮਰਾਨ ਸਿੱਖਾਂ ਨਾਲ ਜੋ ਚਾਲਾਂ ਖੇਡ ਰਹੇ ਹਨ,ਉਸਦੀ ਦੇਸ਼ ਨੂੰ ਭਵਿੱਖ ਵਿੱਚ ਵੱਡੀ ਕੀਮਤ ਤਾਰਨੀਪਵੇਗੀ। ਇਹ ਸਿਆਸੀ ਆਗੂ ਬੀਤੇ ਦਹਾਕਿਆਂ ਦੀਆਂ ਘਟਨਾਵਾਂ ਤੋਂ ਸਬਕ ਸਿੱਖਣ ਦੀ ਬਜਾਏ, ਸਿੱਖਾਂ ਖਿਲਾਫ ਬੀਤੇ ਸਮੇਂ ਵਾਂਗ ਹੀ ਜ਼ੁਲਮ ਅਤੇ ਬੇਇਨਸਾਫ਼ੀ ਵਾਲੀਆਂ ਨੀਤੀਆਂ ਅਪਨਾ ਰਹੇ ਹਨ। ਦੇਸ਼ ਦਾ ਨਫਰਤੀ ਮੀਡੀਆ ਸਿੱਖਾਂ ਦੇ ਅਕਸ ਨੂੰ ਸ਼ਾਜਿਸ਼ੀ ਢੰਗ ਨਾਲ ਵਿਗਾੜ ਕੇ ਪੇਸ਼ ਕਰਦਾ ਅਤੇ ਹਿੰਸਾ ਦੀਆਂ ਘਟਨਾਵਾਂ ਨੂੰ ਬਗੈਰ ਕਿਸੇ ਠੋਸ ਤੱਥਾਂ ਦੇ ਸਿੱਖਾਂ ਨਾਲ ਜੋੜ ਕੇ ਪੂਰੀ ਕੌਮ ਦੇ ਅਕਸ ਨੂੰ ਵਿਗਾੜਣ ਦੀ ਫਿਰਕੂ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਉਨ੍ਹਾਂ ਆਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਕੇਸ ਵੀ ਸਰਕਾਰੀ ਸ਼ਾਜਿਸ਼ਾਂ ਦੀ ਉਸ ਵੱਡੀ ਲੜੀ ਦਾ ਹਿੱਸਾ ਹੈ। 29 ਸਤੰਬਰ 2024 ਨੂੰ ਜਦੋਂ ਤੋਂ ਨਵੀਂ ਪਾਰਟੀ ਬਣਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰੀ ਗਈ, ਉਸੇ ਦਿਨ ਤੋਂ ਵਾਰਿਸ ਪੰਜਾਬ ਦੀ ਜਥੇਬੰਦੀ ਬਾਰੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਪੰਜਾਬ ਸਰਕਾਰ ਨੇ ਸਾਜਿਸ਼ਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਪੰਜਾਬ ਦੀ ਨਵੀਂ ਖੇਤਰੀ ਪਾਰਟੀ ਨੂੰ ਬਣਨ ਤੋਂ ਰੋਕਿਆ ਜਾਵੇ।
ਉਨ੍ਹਾਂ ਆਖਿਆ ਕਿ ਅਸੀਂ ਮੰਗ ਕਰਦੇ ਹਾਂ ਕਿ ਇਸ ਦੀ ਨਿਰਪੱਖ ਜਾਂਚ ਮਾਣਯੋਗ ਹਾਈਕੋਰਟ ਦੇ ਮੌਜੂਦਾ ਜੱਜ ਸਾਹਿਬਾਨ ਤੋਂ ਕਰਵਾਈ ਜਾਵੇ। ਪਰਿਵਾਰ ਵੱਲੋਂ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਪਰਿਵਾਰ ਦਾ ਕੋਈ ਜਾਨੀ-ਮਾਲੀ ਨੁਕਸਾਨ ਕੀਤਾ ਜਾ ਸਕਦਾ ਹੈ ਅਤੇ ਇਸ ਦੀ ਸਿੱਧੀ-ਸਿੱਧੀ ਜ਼ਿੰਮੇਵਾਰੀ ਡੀਜੀਪੀ ਪੰਜਾਬ ਅਤੇ ਪੰਜਾਬ ਸਰਕਾਰ ਦੀ ਹੋਵੇਗੀ।