ਝੋਨੇ ਦੀ ਖ਼ਰੀਦ ਨਾ ਹੋਣ ’ਤੇ ਆੜ੍ਹਤੀਆਂ, ਕਿਸਾਨ ਮਜ਼ਦੂਰਾਂ ਨੇ ਠੋਕਿਆ ਧਰਨਾ

ਪਿਛਲੇ 10 ਦਿਨਾਂ ਤੋਂ ਆਪਣੀ ਫਸਲ ਵਿਕਣ ਦੇ ਇੰਤਜ਼ਾਰ ਵਿਚ ਬੈਠੇ ਕਿਸਾਨਾਂ, ਮਜ਼ਦੂਰਾਂ ਅਤੇ ਆਡ਼੍ਹਤੀਆਂ ਨੇ ਅੱਜ ਖੰਨਾ-ਨਵਾਂਸ਼ਹਿਰ ਹਾਈਵੇ ’ਤੇ ਧਰਨਾ ਲਗਾ ਕੇ ਚੱਕਾ ਜਾਮ ਕਰ ਦਿੱਤਾ। ਅੱਜ ਸਵੇਰੇ ਮਾਛੀਵਾਡ਼ਾ ਆਡ਼੍ਹਤੀ ਐਸੋਸ਼ੀਏਸ਼ਨ ਵਲੋਂ ਆਪਣੀਆਂ ਸਮੱਸਿਆਵਾਂ ਦਾ ਹੱਲ ਨਾ ਹੋਣ ’ਤੇ ਆਡ਼੍ਹਤੀਆਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਮੁਜਾਹਰਾ ਕੀਤਾ...

Update: 2024-10-10 13:19 GMT
ਝੋਨੇ ਦੀ ਖ਼ਰੀਦ ਨਾ ਹੋਣ ’ਤੇ ਆੜ੍ਹਤੀਆਂ, ਕਿਸਾਨ ਮਜ਼ਦੂਰਾਂ ਨੇ ਠੋਕਿਆ ਧਰਨਾ
  • whatsapp icon

ਖੰਨਾ : ਪਿਛਲੇ 10 ਦਿਨਾਂ ਤੋਂ ਆਪਣੀ ਫਸਲ ਵਿਕਣ ਦੇ ਇੰਤਜ਼ਾਰ ਵਿਚ ਬੈਠੇ ਕਿਸਾਨਾਂ, ਮਜ਼ਦੂਰਾਂ ਅਤੇ ਆਡ਼੍ਹਤੀਆਂ ਨੇ ਅੱਜ ਖੰਨਾ-ਨਵਾਂਸ਼ਹਿਰ ਹਾਈਵੇ ’ਤੇ ਧਰਨਾ ਲਗਾ ਕੇ ਚੱਕਾ ਜਾਮ ਕਰ ਦਿੱਤਾ। ਅੱਜ ਸਵੇਰੇ ਮਾਛੀਵਾਡ਼ਾ ਆਡ਼੍ਹਤੀ ਐਸੋਸ਼ੀਏਸ਼ਨ ਵਲੋਂ ਆਪਣੀਆਂ ਸਮੱਸਿਆਵਾਂ ਦਾ ਹੱਲ ਨਾ ਹੋਣ ’ਤੇ ਆਡ਼੍ਹਤੀਆਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਮੁਜਾਹਰਾ ਕੀਤਾ ਅਤੇ ਫਿਰ ਸਡ਼ਕ ’ਤੇ ਪੱਕਾ ਧਰਨਾ ਲਗਾ ਦਿੱਤਾ। ਇਸ ਧਰਨੇ ਵਿਚ ਉਨ੍ਹਾਂ ਦਾ ਸਾਥ ਵੱਖ-ਵੱਖ ਕਿਸਾਨ ਯੂਨੀਅਨਾਂ, ਮਜ਼ਦੂਰ ਯੂਨੀਅਨਾਂ ਅਤੇ ਸ਼ੈਲਰ ਮਾਲਕਾਂ ਨੇ ਦਿੰਦਿਆਂ ਕਿਹਾ ਕਿ ਸਰਕਾਰ ਗੰਭੀਰਤਾ ਨਾਲ ਜੋ ਵੀ ਉਨ੍ਹਾਂ ਦੀਆਂ ਸਮੱਸਿਆਵਾਂ ਹਨ ਉਨ੍ਹਾਂ ਦਾ ਹੱਲ ਕਰੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਡ਼੍ਹਤੀ ਐਸੋ. ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਅਸੀਂ ਸਮੂਹ ਆਡ਼੍ਹਤੀ ਫਸਲ ਖਰੀਦ ਸ਼ੁਰੂ ਕਰਵਾਉਣ ਨੂੰ ਤਿਆਰ ਹਾਂ ਪਰ ਸਰਕਾਰ ਇਹ ਤਾਂ ਦੱਸੇ ਕਿ ਝੋਨੇ ਦੀ ਤੁਲਾਈ ਤੋਂ ਬਾਅਦ ਉਸ ਨੂੰ ਲਿਫਟ ਕੌਣ ਕਰੇਗਾ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕ ਝੋਨਾ ਚੁੱਕਣ ਨੂੰ ਤਿਆਰ ਨਹੀਂ ਕਿਉਂਕਿ ਸਰਕਾਰ ਕੋਲ ਗੁਦਾਮਾਂ ਵਿਚ ਪਿਡ਼ਾਈ ਤੋਂ ਬਾਅਦ ਚਾਵਲ ਲਗਾਉਣ ਲਈ ਜਗ੍ਹਾ ਨਹੀਂ। ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਸਰਕਾਰ 72 ਘੰਟੇ ਅੰਦਰ ਫਸਲ ਲਿਫਟਿੰਗ ਦਾ ਪ੍ਰਬੰਧ ਕਰੇ ਉਹ ਤੁਰੰਤ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾ ਦੇਣਗੇ।

ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ ਅਤੇ ਉਨ੍ਹਾਂ ਨੂੰ ਆਸ ਹੁੰਦੀ ਹੈ ਕਿ ਅੱਜ ਉਨ੍ਹਾਂ ਦੀ ਫਸਲ ਵਿਕੇਗੀ ਪਰ ਸਰਕਾਰ ਦੀਆਂ ਠੋਸ ਨੀਤੀਆਂ ਨਾ ਹੋਣ ਕਾਰਨ ਫਸਲ ਨਹੀਂ ਵਿਕ ਰਹੀ। ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰ ਅਤੇ ਆਡ਼੍ਹਤੀ ਇੱਕਜੁਟ ਹੋ ਕੇ ਧਰਨਾ ਲਗਾਉਣ ਲਈ ਮਜ਼ਬੂਰ ਹੋ ਰਹੇ ਹਨ ਕਿ ਉਨ੍ਹਾਂ ਦੀ ਫਸਲ ਵੇਚਣ ਦਾ ਸਰਕਾਰ ਪ੍ਰਬੰਧ ਕਰੇ।

ਸ਼ੈਲਰ ਐਸੋਸ਼ੀਏਸ਼ਨ ਦੇ ਸਾਬਕਾ ਪ੍ਰਧਾਨ ਰੁਪਿੰਦਰ ਸਿੰਘ ਬੈਨੀਪਾਲ ਅਤੇ ਸਮੂਹ ਸ਼ੈਲਰ ਮਾਲਕਾਂ ਨੇ ਵੀ ਧਰਨੇ ਵਿਚ ਸ਼ਮੂਲੀਅਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੁਪਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਜਿੰਨੀ ਦੇਰ ਤੱਕ ਸਰਕਾਰ ਗੁਦਾਮਾਂ ਵਿਚ ਪਿਆ ਪੁਰਾਣਾ ਚਾਵਲ ਨਹੀਂ ਚੁੱਕਦੀ ਉਦੋਂ ਤੱਕ ਉਹ ਨਵਾਂ ਝੋਨਾ ਪਿਡ਼ਾਈ ਲਈ ਮੰਡੀਆਂ ’ਚੋਂ ਨਹੀਂ ਚੁੱਕਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸ਼ੈਲਰ ਮਾਲਕਾਂ ਨੂੰ ਵੱਡਾ ਆਰਥਿਕ ਘਾਟਾ ਪਿਆ ਕਿਉਂਕਿ ਗੁਦਾਮਾਂ ਵਿਚ ਚਾਵਲ ਲਗਾਉਣ ਲਈ ਜਗ੍ਹਾ ਹੀ ਨਹੀਂ ਮਿਲੀ। ਸ਼ੈਲਰ ਮਾਲਕਾਂ ਨੇ ਕਿਹਾ ਕਿ ਬੇਸ਼ੱਕ ਸਰਕਾਰ ਉਨ੍ਹਾਂ ਦੇ ਸ਼ੈਲਰਾਂ ਵਿਚ ਆਪਣੀ ਨਿਗਰਾਨੀ ਹੇਠ ਝੋਨਾ ਸਟੋਰ ਕਰ ਲਵੇ ਪਰ ਉਹ ਪਿਡ਼ਾਈ ਲਈ ਉਦੋਂ ਚੁੱਕਣਗੇ ਜਦੋਂ ਗੁਦਾਮਾਂ ਵਿਚ ਜਗ੍ਹਾ ਬਣ ਜਾਵੇਗੀ।

ਧਰਨੇ ਵਿਚ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੀ ਵਿਸ਼ੇਸ਼ ਤੌਰ ’ਤੇ ਪੁੱਜੇ ਜਿਨ੍ਹਾਂ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਪੁੱਜੇ ਜਿਨ੍ਹਾਂ ਨੇ ਆਡ਼੍ਹਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਖਰੀਦ ਸ਼ੁਰੂ ਕਰਵਾਉਣ ਜਿਸ ਨੂੰ ਏਜੰਸੀਆਂ 72 ਘੰਟੇ ਵਿਚ ਲਿਫਟਿੰਗ ਕਰਵਾਉਣਗੀਆਂ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕਾਂ ਦੀਆਂ ਮੰਗਾਂ ਵੀ ਬਿਲਕੁਲ ਜਾਇਜ਼ ਹਨ ਕਿਉਂਕਿ ਗੁਦਾਮਾਂ ਵਿਚ ਜਗ੍ਹਾ ਨਾ ਹੋਣ ਕਾਰਨ ਉਨ੍ਹਾਂ ਨੂੰ ਵੱਡੇ ਆਰਥਿਕ ਘਾਟੇ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰ ਗੁਦਾਮਾਂ ਵਿਚ ਜਗ੍ਹਾ ਬਣਾਉਣ ਲਈ ਯਤਨਸ਼ੀਲ ਹੈ ਜਿਸ ਦਾ ਹੱਲ ਜਲਦ ਕੱਢ ਲਿਆ ਜਾਵੇਗਾ।

Tags:    

Similar News