ਅੰਮ੍ਰਿਤਸਰ ਹਵਾਈ ਅੱਡਾ 5 ਮਹੀਨੇ ਰੋਜ਼ਾਨਾ 8 ਘੰਟੇ ਰਹੇਗਾ ਬੰਦ, ਆਖ਼ਰ ਕਿਉਂ ਕੀਤਾ ਜਾ ਰਿਹਾ ਅਜਿਹਾ, ਇੱਥੇ ਜਾਣੋ
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ (AMRITSAR AIRPORT) ਉੱਤੇ ਰਨਵੇਅ ਨੂੰ ਨਵੀਆਂ ਆਧੁਨਿਕ ਐਲਈਡੀ ਲਾਈਟਾਂ (LED LIGHTS) ਲਾਉਣ ਅਤੇ ਰਨਵੇਅ ਨੂੰ ਦੁਬਾਰਾ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ
ਦੋ ਸਾਲ ਦੇਰੀ ਨਾਲ਼ ਹੋ ਰਿਹਾ ਹੈ ਇਹ ਕੰਮ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ (AMRITSAR AIRPORT) ਉੱਤੇ ਰਨਵੇਅ ਨੂੰ ਨਵੀਆਂ ਆਧੁਨਿਕ ਐਲਈਡੀ ਲਾਈਟਾਂ (LED LIGHTS) ਲਾਉਣ ਅਤੇ ਰਨਵੇਅ ਨੂੰ ਦੁਬਾਰਾ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਕੰਮ ਲਈ 1 ਅਪ੍ਰੈਲ ਤੋਂ 27 ਸਤੰਬਰ ਤੱਕ ਰਨਵੇਅ ਰੋਜ਼ਾਨਾ 8 ਘੰਟੇ ਪੂਰੀ ਤਰ੍ਹਾਂ ਬੰਦ ਰਹੇਗਾ। ਇਸ ਦੌਰਾਨ ਆਉਣ-ਜਾਣ ਵਾਲੀਆਂ ਉਡਾਣਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ।
ਇਸ ਪੂਰੇ ਕੰਮ ਉੱਤੇ ਲਗਭਗ 50 ਕਰੋੜ ਰੁਪਏ ਖਰਚ ਹੋਣਗੇ। ਇਸ ਤੋਂ ਇਲਾਵਾ ਡੀਵੀਓਆਰ (DVOR) ਨੇਵੀਗੇਸ਼ਨ ਸਿਸਟਮ ਵੀ ਨਵਾਂ ਲਗਾਇਆ ਜਾ ਰਿਹਾ ਹੈ। ਸਾਰਾ ਕੰਮ ਸਤੰਬਰ ਤੱਕ ਪੂਰਾ ਹੋ ਜਾਵੇਗਾ। ਰਨਵੇਅ ਦੀ ਰੀ-ਕਾਰਪੇਂਟਿੰਗ) ਕੀਤੀ ਜਾ ਰਹੀ ਹੈ — ਇਸ ਵਿਚ ਦੋ ਲੇਅਰ ਲਗਾਈਆਂ ਜਾਣਗੀਆਂ। ਰਨਵੇਅ ਉੱਤੇ ਇੱਕ ਨਵਾਂ ਵਿਅਕਤੀਗਤ ਲੈਂਪ ਕੰਟਰੋਲ ਸਿਸਟਮ ਲਾਇਆ ਜਾ ਰਿਹਾ ਹੈ, ਜਿਸ ਨਾਲ ਲਾਈਟ ਖਰਾਬ ਹੋਣ ਤੇ ਤੁਰੰਤ ਪਤਾ ਲੱਗ ਜਾਵੇਗਾ। ਡੀਵੀਓਆਰ ਭਾਵ 'ਡੌਪਲਰ ਵੈਰੀ ਹਾਈ ਫ਼੍ਰੀਕੁਐਂਸੀ ਓਮਨੀ–ਡਾਇਰੈਕਸ਼ਨਲ ਰੇਂਜ' ਸਿਸਟਮ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜੋ ਜਹਾਜ਼ਾਂ ਨੂੰ ਸਹੀ ਦਿਸ਼ਾ ਦੱਸਦਾ ਹੈ।
ਰਨਵੇਅ ਬੰਦ ਰਹਿਣ ਦਾ ਸਮਾਂ 1 ਅਪ੍ਰੈਲ ਤੋਂ 27 ਸਤੰਬਰ ਤੱਕ ਰੋਜ਼ਾਨਾ 8 ਘੰਟੇ ਰਨਵੇਅ ਬੰਦ ਰਹੇਗਾ। ਏਅਰਪੋਰਟ ਅਥਾਰਟੀ ਨੇ ਏਅਰਲਾਈਨਾਂ ਨਾਲ ਗੱਲਬਾਤ ਕਰਕੇ ਉਡਾਣਾਂ ਦਾ ਸਮਾਂ-ਸਾਰਣੀ ਪਹਿਲਾਂ ਹੀ ਬਦਲ ਦਿੱਤਾ ਹੈ ਤਾਂ ਜੋ ਯਾਤਰੀਆਂ ਨੂੰ ਘੱਟ ਤੋਂ ਘੱਟ ਤਕਲੀਫ ਹੋਵੇ।
ਰਨਵੇਅ ਦੀ ਲੰਬਾਈ — 3658 ਮੀਟਰ ਹੈ। ਆਮ ਤੌਰ ਤੇ 6 ਸਾਲ ਬਾਅਦ ਰਨਵੇਅ ਨੂੰ ਦੁਬਾਰਾ ਬਣਾਉਣਾ ਚਾਹੀਦਾ ਹੈ, ਪਰ ਇਥੇ 8 ਸਾਲ ਬਾਅਦ ਕੰਮ ਸ਼ੁਰੂ ਹੋਇਆ ਹੈ। ਇਹ ਕੰਮ ਜਹਾਜ਼ਾਂ ਦੀ ਸੁਰੱਖਿਆ ਅਤੇ ਸੁਚਾਰੂ ਉਡਾਣ ਲਈ ਬਹੁਤ ਜ਼ਰੂਰੀ ਹੈ। ਪੁਰਾਣਾ ਰਨਵੇਅ ਖਰਾਬ ਹੋਣ ਨਾਲ ਹਾਦਸਿਆਂ ਦਾ ਖਤਰਾ ਵਧ ਜਾਂਦਾ ਹੈ।
ਹਵਾਈ ਅੱਡੇ ਦੀ ਵਰਤੋਂ ਅੰਮ੍ਰਿਤਸਰ ਹਵਾਈ ਅੱਡਾ ਰੋਜ਼ਾਨਾ ਲਗਭਗ 56 ਉਡਾਣਾਂ ਚਲਾਉਂਦਾ ਹੈ, ਜਿਨ੍ਹਾਂ ਵਿਚੋਂ ਲਗਭਗ 18 ਅੰਤਰਰਾਸ਼ਟਰੀ ਉਡਾਣਾਂ ਹਨ। ਇਸ ਲਈ ਰਨਵੇਅ ਦੀ ਸੁਰੱਖਿਆ ਅਤੇ ਆਧੁਨਿਕਤਾ ਬਹੁਤ ਮਹੱਤਵਪੂਰਨ ਹੈ।
ਇਹ ਕੰਮ ਪਿਛਲੇ ਸਾਲ ਹੀ ਸ਼ੁਰੂ ਹੋਣਾ ਚਾਹੀਦਾ ਸੀ, ਪਰ ਟੈਂਡਰ ਨਾਲ ਜੁੜੇ ਅਦਾਲਤੀ ਕੇਸ ਕਾਰਨ ਦੇਰੀ ਹੋ ਗਈ। ਹੁਣ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਏਅਰਪੋਰਟ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਕਿਹਾ ਹੈ ਕਿ ਰਨਵੇਅ ਦੀ ਮੁਰੰਮਤ ਲਾਜ਼ਮੀ ਸੀ। ਇਸ ਨਾਲ ਉਡਾਣਾਂ ਵਧੇਰੇ ਸੁਰੱਖਿਅਤ ਹੋਣਗੀਆਂ ਅਤੇ ਯਾਤਰੀਆਂ ਨੂੰ ਬਿਹਤਰ ਸਹੂਲਤ ਮਿਲੇਗੀ। ਉਡਾਣਾਂ ਉੱਤੇ ਘੱਟ ਤੋਂ ਘੱਟ ਅਸਰ ਪਵੇਗਾ ਕਿਉਂਕਿ ਸਮਾਂ-ਸਾਰਣੀ ਪਹਿਲਾਂ ਹੀ ਬਦਲੀ ਗਈ ਹੈ।
ਨਵੀਆਂ ਐਲਈਡੀ ਲਾਈਟਾਂ ਨਾਲ ਧੁੰਦ ਵਾਲੇ ਮੌਸਮ ਵਿਚ ਵੀ ਸੁਰੱਖਿਅਤ ਲੈਂਡਿੰਗ-ਟੇਕਆਫ ਹੋਵੇਗਾ। ਆਧੁਨਿਕ ਡੀਵੀਓਆਰ ਸਿਸਟਮ ਨਾਲ ਜਹਾਜ਼ਾਂ ਨੂੰ ਬਿਹਤਰ ਗਾਈਡੈਂਸ ਮਿਲੇਗੀ। ਰਨਵੇਅ ਮਜ਼ਬੂਤ ਹੋਣ ਨਾਲ ਵੱਡੇ ਜਹਾਜ਼ਾਂ ਦੀ ਆਵਾਜਾਈ ਵੀ ਆਸਾਨ ਹੋਵੇਗੀ।
ਇਹ ਵਿਕਾਸ ਕੰਮ ਅੰਮ੍ਰਿਤਸਰ ਹਵਾਈ ਅੱਡੇ ਨੂੰ ਹੋਰ ਆਧੁਨਿਕ ਅਤੇ ਸੁਰੱਖਿਅਤ ਬਣਾਉਣ ਵੱਲ ਇੱਕ ਵੱਡਾ ਕਦਮ ਹੈ। ਯਾਤਰੀਆਂ ਨੂੰ ਅਗਲੇ 6 ਮਹੀਨਿਆਂ ਵਿਚ ਥੋੜ੍ਹੀ ਅਸੁਵਿਧਾ ਹੋ ਸਕਦੀ ਹੈ, ਪਰ ਲੰਬੇ ਸਮੇਂ ਵਿਚ ਇਸ ਨਾਲ ਬਿਹਤਰ ਸਹੂਲਤ ਮਿਲੇਗੀ।