ਹਰਸਿਮਰਤ ਬਾਦਲ ਵੱਲੋਂ ਜਿੱਤ ਦੇ ਜਸ਼ਨ ਨਾਂ ਮਨਾਉਣ ਦੀ ਅਪੀਲ
ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਜੂਨ 1984 ਵਿੱਚ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੇ ਗਏ ਫੌਜੀ ਹਮਲੇ ਕਾਰਨ ਸਿੱਖ ਸੰਗਤ ਨੂੰ ਜਿੱਤ ਦੇ ਜਸ਼ਨ ਨਾਂ ਮਨਾਉਣ ਦੀ ਅਪੀਲ ਕੀਤੀ ਹੈ।
ਬਠਿੰਡਾ: ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਜੂਨ 1984 ਵਿੱਚ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੇ ਗਏ ਫੌਜੀ ਹਮਲੇ ਕਾਰਨ ਸਿੱਖ ਸੰਗਤ ਨੂੰ ਜਿੱਤ ਦੇ ਜਸ਼ਨ ਨਾਂ ਮਨਾਉਣ ਦੀ ਅਪੀਲ ਕੀਤੀ ਹੈ। ਹਾਲਾਂਕਿ ਜਿਸ ਵਕਤ ਇਹ ਪੋਸਟ ਪਾਈ ਉਦੋਂ ਤੱਕ ਬਠਿੰਡਾ ਹਲਕੇ ਦਾ ਨਤੀਜਾ ਨਹੀਂ ਐਲਾਨਿਆ ਗਿਆ ਸੀ ਪਰ ਆਪਣੀ ਲੀਡ 50 ਹਜ਼ਾਰ ਤੋਂ ਜਿਆਦਾ ਹੋਣ ਕਾਰਨ ਉਨ੍ਹਾਂ ਨੂੰ ਜਿੱਤ ਯਕੀਨੀ ਜਾਪਣ ਕਰਕੇ ਅਗੇਤਿਆਂ ਹੀ ਇਹ ਅਪੀਲ ਕੀਤੀ ਹੈ ਤਾਂ ਜੋ ਪਾਰਟੀ ਵਰਕਰ ਜਾਂ ਆਗੂ ਕਿਸੇ ਕਿਸਮ ਦਾ ਢੋਲ ਢਮੱਕਾ ਨਾਂ ਕਰਨ।
ਸੋਸ਼ਲ ਮੀਡੀਆ ਫੇਸਬੱਕ ਤੇ ਆਪਣੇ ਅਕਾਊਂਟ ਤੇ ਪਾਈ ਪੋਸਟ ਰਾਹੀਂ ਹਰਸਿਮਰਤ ਬਾਦਲ ਨੇ ਲਿਖਿਆ ਹੈ ਕਿ ਜੂਨ ਮਹੀਨੇ ਵਿੱਚ ਕਾਂਗਰਸ ਹਕੂਮਤ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੇ ਹਮਲੇ ਕਰਕੇ ਸਮੁੱਚੀ ਸਿੱਖ ਕੌਮ ਦਾ ਹਿਰਦਾ ਵਲੂੰਧਰਿਆ ਗਿਆ ਸੀ। ਇਸ ਕਰਕੇ ਸ਼ਹੀਦੀ ਹਫਤੇ ਨੂੰ ਧਿਆਨ ਵਿੱਚ ਰਖਦਿਆਂ ਮੈਂ ਸਮੂਹ ਬਠਿੰਡਾ ਹਲਕਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਜਿੱਤ ਦਾ ਕਿਸੇ ਵੀ ਤਰਾਂ ਜਸ਼ਨ ਨਾਂ ਮਨਾਇਆ ਜਾਏ।
ਉਨ੍ਹਾਂ ਦਾ ਕਹਿਣਾ ਹੈ ਕਿ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ।ਇਸ ਲਈ ਮੈਂ ਪਾਰਟੀ ਵਰਕਰਾਂ ਅਤੇ ਵੋਟਰਾਂ ਨੂੰ ਅਪੀਲ ਕਰਦੀ ਹਾਂ ਕਿ ਇਹ ਸਮਾਂ ਜਿੱਤ ਦਾ ਜਸ਼ਨ ਮਨਾਉਣ ਵਾਲਾ ਨਹੀ ਹੈ। ਇਹ ਸਮਾਂ ਰੋਸ ਦਾ ਹੈ।