ਤਰਨਤਾਰਨ ਤੋਂ ਆਜ਼ਾਦ ਚੋਣ ਲੜੇਗੀ ਸਰਬਜੀਤ ਖ਼ਾਲਸਾ ਦੀ ਭੈਣ ਬੀਬੀ ਅੰਮ੍ਰਿਤ ਕੌਰ ਮਲੋਆ
ਤਰਨਤਾਰਨ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ ਕਿਉਂਕਿ ਹੁਣ ਫਰੀਦਕੋਟ ਤੋਂ ਸਾਂਸਦ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਡੇ ਆਗੂ ਸਰਬਜੀਤ ਸਿੰਘ ਖ਼ਾਲਸਾ ਦੀ ਭੈਣ ਬੀਬੀ ਅੰਮ੍ਰਿਤ ਕੌਰ ਮਲੋਆ ਵੱਲੋਂ ਤਰਨਤਾਰਨ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ।
ਤਰਨਤਾਰਨ : ਤਰਨਤਾਰਨ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ ਕਿਉਂਕਿ ਹੁਣ ਫਰੀਦਕੋਟ ਤੋਂ ਸਾਂਸਦ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਡੇ ਆਗੂ ਸਰਬਜੀਤ ਸਿੰਘ ਖ਼ਾਲਸਾ ਦੀ ਭੈਣ ਬੀਬੀ ਅੰਮ੍ਰਿਤ ਕੌਰ ਮਲੋਆ ਵੱਲੋਂ ਤਰਨਤਾਰਨ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਬੀਬੀ ਮਲੋਆ ਦਾ ਕਹਿਣਾ ਹੈ ਕਿ ਉਹ ਆਪਣੀ ਮਾਤਾ ਬਿਮਲ ਕੌਰ ਖ਼ਾਲਸਾ ਦੀ ਤਰ੍ਹਾਂ ਤਰਨਤਾਰਨ ਤੋਂ ਆਜ਼ਾਦ ਚੋਣ ਲੜਨਗੇ।
ਉਨ੍ਹਾਂ ਇਹ ਵੀ ਆਖਿਆ ਕਿ ਉਹ ਖ਼ੁਦ ਨੂੰ ਇਕ ਵਧੀਆ ਪੰਥਕ ਉਮੀਦਵਾਰ ਮੰਨਦੇ ਹਨ, ਇਸ ਕਰਕੇ ਉਨ੍ਹਾਂ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰਾ ਸਹਿਯੋਗ ਕੀਤਾ ਜਾਵੇ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਬੀਬੀ ਅੰਮ੍ਰਿਤ ਕੌਰ ਮਲੋਆ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸੋਧਾ ਲਾਉਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਬੀਬੀ ਬਿਮਲ ਕੌਰ ਖ਼ਾਲਸਾ ਦੀ ਬੇਟੀ ਹੈ। ਅਜਿਹੇ ਵਿਚ ਉਨ੍ਹਾਂ ਨੂੰ ਆਪਣੇ ਇਤਿਹਾਸਕ ਪਰਿਵਾਰਕ ਪਿਛੋਕੜ ਦਾ ਵੱਡਾ ਫ਼ਾਇਦਾ ਮਿਲ ਸਕਦਾ ਹੈ।
ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸੁਖਵਿੰਦਰ ਕੌਰ ਰੰਧਾਵਾ ਅਤੇ ਭਾਜਪਾ ਵੱਲੋਂ ਹਰਜੀਤ ਸਿੰਘ ਸੰਧੂ ਨੂੰ ਇੱਥੋਂ ਆਪਣਾ ਉਮੀਦਵਾਰ ਐਲਾਨ ਕੀਤਾ ਗਿਆ ਹੈ, ਜਦਕਿ ਆਮ ਆਦਮੀ ਪਾਰਟੀ ਵੱਲੋਂ ਹਰਮੀਤ ਸਿੰਘ ਸੰਧੂ ਨੂੰ ਸੰਭਾਵੀ ਉਮੀਦਵਾਰ ਮੰਨਿਆ ਜਾ ਰਿਹਾ ਹੈ, ਉਥੇ ਕਾਂਗਰਸ ਪਾਰਟੀ ਜਸਬੀਰ ਸਿੰਘ ਡਿੰਪਾ ’ਤੇ ਆਪਣਾ ਦਾਅ ਖੇਡ ਸਕਦੀ ਹੈ।