11 ਅਗਸਤ ਨੂੰ ਪੰਜ ਮੈਂਬਰੀ ਕਮੇਟੀ ਕਰੂ ਵੱਡਾ ਪੰਥਕ ਧਮਾਕਾ, ਬਣੇਗਾ ਨਵਾਂ ਇਤਿਹਾਸ!

ਪੰਜਾਬ ਦੀ ਪੰਥਕ ਸਿਆਸਤ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਵੱਡੀ ਉਥਲ ਪੁਥਲ ਮੱਚੀ ਹੋਈ ਐ,,,ਜੋ ਘਟਣ ਦੀ ਬਜਾਏ ਹੁਣ ਹੋਰ ਵਧਦੀ ਦਿਖਾਈ ਦੇ ਰਹੀ ਐ ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ’ਤੇ ਜਿਸ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਉਹ ਹੁਣ ਮੁਕੰਮਲ ਹੋ ਚੁੱਕੀ ਐ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਨ ਦੀ ਤਿਆਰੀ ਕੀਤੀ ਜਾ ਰਹੀ ਐ।

Update: 2025-08-06 12:43 GMT

ਚੰਡੀਗੜ੍ਹ : ਪੰਜਾਬ ਦੀ ਪੰਥਕ ਸਿਆਸਤ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਵੱਡੀ ਉਥਲ ਪੁਥਲ ਮੱਚੀ ਹੋਈ ਐ,,,ਜੋ ਘਟਣ ਦੀ ਬਜਾਏ ਹੁਣ ਹੋਰ ਵਧਦੀ ਦਿਖਾਈ ਦੇ ਰਹੀ ਐ ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ’ਤੇ ਜਿਸ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਉਹ ਹੁਣ ਮੁਕੰਮਲ ਹੋ ਚੁੱਕੀ ਐ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਨ ਦੀ ਤਿਆਰੀ ਕੀਤੀ ਜਾ ਰਹੀ ਐ।


ਕਿਹਾ ਜਾ ਰਿਹਾ ਏ ਕਿ ਸੁਖਬੀਰ ਬਾਦਲ ਧੜੇ ਵੱਲੋਂ ਇਸ ਪ੍ਰਕਿਰਿਆ ਵਿਚ ਕਥਿਤ ਤੌਰ ’ਤੇ ਅੜਿੱਕੇ ਡਾਹੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ,, ਪਰ ਕਿਵੇਂ ਨਾ ਕਿਵੇਂ ਇਹ ਪ੍ਰਕਿਰਿਆ ਤਾਂ ਮੁਕੰਮਲ ਹੋ ਕੇ ਹੀ ਰਹਿਣੀ ਐ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਕਹਿੰਦੀ ਐ ਪੰਜਾਬ ਦੀ ਮੌਜੂਦਾ ਪੰਥਕ ਸਿਆਸਤ ਅਤੇ ਪੰਜ ਮੈਂਬਰੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਲਈ ਕਿਹੜੇ-ਕਿਹੜੇ ਨਾਵਾਂ ਦੀ ਚੱਲ ਰਹੀ ਹੈ ਚਰਚਾ?


ਪਿਛਲੇ ਸਾਲ ਦੋ ਦਸੰਬਰ ਨੂੰ ਸੁਖਬੀਰ ਬਾਦਲ ਸਮੇਤ ਹੋਰ ਕਈ ਅਕਾਲੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਆਪਣੀ ਸਰਕਾਰ ਵੇਲੇ ਹੋਈਆਂ ਗ਼ਲਤੀਆਂ ਕੋਤਾਹੀਆਂ ਦੀ ਮੁਆਫ਼ੀ ਮੰਗੀ, ਜਿਸ ਤੋਂ ਬਾਅਦ ਸਿੰਘ ਸਾਹਿਬਾਨ ਵੱਲੋਂ ਬਹੁਤ ਹੀ ਸਖ਼ਤੀ ਭਰੇ ਫ਼ੈਸਲੇ ਸੁਣਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰਵਉੱਚਤਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਸ ਫ਼ੈਸਲੇ ਮਗਰੋਂ ਵੀ ਕੀ ਕੁੱਝ ਹੋਇਆ,, ਉਹ ਸਾਡੇ ਸਭ ਦੇ ਸਾਹਮਣੇ ਹੀ ਐ,,,ਸੁਖਬੀਰ ਬਾਦਲ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਸੀ ਕਿ ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਜੋ ਕੁੱਝ ਕਬੂਲਿਆ, ਉਹ ਦਬਾਅ ਵਿਚ ਆ ਕੇ ਕਬੂਲਿਆ,,, ਯਾਨੀ ਕਿ ਸਿੱਧਮ ਸਿੱਧਾ ਇਹ ਕਹਿ ਲਓ ਕਿ ਅਕਾਲ ਤਖ਼ਤ ਸਾਹਿਬ ’ਤੇ ਖੜ੍ਹ ਕੇ ਝੂਠ ਬੋਲਿਆ।


2 ਦਸੰਬਰ ਨੂੰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ’ਤੇ ਪਹਿਲਾਂ 7 ਮੈਂਬਰੀ ਅਤੇ ਫਿਰ 5 ਮੈਂਬਰੀ ਕਮੇਟੀ ਵੱਲੋਂ ਅਕਾਲੀ ਦਲ ਲਈ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਜੋ ਮੁਕੰਮਲ ਹੋ ਚੁੱਕੀ ਐ ਅਤੇ ਹੁਣ ਜਦੋਂ ਪ੍ਰਧਾਨ ਚੁਣਨ ਦੀ ਵਾਰੀ ਆ ਚੁੱਕੀ ਐ ਤਾਂ ਪੰਥਕ ਸਿਆਸਤ ਵਿਚ ਫਿਰ ਤੋਂ ਵੱਡਾ ਭੂਚਾਲ ਆਉਂਦਾ ਦਿਖਾਈ ਦੇ ਰਿਹਾ ਏ।


ਵਿਰੋਧੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੰਜ ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਇਜਲਾਸ ਕਰਨ ਦੀ ਇਜਾਜ਼ਤ ਮੰਗੀ ਗਈ ਐ, ਉਸ ਵਿਚ ਸੁਖਬੀਰ ਬਾਦਲ ਵੱਲੋਂ ਰੋੜਾ ਅਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਿਹਾ ਗਿਆ ਏ ਕਿ ਸੁਖਬੀਰ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜ਼ਰੀਏ ਦੋ ਦਸੰਬਰ ਦੇ ਫ਼ੈਸਲੇ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਅਤੇ ਪੰਜ ਮੈਂਬਰੀ ਕਮੇਟੀ ਦੇ ਪ੍ਰੋਗਰਾਮ ਨੂੰ ਰੁਕਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਆਓ ਤੁਹਾਨੂੰ ਪਹਿਲਾਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਬਿਆਨ ਸੁਣਾ ਦੇਨੇ ਆਂ।


ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਪੰਜ ਮੈਂਬਰੀ ਕਮੇਟੀ ਦੇ 11 ਅਗਸਤ ਨੂੰ ਹੋਣ ਵਾਲੇ ਇਜਲਾਸ ਤੋਂ ਪਹਿਲਾਂ ਇਕ ਮਤਾ ਪਾਸ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਏ ਕਿ ਜੇਕਰ ਕੋਈ ਧਿਰ 2 ਦਸੰਬਰ 2024 ਦੇ ਆਦੇਸ਼ ਨੂੰ ਇੰਨ ਬਿੰਨ ਨਹੀਂ ਮੰਨਣਾ ਚਾਹੁੰਦੀ ਤਾਂ ਉਨ੍ਹਾਂ ਨੂੰ ਆਪੋ ਆਪਣੀ ਸਿਆਸਤ ਮੁਬਾਰਕ ਐ,,, ਇਸ ਆਦੇਸ਼ ਤੋਂ ਇੰਝ ਜਾਪਦਾ ੲੈ ਕਿ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।


ਜਦਕਿ ਬਹੁਤ ਸਾਰੇ ਲੋਕਾਂ ਵੱਲੋਂ ਇਹ ਆਸ ਪ੍ਰਗਟਾਈ ਜਾ ਰਹੀ ਸੀ ਕਿ ਦੋ ਦਸੰਬਰ ਦੇ ਫ਼ੈਸਲੇ ਤੋਂ ਬਾਅਦ ਜੋ ਕੁੱਝ ਸੁਖਬੀਰ ਬਾਦਲ ਵੱਲੋਂ ਕੀਤਾ ਗਿਆ, ਅਕਾਲ ਤਖ਼ਤ ਉਸ ਨੂੰ ਫਿਰ ਤੋਂ ਤਲਬ ਕਰਕੇ ਪੁੱਛਗਿੱਛ ਕਰੇਗਾ,, ਪਰ ਹੁਣ ਇਸ ਦੀ ਉਮੀਦ ਘੱਟ ਹੀ ਜਾਪਦੀ ਐ। ਉਂਝ 11 ਅਗਸਤ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਕੀ ਰੁਖ਼ ਰਹੇਗਾ, ਇਹ ਵੀ ਦੇਖਣ ਵਾਲੀ ਗੱਲ ਹੋਵੇਗੀ। ਇਸ ਦੇ ਨਾਲ ਹੀ ਇਸ ਆਦੇਸ਼ ਵਿਚ ਪੰਜ ਮੈਂਬਰੀ ਕਮੇਟੀ ’ਤੇ ਵੀ ਨਿਸ਼ਾਨਾ ਸਾਧਿਆ ਗਿਆ ਅਤੇ ਕਿਹਾ ਗਿਆ ਕੋਈ ਵੀ ਧਿਰ ਜਾਂ ਕਮੇਟੀ ਆਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੋਣ ਦਾ ਦਾਅਵਾ ਨਾ ਕਰੇ।


ਇਸ ਆਦੇਸ਼ ਤੋਂ ਇਕ ਗੱਲ ਤਾਂ ਸਾਫ਼ ਹੁੰਦੀ ਦਿਖਾਈ ਦੇ ਰਹੀ ਐ ਕਿ ਸੁਖਬੀਰ ਬਾਦਲ ਕਦੇ ਵੀ ਆਪਣੀ ਕੁਰਸੀ ਨਹੀਂ ਛੱਡੇਗਾ, ਜਿਸ ਦਾ ਸਾਫ਼ ਮਤਲਬ ਇਹ ਐ ਕਿ ਹੁਣ ਇਕ ਨਵਾਂ ਅਕਾਲੀ ਦਲ ਬਣਨ ਦੀ ਪੂਰੀ ਸੰਭਾਵਨਾ ਦਿਖਾਈ ਦੇ ਰਹੀ ਐ ਕਿਉਂਕਿ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਅਜਿਹਾ ਆਦੇਸ਼ ਜਾਰੀ ਨਹੀਂ ਕੀਤਾ ਗਿਆ, ਜਿਸ ਵਿਚ ਸਾਰੀਆਂ ਪੰਥਕ ਜਥੇਬੰਦੀਆਂ ਨੂੰ 11 ਅਗਸਤ ਨੂੰ ਇਕੱਠੇ ਹੋਣ ਲਈ ਕਿਹਾ ਗਿਆ ਹੋਵੇ,,, ਪਰ ਖ਼ਬਰਾਂ ਇਹ ਵੀ ਮਿਲ ਰਹੀਆਂ ਨੇ ਕਿ ਪੰਜ ਮੈਂਬਰੀ ਕਮੇਟੀ ਆਪਣੇ ਪੱਧਰ ’ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਵਾਰਿਸ ਪੰਜਾਬ ਦੇ ਸਮੇਤ ਹੋਰ ਪੰਥਕ ਜਥੇਬੰਦੀਆਂ ਨੂੰ ਇਸ ਮੌਕੇ ਸੱਦਾ ਦੇ ਸਕਦੀ ਐ ਤਾਂ ਜੋ ਇਕ ਮਜ਼ਬੂਤ ਪੰਥਕ ਪਾਰਟੀ ਬਣਾਈ ਜਾ ਸਕੇ। ਜਿਸ ਦਾ ਪ੍ਰਧਾਨ ਸਰਬਸੰਮਤੀ ਨਾਲ ਚੁਣਿਆ ਜਾਵੇ ਅਤੇ ਜੇਕਰ ਸਰਬਸੰਮਤੀ ਨਾ ਬਣੇ ਤਾਂ ਵੋਟਿੰਗ ਕਰਵਾ ਕੇ ਪ੍ਰਧਾਨ ਚੁਣਿਆ ਜਾਵੇ।


ਉਂਝ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਐ ਕਿ ਪ੍ਰਧਾਨਗੀ ਦੇ ਲਈ ਕੁੱਝ ਨਾਮ ਤੈਅ ਕੀਤੇ ਗਏ ਨੇ, ਜਿਨ੍ਹਾਂ ਵਿਚ ਸਭ ਤੋਂ ਪਹਿਲਾ ਨਾਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਿਹਾ ਜਾ ਰਿਹਾ ਏ,,, ਜਿਨ੍ਹਾਂ ਦੇ ਨਾਮ ਦੀ ਪਹਿਲਾਂ ਵੀ ਕਈ ਵਾਰ ਚਰਚਾ ਹੋ ਚੁੱਕੀ ਐ,, ਪਰ ਜੇਕਰ ਉਨ੍ਹਾਂ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਤਾਂ ਉਨ੍ਹਾਂ ’ਤੇ ਸਾਰਿਆਂ ਦੀ ਸਹਿਮਤੀ ਬਣਨੀ ਮੁਸ਼ਕਲ ਐ ਕਿਉਂਕਿ ਕੁੱਝ ਪੰਥਕ ਜਥੇਬੰਦੀਆਂ ਉਨ੍ਹਾਂ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉਠਾਉਂਦੀਆਂ ਨੇ। ਦੂਜਾ ਨਾਮ ਸੁਰਜੀਤ ਸਿੰਘ ਰੱਖੜਾ ਦਾ ਲਿਆ ਜਾ ਰਿਹਾ ਏ,,, ਜੋ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਵਿਚ ਅਹਿਮ ਭੂਮਿਕਾ ਅਦਾ ਕਰਦੇ ਰਹੇ ਨੇ।


ਸੁਰਜੀਤ ਸਿੰਘ ਰੱਖੜਾ ਇਕ ਰਾਜਨੀਤਕ ਆਗੂ ਨੇ,, ਜਿਸ ਕਰਕੇ ਉਨ੍ਹਾਂ ਦੇ ਨਾਮ ਨੂੰ ਸਾਰਿਆਂ ਦੀ ਮਨਜ਼ੂਰੀ ਮਿਲਣਾ ਵੀ ਸੰਭਵ ਨਹੀਂ ਹੋਵੇਗਾ। ਪ੍ਰਧਾਨਗੀ ਲਈ ਤੀਜਾ ਨਾਮ ਸ਼ਹੀਦ ਭਾਈ ਅਮਰੀਕ ਸਿੰਘ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਦਾ ਲਿਆ ਜਾ ਰਿਹਾ ਏ। ਪ੍ਰਧਾਨਗੀ ਅਹੁਦੇ ਲਈ ਬੀਬੀ ਸਤਵੰਤ ਕੌਰ ਹੀ ਇਕ ਅਜਿਹੀ ਉਮੀਦਵਾਰ ਐ, ਜਿਸ ਦੇ ਨਾਮ ਨੂੰ ਨਾਂਹ ਕਹਿਣਾ ਕਿਸੇ ਪੰਥਕ ਜਥੇਬੰਦੀ ਲਈ ਔਖਾ ਹੀ ਨਹੀਂ ਬਲਕਿ ਅਸੰਭਵ ਹੋਵੇਗਾ। ਕੋਈ ਵੀ ਪਾਰਟੀ ਉਨ੍ਹਾਂ ਦੇ ਨਾਮ ’ਤੇ ਇਤਰਾਜ਼ ਕਰਕੇ ਫਾਲਤੂ ਦਾ ਵਿਰੋਧ ਸਹੇੜਨਾ ਨਹੀਂ ਚਾਹੇਗੀ ਕਿਉਂਕਿ ਪ੍ਰਧਾਨਗੀ ਦੇ ਅਹੁਦੇ ਲਈ ਸਿੱਖ ਕੌਮ ਦੇ ਮਹਾਨ ਸ਼ਹੀਦ ਦੀ ਬੇਟੀ ਤੋਂ ਉਪਰ ਹੋਰ ਕੌਣ ਹੋ ਸਕਦਾ ਏ।


ਵੈਸੇ ਵੀ ਪੰਜ ਮੈਂਬਰੀ ਕਮੇਟੀ ਦੀਆਂ ਰੈਲੀਆਂ ਦੌਰਾਨ ਉਨ੍ਹਾਂ ਦੇ ਜ਼ਬਰਦਸਤ ਭਾਸ਼ਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਨੇ, ਜਿਨ੍ਹਾਂ ਨੇ ਸਿੱਖ ਕੌਮ ਨੂੰ ਹਲੂਣਾ ਦੇਣਾ ਦਾ ਕੰਮ ਕੀਤਾ ਏ। ਵੈਸੇ ਮਨਪ੍ਰੀਤ ਸਿੰਘ ਇਆਲੀ ਦੇ ਨਾਮ ਦੀ ਵੀ ਕਾਫ਼ੀ ਚਰਚਾ ਹੋ ਰਹੀ ਐ,,, ਪਰ ਉਹ ਸਾਫ਼ ਤੌਰ ’ਤੇ ਆਖ ਚੁੱਕੇ ਨੇ ਕਿ ਉਹ ਹਾਲੇ ਇਸ ਅਹੁਦੇ ਦੇ ਕਾਬਲ ਨਹੀਂ,, ਇਹ ਜ਼ਿੰਮੇਵਾਰੀ ਵਾਲਾ ਅਹੁਦਾ ਕਿਸੇ ਗੁਰਸਿੱਖ ਅਤੇ ਨਿਤਨੇਮੀ ਸ਼ਖ਼ਸ਼ੀਅਤ ਨੂੰ ਮਿਲਣਾ ਚਾਹੀਦਾ ਏ।


ਕੁੱਝ ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਸ਼੍ਰੋਮਣੀ ਅਕਾਲੀ ਦਲ ਦਾ ਡਿੱਗਿਆ ਗ੍ਰਾਫ਼ ਸੁਖਬੀਰ ਬਾਦਲ ਦੇ ਪ੍ਰਧਾਨ ਹੁੰਦਿਆਂ ਕਦੇ ਉਪਰ ਨਹੀਂ ਉਠ ਸਕਦਾ। ਇਸੇ ਤਰ੍ਹਾਂ ਕੁੱਝ ਪੰਥਕ ਆਗੂਆਂ ਦਾ ਕਹਿਣਾ ਏ ਕਿ ਬੇਸ਼ੱਕ ਸੁਖਬੀਰ ਬਾਦਲ ਆਪਣੀਆਂ ਰੈਲੀਆਂ ਵਿਚ ਜਿੰਨਾ ਮਰਜ਼ੀ ਇਕੱਠ ਦਿਖਾਈ ਜਾਣ,,, ਪਰ ਜਦੋਂ ਵੋਟਾਂ ਦੀ ਵਾਰੀ ਆਵੇਗੀ, ਤਾਂ ਸੱਚੇ ਸਿੱਖ ਸਿਰਫ਼ ਤੇ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣਗੇ ਅਤੇ ਕਦੇ ਵੀ ਬੇਅਦਬੀਆਂ ਵਿਚ ਸ਼ਾਮਲ ਰਹੇ ਲੋਕਾਂ ਦਾ ਸਾਥ ਨਹੀਂ ਦੇਣਗੇ। ਉਹ ਵੀ ਅਜਿਹੇ ਲੋਕਾਂ ਦਾ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਭ ਕੁੱਝ ਕਬੂਲ ਕਰਕੇ,, ਬਾਅਦ ਵਿਚ ਮੁੱਕਰ ਗਏ ਹੋਣ।


ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਹਾਸ਼ੀਏ ’ਤੇ ਜਾਣ ਤੋਂ ਬਾਅਦ ਦੁਵਿਧਾ ਵਿਚ ਪਏ ਜ਼ਿਆਦਾਤਰ ਵੋਟਰ ਹੋਰਨਾਂ ਪਾਰਟੀਆਂ ਵਿਚ ਵੰਡੇ ਗਏ,,, ਜਿਸ ਨੂੰ ਵਾਪਸ ਲਿਆਉਣ ਲਈ ਸਾਂਸਦ ਅੰਮ੍ਰਿਤਪਾਲ ਸਿੰਘ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਬਣਾਈ ਗਈ ਐ ਅਤੇ ਹੁਣ 11 ਅਗਸਤ ਨੂੰ ਜਾਂ ਬਾਅਦ ਵਿਚ ਇਕ ਹੋਰ ਪਾਰਟੀ ਦਾ ਐਲਾਨ ਹੋ ਸਕਦਾ ਏ। ਕੁੱਝ ਸਿਆਸੀ ਜੋਤਸ਼ੀਆਂ ਦਾ ਕਹਿਣਾ ਏ ਕਿ ਜੇਕਰ ਨਵਾਂ ਅਕਾਲੀ ਦਲ ਬਣਿਆ ਅਤੇ ਉਸ ਨੂੰ ਕੋਈ ਸਰਬ ਪ੍ਰਮਾਣਿਤ ਪ੍ਰਧਾਨ ਮਿਲ ਗਿਆ ਤਾਂ 2027 ਦੀਆਂ ਚੋਣਾਂ ਵਿਚ ਇਸ ਦੇ ਬਿਹਤਰ ਨਤੀਜੇ ਸਾਹਮਣੇ ਆਉਣਗੇ।

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News