ਪੰਥਕ ਸਿਆਸਤ ’ਚ ਆਉਣ ਜਾ ਰਿਹਾ ਹੋਰ ਵੱਡਾ ਭੂਚਾਲ!

ਇਕ ਪਾਸੇ ਤਾਂ ਧਾਰਮਿਕ ਸਜ਼ਾ ਪੂਰੀ ਕਰਕੇ ਅਕਾਲੀ ਦਲ ਸਾਫ਼ ਸੁਥਰਾ ਹੋ ਕੇ ਫਿਰ ਤੋਂ ਚੋਣ ਮੈਦਾਨ ਵਿਚ ਆ ਚੁੱਕਿਆ ਏ ਪਰ ਦੂਜੇ ਪਾਸੇ ਪੰਥਕ ਸਿਆਸਤ ’ਚ ਚੱਲ ਰਹੇ ਮੌਜੂਦਾ ਘਟਨਾਕ੍ਰਮ ਫਿਰ ਤੋਂ ਅਕਾਲੀ ਦਲ ਦੀ ਬੇੜੀ ਵਿਚ ਵੱਟੇ ਪਾਉਂਦੇ ਦਿਖਾਈ ਦੇ ਰਹੇ ਨੇ,,, ਇਸੇ ਵਿਚਕਾਰ ਇਹ ਸੰਕੇਤ ਵੀ ਮਿਲਦੇ ਦਿਖਾਈ ਦੇ ਰਹੇ ਨੇ ਕਿ ਕੋਈ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ,, ਅਕਾਲੀ ਦਲ ਹੁਣ ਬਿਨਾਂ ਸੁਖਬੀਰ ਤੋਂ ਹੀ ਚੱਲੇਗਾ।;

Update: 2024-12-21 11:53 GMT

ਚੰਡੀਗੜ੍ਹ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਮੁਅੱਤਲ ਕਰਨ ਮਗਰੋਂ ਪੰਥਕ ਸਿਆਸਤ ਵਿਚ ਵੱਡਾ ਭੂਚਾਲ ਆਉਂਦਾ ਦਿਖਾਈ ਦੇ ਰਿਹਾ ਏ ਕਿਉਂਕਿ ਐਸਜੀਪੀਸੀ ਦੀ ਇਸ ਕਾਰਵਾਈ ’ਤੇ ਕਈ ਪੰਥਕ ਧਿਰਾਂ ਵੱਲੋਂ ਵੱਡੇ ਸਵਾਲ ਉਠਾਏ ਜਾ ਰਹੇ ਨੇ, ਜਿਸ ਦੇ ਚਲਦਿਆਂ ਐਸਜੀਪੀਸੀ ਕਸੂਤੀ ਸਥਿਤੀ ਵਿਚ ਘਿਰਦੀ ਦਿਖਾਈ ਦੇ ਰਹੀ ਐ। ਇੱਥੇ ਹੀ ਬਸ ਨਹੀਂ,, ਅਕਾਲੀ ਦਲ ਸੁਧਾਰ ਲਹਿਰ ਨਾਲ ਸਬੰਧਤ ਰਹੇ ਆਗੂਆਂ ਵੱਲੋਂ ਇਸ ਦੇ ਵਿਰੋਧ ਵਿਚ ਇਕ ਵੱਡਾ ਇਕੱਠ ਸੱਦਣ ਦੀ ਵੀ ਯੋਜਨਾ ਬਣਾਈ ਜਾ ਰਹੀ ਐ।

ਇਕ ਪਾਸੇ ਤਾਂ ਧਾਰਮਿਕ ਸਜ਼ਾ ਪੂਰੀ ਕਰਕੇ ਅਕਾਲੀ ਦਲ ਸਾਫ਼ ਸੁਥਰਾ ਹੋ ਕੇ ਫਿਰ ਤੋਂ ਚੋਣ ਮੈਦਾਨ ਵਿਚ ਆ ਚੁੱਕਿਆ ਏ ਪਰ ਦੂਜੇ ਪਾਸੇ ਪੰਥਕ ਸਿਆਸਤ ’ਚ ਚੱਲ ਰਹੇ ਮੌਜੂਦਾ ਘਟਨਾਕ੍ਰਮ ਫਿਰ ਤੋਂ ਅਕਾਲੀ ਦਲ ਦੀ ਬੇੜੀ ਵਿਚ ਵੱਟੇ ਪਾਉਂਦੇ ਦਿਖਾਈ ਦੇ ਰਹੇ ਨੇ,,, ਇਸੇ ਵਿਚਕਾਰ ਇਹ ਸੰਕੇਤ ਵੀ ਮਿਲਦੇ ਦਿਖਾਈ ਦੇ ਰਹੇ ਨੇ ਕਿ ਕੋਈ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ,, ਅਕਾਲੀ ਦਲ ਹੁਣ ਬਿਨਾਂ ਸੁਖਬੀਰ ਤੋਂ ਹੀ ਚੱਲੇਗਾ। ਦੇਖੋ ਸਾਡੀ ਇਹ ਖ਼ਾਸ ਰਿਪੋਰਟ।


ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਪੂਰੀ ਕਰਕੇ ਫਿਰ ਤੋਂ ਸਿਆਸਤ ਵਿਚ ਸਰਗਰਮ ਹੋ ਚੁੱਕੇ ਨੇ ਪਰ ਮੌਜੂਦਾ ਸਮੇਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਮੁਅੱਤਲ ਕੀਤੇ ਜਾਣ ਦੇ ਫ਼ੈਸਲੇ ਨਾਲ ਪੰਥਕ ਸਿਆਸਤ ਵਿਚ ਵੱਡਾ ਭੂਚਾਲ ਆਇਆ ਹੋਇਆ ਏ। ਧਾਰਮਿਕ ਸਜ਼ਾ ਪੂਰੀ ਕਰਨ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਕੰਮ ਕਰਦਿਆਂ ਅਕਾਲੀ ਦਲ ਦੇ ਆਗੂ ਫਿਰ ਤੋਂ ਇਕਜੁੱਟ ਹੋਣਗੇ ਅਤੇ ਅਕਾਲੀ ਦਲ ਨੂੰ ਮਜ਼ਬੂਤ ਕਰਨਗੇ,,

ਪਰ ਅਜਿਹਾ ਹਾਲੇ ਤੱਕ ਨਹੀਂ ਹੋਇਆ ਅਤੇ ਨਾ ਹੀ ਇਸ ਦੇ ਕੋਈ ਸੰਕੇਤ ਦਿਖਾਈ ਦੇ ਰਹੇ ਨੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਸਮੇਤ ਹੋਰ ਕਈ ਮਸਲਿਆਂ ਨੇ ਦੋਵੇਂ ਗੁੱਟਾਂ ਵਿਚਾਲੇ ਫਿਰ ਤੋਂ ਦੂਰੀਆਂ ਪੈਦਾ ਕਰ ਦਿੱਤੀਆਂ ਨੇ। ਹੁਣ ਤਾਂ ਕੁੱਝ ਆਗੂ ਇਹ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਚਾਹੇ ਕਿਸੇ ਦੇ ਸਿਰ ਪੀੜ ਹੋਵੇ ਜਾਂ ਕਿਸੇ ਦੇ ਢਿੱਡ ਪੀੜ ਹੋਵੇ,, ਅਕਾਲੀ ਦਲ ਨੂੰ ਤਾਂ ਹੁਣ ਸੱਤ ਮੈਂਬਰੀ ਕਮੇਟੀ ਚਲਾਊ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ਅਟਲ ਰਹੇਗਾ।


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਦੇ ਇਸ ਬਿਆਨ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਏ ਕਿ ਸਾਰਿਆਂ ਦੀ ਨਿਗ੍ਹਾ ਸੁਖਬੀਰ ਬਾਦਲ ਦੇ ਅਸਤੀਫ਼ੇ ’ਤੇ ਟਿਕੀ ਹੋਈ ਐ, ਜੋ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਬਾਵਜੂਦ ਹਾਲੇ ਤੱਕ ਨਹੀਂ ਦਿੱਤਾ ਗਿਆ। ਭਾਵੇਂ ਕਿ ਇਸ ਦੇ ਲਈ 20 ਤਰੀਕ ਤੱਕ ਦਾ ਸਮਾਂ ਲਿਆ ਗਿਆ ਸੀ ਪਰ ਹੁਣ ਜਦੋਂ 20 ਤਰੀਕ ਵੀ ਲੰਘ ਗਈ ਐ ਤਾਂ ਜਾਣਕਾਰੀ ਮਿਲ ਰਹੀ ਐ ਕਿ ਹੁਣ ਸ਼ਹੀਦੀ ਪੰਦਰਵਾੜੇ ਦਾ ਬਹਾਨਾ ਲਗਾ ਕੇ ਅਸਤੀਫ਼ਾ ਫਿਰ ਟਾਲ ਦਿੱਤਾ ਗਿਆ ਏ,, ਜਦਕਿ ਧਾਰਮਿਕ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਸੁਖਬੀਰ ਬਾਦਲ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਸੀ ਕਿ ਜਲਦੀ ਉਨ੍ਹਾਂ ’ਤੇ ਫੈਸਲਾ ਸੁਣਾਇਆ ਜਾਵੇ,, ਹਾਲਾਂਕਿ ਉਸ ਸਮੇਂ ਸੁਖਬੀਰ ਬਾਦਲ ਨੂੰ ਪੇਸ਼ ਹੋਣ ਲਈ ਕਈ ਦਿਨ ਦਾ ਸਮਾਂ ਦਿੱਤਾ ਗਿਆ ਸੀ ਪਰ ਸੁਖਬੀਰ ਦੂਜੇ ਦਿਨ ਹੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਗਏ ਸੀ,,, ਹੁਣ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਵੀ ਟਿੱਚ ਕਰਕੇ ਜਾਣਿਆ ਜਾ ਰਿਹਾ ਏ।

ਜਿਸ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਤੋਂ ਕੇਂਦਰ ਦੀਆਂ ਸਰਕਾਰਾਂ ਵੀ ਕਿਸੇ ਸਮੇਂ ਕੰਬਦੀਆਂ ਸੀ, ਅੱਜ ਦੇ ਸਮੇਂ ਵਿਚ ਉਸੇ ਅਕਾਲ ਤਖ਼ਤ ਦੇ ਜਥੇਦਾਰਾਂ ਦਾ ਮਜ਼ਾਕ ਬਣਦਾ ਜਾ ਰਿਹਾ ਏ। ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਏ ਕਿ ਜਦੋਂ ਸਰਬੱਤ ਖ਼ਾਲਸਾ ਸੱਦਿਆ ਗਿਆ ਸੀ, ਉਸ ਸਮੇਂ ਜਥੇਦਾਰਾਂ ਨਿਯੁਕਤੀ ਅਤੇ ਹਟਾਉਣ ਸਬੰਧੀ ਵਿਧੀ ਵਿਧਾਨ ਬਣਾਇਆ ਜਾਵੇ ਪਰ ਕਿਸੇ ਨੇ ਸਾਡੀ ਨਹੀਂ ਸੁਣੀ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਜਥੇਦਾਰਾਂ ਨੂੰ ਹਾਥੀ ’ਤੇ ਬਿਠਾ ਕੇ ਲਿਆਉਂਦੀ ਐ ਪਰ ਤੋਰਦੀ ਗਧੇ ’ਤੇ ਬਿਠਾ ਕੇ ਐ।


ਦਰਅਸਲ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਫ਼ੈਸਲੇ ਨੂੰ ਲੈ ਕੇ ਕਈ ਪੰਥਕ ਆਗੂਆਂ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਐ, ਉਨ੍ਹਾਂ ਦਾ ਕਹਿਣਾ ਏ ਕਿ ਅਕਾਲੀ ਲੀਡਰਾਂ ਦੀਆਂ ਪੰਥ ਵਿਰੋਧੀਆਂ ਕਾਰਵਾਈਆਂ ਖ਼ਿਲਾਫ਼ ਡਟਣ ਦੀ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਸਜ਼ਾ ਦਿੱਤੀ ਜਾ ਰਹੀ ਐ। ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਦਾ ਕਹਿਣਾ ਏ ਕਿ ਗਿਆਨੀ ਹਰਪ੍ਰੀਤ ਸਿੰਘ ’ਤੇ ਹਾਲੇ ਕੋਈ ਇਲਜ਼ਾਮ ਸਾਬਤ ਵੀ ਨਹੀਂ ਹੋਇਆ, ਉਸ ਨੂੰ ਐਸਜੀਪੀਸੀ ਨੇ ਤੁਰੰਤ ਮੀਟਿੰਗ ਬੁਲਾ ਕੇ ਅਹੁਦੇ ਤੋਂ ਲਾਂਭੇ ਕਰ ਦਿੱਤਾ,, ਪਰ ਐਸਜੀਪੀਸੀ ਪ੍ਰਧਾਨ ਨੇ ਬੀਬੀ ਜਗੀਰ ਕੌਰ ਨੂੰ ਇੰਨੀ ਭੱਦੀ ਸ਼ਬਦਾਵਲੀ ਬੋਲੀ ਪਰ ਕਿਸੇ ਨੇ ਪ੍ਰਧਾਨ ਨੂੰ ਹਟਾਉਣ ਦਾ ਨਾ ਕੋਈ ਗੱਲ ਕੀਤੀ ਅਤੇ ਨਾ ਹੀ ਕੋਈ ਮੀਟਿੰਗ ਸੱਦੀ।


ਹੈਰਾਨੀ ਦੀ ਗੱਲ ਇਹ ਐ ਕਿ ਜਿਸ ਮਾਮਲੇ ਵਿਚ ਗਿਆਨੀ ਹਰਪ੍ਰੀਤ ਸਿੰਘ ਨੂੰ ਘਸੀਟਿਆ ਜਾ ਰਿਹਾ ਏ, ਉਹ ਕਈ ਸਾਲ ਪੁਰਾਣਾ ਕੇਸ ਐ। ਸਭ ਤੋਂ ਖ਼ਾਸ ਇਹ ਵੀ ਐ ਕਿ ਜਦੋਂ ਕਿਸੇ ਗ੍ਰੰਥੀ ਸਿੰਘ ਦੀ ਭਰਤੀ ਹੁੰਦੀ ਐ ਤਾਂ ਉਸ ਦੀ ਪੁਰਾਣੀ ਫਾਈਲ ਨੂੰ ਚੰਗੀ ਤਰ੍ਹਾਂ ਖੰਗਾਲਿਆ ਜਾਂਦਾ ਏ। ਸਿੱਖ ਸੰਗਤਾਂ ਅਤੇ ਕੁੱਝ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਇਹੋ ਗੱਲ ਆਖ ਰਹੇ ਨੇ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਗ੍ਰੰਥੀ ਸਿੰਘ ਦੇ ਅਹੁਦੇ ਲਈ ਇੰਟਰਵਿਊ ਦਿੱਤੀ ਸੀ, ਜਦੋਂ ਉਸ ਸਮੇਂ ਫਾਈਲ ਵਿਚੋਂ ਕੁੱਝ ਨਹੀਂ ਨਿਕਲਿਆ ਤਾਂ ਫਿਰ ਹੁਣ ਕਿਉਂ ਉਸ ਕੇਸ ਵਿਚ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਏ।


ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਹਰ ਮੋੜ ’ਤੇ ਵੱਡੀਆਂ ਵੱਡੀਆਂ ਗਲ਼ਤੀਆਂ ਕਰਦਾ ਰਿਹਾ, ਪਿਛਲੀਆਂ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸਰਬਜੀਤ ਸਿੰਘ ਖ਼ਾਲਸਾ ਦੇ ਵਿਰੁੱਧ ਵੀ ਆਪਣਾ ਉਮੀਦਵਾਰ ਖੜ੍ਹਾ ਕਰ ਦਿੱਤਾ। ਕੀ ਅਕਾਲੀ ਆਗੂਆਂ ਨੂੰ ਪਤਾ ਨਹੀਂ ਕਿ ਸਰਬਜੀਤ ਸਿੰਘ ਖ਼ਾਲਸਾ ਕੌਣ ਐ? ਕੀ ਉਨ੍ਹਾਂ ਨੂੰ ਪਤਾ ਨਹੀਂ ਕਿ ਉਹ ਉਸ ਸਿੱਖ ਯੋਧੇ ਦਾ ਪੁੱਤਰ ਐ, ਜਿਸ ਨੇ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਦਾ ਬਦਲਾ ਲੈਣ ਲਈ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰਿਆ ਸੀ? ਜਦਕਿ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਨੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਵਿਰੁੱਧ ਵੀ ਆਪਣਾ ਉਮੀਦਵਾਰ ਖੜ੍ਹਾ ਕਰ ਦਿੱਤਾ ਸੀ,,, ਜਿਹੜੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨਾਲ ਪੰਥਕ ਪਾਰਟੀ ਅਕਾਲੀ ਦਲ ਨੇ ਹਿੱਕ ਡਾਹ ਕੇ ਖੜ੍ਹਨਾ ਸੀ, ਅਕਾਲੀ ਆਗੂ ਉਨ੍ਹਾਂ ਦੇ ਰਾਹਾਂ ਵਿਚ ਕੰਡੇ ਵਿਛਾਉਂਦੇ ਰਹੇ।

ਕੁੱਝ ਲੋਕਾਂ ਦਾ ਕਹਿਣਾ ਏ ਕਿ ਬਾਦਲਾਂ ਨਾਲ ਜੁੜੇ ਅਕਾਲੀ ਆਗੂ ਇਹ ਨਹੀਂ ਦੇਖਦੇ ਕਿ ਵਿਰੋਧ ਕਰਨ ਵਾਲਾ ਕੌਣ ਐ,, ਬਸ ਬਾਦਲਾਂ ’ਤੇ ਆਂਚ ਨਹੀਂ ਆਉਣੀ ਚਾਹੀਦੀ। ਹੁਣ ਸੁਖਬੀਰ ਬਾਦਲ ’ਤੇ ਹੋਏ ਹਮਲੇ ਨੂੰ ਲੈ ਕੇ ਕੁੱਝ ਅਕਾਲੀ ਆਗੂਆਂ ਵੱਲੋਂ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਬੀਬੀ ਸਤਵੰਤ ਕੌਰ ’ਤੇ ਉਂਗਲ ਉਠਾਈ ਜਾ ਰਹੀ ਐ, ਜਿਸ ਨੂੰ ਲੈ ਕੇ ਚਾਰੇ ਪਾਸੇ ਤੋਂ ਉਂਗਲ ਉਠਾਉਣ ਵਾਲੇ ਅਕਾਲੀ ਆਗੂਆਂ ਨੂੰ ਲਾਹਣਤਾਂ ਪੈ ਰਹੀਆਂ ਨੇ। ਸ਼ਹੀਦ ਭਾਈ ਅਮਰੀਕ ਸਿੰਘ ਦੇ ਭਤੀਜੇ ਭਾਈ ਮਨਜੀਤ ਸਿੰਘ ਨੇ ਅਕਾਲੀ ਆਗੂਆਂ ਨੂੰ ਸਾਫ਼ ਤੌਰ ’ਤੇ ਚਿਤਾਵਨੀ ਦਿੰਦਿਆਂ ਆਖਿਆ ਏ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ।


ਮੌਜੂਦਾ ਸਮੇਂ ਜੋ ਵਰਤਾਰਾ ਚੱਲ ਰਿਹਾ ਏ, ਉਸ ਨੂੰ ਦੇਖ ਕੇ ਇੰਝ ਜਾਪਦਾ ਏ ਕਿ ਪੰਥਕ ਸਿਆਸਤ ਵਿਚ ਮੱਚਿਆ ਇਹ ਭੂਚਾਲ ਹਾਲੇ ਥੰਮ੍ਹਣ ਵਾਲਾ ਨਹੀਂ। ਕੁੱਝ ਲੋਕ ਤਾਂ ਇਹ ਵੀ ਆਖ ਰਹੇ ਨੇ ਕਿ ਬਾਦਲਾਂ ਨੇ ਗਿਆਨੀ ਹਰਪ੍ਰੀਤ ਸਿੰਘ ’ਤੇ ਉਂਗਲ ਉਠਾ ਕੇ ਸ਼ੇਰ ਦੀ ਪੂੰਛ ਨੂੰ ਹੱਥ ਲਾਉਣ ਵਾਲਾ ਕੰਮ ਕੀਤਾ ਹੈ ਕਿਉਂਕਿ ਬਾਦਲਾਂ ਦੇ ਖ਼ਿਲਾਫ਼ ਭੜਕਿਆ ਗੁੱਸਾ ਜੇਕਰ ਸ਼ਾਂਤ ਵੀ ਹੋਣ ਲੱਗਿਆ ਸੀ ਤਾਂ ਹੁਣ ਸੁਖਬੀਰ ਬਾਦਲ ਦੇ ਅਸਤੀਫ਼ੇ ’ਤੇ ਫਸਾਈ ਗਰਾਰੀ ਨੇ ਲੋਕਾਂ ਦੇ ਮਨਾਂ ਵਿਚ ਅਕਾਲੀਆਂ ਪ੍ਰਤੀ ਰੋਸ ਹੋਰ ਵਧਾ ਦਿੱਤਾ ਏ।

ਮੌਜੂਦਾ ਅਕਾਲੀ ਆਗੂ ਗਿਆਨੀ ਹਰਪ੍ਰੀਤ ਸਿੰਘ ਹੀ ਨਹੀਂ ਬਲਕਿ ਦੂਜੇ ਜਥੇਦਾਰ ਸਾਹਿਬਾਨ ਦੀ ਵੀ ਤੌਹੀਨ ਕਰਨ ਵਿਚ ਲੱਗੇ ਹੋਏ ਨੇ ਕਿਉਂਕਿ ਜਥੇਦਾਰ ਸਾਹਿਬਾਨ ਦੇ ਰੁਤਬੇ ਦੀ ਮਾਣ ਮਰਿਆਦਾ ਉਦੋਂ ਹੋਣੀ ਸੀ ਜਦੋਂ ਜਥੇਦਾਰ ਸਾਹਿਬ ਦੇ ਇਕ ਆਦੇਸ਼ ’ਤੇ ਸੁਖਬੀਰ ਬਾਦਲ ਸਮੇਤ ਸਾਰੇ ਆਗੂਆਂ ਵੱਲੋਂ ਅਸਤੀਫ਼ਾ ਦੇ ਦਿੱਤਾ ਜਾਂਦਾ। ਗਿਆਨੀ ਹਰਪ੍ਰੀਤ ਸਿੰਘ ਨੇ ਵੀ ਆਪਣੇ ਬਿਆਨ ਵਿਚ ਸਾਫ਼ ਸਾਫ਼ ਸੰਕੇਤ ਦੇ ਦਿੱਤੇ ਨੇ ਕਿ ਉਹ ਵਲਟੋਹਾ ਦੇ ਹਰ ਸਵਾਲ ਦਾ ਜਵਾਬ ਤਸੱਲੀ ਨਾਲ ਦੇਣਗੇ,, ਕਈ ਜਵਾਬ ਤਾਂ ਅਜਿਹੇ ਹੋਣਗੇ, ਜਿਨ੍ਹਾਂ ਨੂੰ ਸੁਣ ਕੇ ਗਰਦ ਵੀ ਉਠੇਗੀ। ਜਥੇਦਾਰ ਸਾਹਿਬ ਵੱਲੋਂ ਠਾਲੀ ਜਾਣ ਵਾਲੀ ਗਰਦ ਪਤਾ ਨਹੀਂ, ਹੁਣ ਕਿਸ ਆਗੂ ਦੇ ਨਾਸੀਂ ਧੂੰਆਂ ਲਿਆਏਗੀ।


ਦੱਸ ਦਈਏ ਕਿ ਪੰਥਕ ਸਿਆਸਤ ਵਿਚ ਇਹ ਕਾਟੋ ਕਲੇਸ਼ ਅਜਿਹੇ ਸਮੇਂ ਚੱਲ ਰਿਹਾ ਏ, ਜਦੋਂ ਪੰਥ ਅਤੇ ਪੰਜਾਬ ਦੇ ਵੱਡੇ ਮਸਲਿਆਂ ਦੀ ਤਾਣੀ ਪਹਿਲਾਂ ਹੀ ਬਹੁਤ ਉਲਝੀ ਹੋਈ ਐ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਸਿੱਖ ਇਨ੍ਹਾਂ ਮਸਲਿਆਂ ਦੇ ਹੱਲ ਲਈ ਆਪਣੇ ਅਕਾਲ ਤਖ਼ਤ ਸਾਹਿਬ ਅਤੇ ਹੋਰ ਪੰਥਕ ਸੰਸਥਾਵਾਂ ਅਤੇ ਪੰਥਕ ਆਗੂਆਂ ਵੱਲ ਦੇਖਦੇ ਨੇ ਪਰ ਇੱਥੇ ਹੀ ਪੰਥਕ ਆਗੂਆਂ ਦੀ ਹੀ ਤਾਣੀ ਉਲਝੀ ਪਈ ਐ,, ਉਹ ਪੰਥਕ ਮਸਲੇ ਕੀ ਸੰਵਾਰਨਗੇ। ਸੋ ਮੌਜੂਦਾ ਸਥਿਤੀ ਨੂੰ ਦੇਖਦਿਆਂ ਪੰਥਕ ਸਿਆਸਤ ਵਿਚ ਕੋਈ ਹੋਰ ਵੱਡਾ ਭੂਚਾਲ ਆਉਣ ਦੇ ਸੰਕੇਤ ਦਿਖਾਈ ਦੇ ਰਹੇ ਨੇ,, ਵਾਹਿਗੁਰੂ ਮਿਹਰ ਕਰੇ॥

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ, ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News