ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਗੜ੍ਹ ਵਿਚ ਲਾਈ ਸੰਨ੍ਹ

ਕਾਂਗਰਸ ਦੇ ਗੜ੍ਹ ਵਿਚ ਸੰਨ੍ਹ ਲਾਉਂਦਿਆਂ ਆਮ ਆਦਮੀ ਪਾਰਟੀ ਨੇ ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ਵਿਧਾਨ ਸਭਾ ਸੀਟਾਂ ਜਿੱਤ ਲਈਆਂ ਪਰ ਬਰਨਾਲਾ ਦੀ ਆਪਣੀ ਸੀਟ ਬਚਾਉਣ ਵਿਚ ਨਾਕਾਮਯਾਬ ਰਹੀ।;

Update: 2024-11-23 10:23 GMT

ਚੰਡੀਗੜ੍ਹ : ਕਾਂਗਰਸ ਦੇ ਗੜ੍ਹ ਵਿਚ ਸੰਨ੍ਹ ਲਾਉਂਦਿਆਂ ਆਮ ਆਦਮੀ ਪਾਰਟੀ ਨੇ ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ਵਿਧਾਨ ਸਭਾ ਸੀਟਾਂ ਜਿੱਤ ਲਈਆਂ ਪਰ ਬਰਨਾਲਾ ਦੀ ਆਪਣੀ ਸੀਟ ਬਚਾਉਣ ਵਿਚ ਨਾਕਾਮਯਾਬ ਰਹੀ। ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਜੇਤੂ ਰਹੇ ਜਿਨ੍ਹਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਨੂੰ ਹਰਾਇਆ ਜਦਕਿ ਗਿੱਦੜਬਾਹਾ ਤੋਂ ਆਪ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਜੇਤੂ ਰਹੇ ਜਿਨ੍ਹਾਂ ਨੇ ਰਾਜਾ ਵੜਿੰਗ ਦੀ ਪਤਨੀ ਨੂੰ ਹਰਾਇਆ। ਦੂਜੇ ਪਾਸੇ ਚੱਬੇਵਾਲ ਤੋਂ ਆਪ ਦੇ ਇਸ਼ਾਂਕ ਚੱਬੇਵਾਲ ਨੇ ਜਿੱਤ ਦਰਜ ਕੀਤੀ ਪਰ ਬਰਨਾਲਾ ਤੋਂ ਆਪ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਜੇਤੂ ਰਹੇ।

ਡੇਰਾ ਬਾਬਾ ਨਾਨਕ, ਗਿੱਦੜਬਾਹਾ ਅਤੇ ਚੱਬੇਵਾਲ ਸੀਟਾਂ ਜਿੱਤੀਆਂ

ਇਸੇ ਦੌਰਾਨ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਨੇ ਵੱਡੀ ਜਿੱਤ ਦਰਜ ਕੀਤੀ ਜਦਕਿ ਝਾਰਖੰਡ ਵਿਚ ਇੰਡੀਆ ਗਠਜੋੜ ਮੁੜ ਸੱਤਾ ’ਤੇ ਕਾਬਜ਼ ਹੋਣ ਵਿਚ ਸਫ਼ਲ ਰਿਹਾ। ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਨੇ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ ਸਾਢੇ ਪੰਜ ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ। ਗੁਰਦੀਪ ਸਿੰਘ ਰੰਧਾਵਾ ਨੂੰ 59,104 ਵੋਟਾਂ ਮਿਲੀਆਂ ਜਦਕਿ ਜਤਿੰਦਰ ਕੌਰ ਰੰਧਾਵਾ 53,405 ਵੋਟਾਂ ਹਾਸਲ ਕਰਨ ਵਿਚ ਸਫ਼ਲ ਰਹੇ। ਭਾਜਪਾ ਦੇ ਰਵੀਕਰਨ ਸਿੰਘ ਕਾਹਲੋਂ 6,505 ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੇ।

ਬਰਨਾਲਾ ਵਾਲੀ ਆਪਣੀ ਸੀਟ ਬਚਾਉਣ ਵਿਚ ਨਾਕਾਮਯਾਬ ਰਹੀ ‘ਆਪ’

ਗਿੱਦੜਬਾਹਾ ਸੀਟ ’ਤੇ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਤਕਰੀਬਨ 22 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ। ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਡਿੰਪੀ ਢਿੱਲੋਂ ਨੂੰ 71,198 ਵੋਟਾਂ ਮਿਲੀਆਂ ਜਦਕਿ ਅੰਮ੍ਰਿਤਾ ਵੜਿੰਗ 49,397 ਵੋਟਾਂ ਹੀ ਹਾਸਲ ਕਰ ਸਕੇ। ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ 12,174 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ। ਦੱਸ ਦੇਈਏ ਕਿ ਰਾਜਾ ਵੜਿੰਗ ਇਸ ਸੀਟ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਰਹੇ ਪਰ ਲੁਧਿਆਣਾ ਲੋਕ ਸਭਾ ਹਲਕੇ ਦੀ ਚੋਣ ਲੜਨ ਵਾਸਤੇ ਗਿੱਦੜਬਾਹਾ ਤੋਂ ਅਸਤੀਫ਼ਾ ਦੇ ਦਿਤਾ। ਗਿੱਦੜਬਾਹਾ ਸੀਟ ਜਿੱਤਣ ਮਗਰੋਂ ਡਿੰਪੀ ਢਿੱਲੋਂ ਨੇ ਕਿਹਾ ਕਿ ਇਹ ਇਕੱਲਿਆਂ ਉਨ੍ਹਾਂ ਦੀ ਜਿੱਤ ਨਹੀਂ ਸਗੋਂ ਸਾਰੇ ਵਰਕਰਾਂ ਦੀ ਜਿੱਤ ਹੈ ਜਿਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਦਿਨ-ਰਾਤ ਇਕ ਕਰ ਦਿਤਾ। ਹੁਸ਼ਿਆਰਪੁਰ ਜ਼ਿਲ੍ਹੇ ਦੀ ਚੱਬੇਵਾਲ ਸੀਟ ਤੋਂ ਆਮ ਆਦਮੀ ਪਾਰਟੀ ਦੇ ਡਾ. ਇਸ਼ਾਂਕ ਕੁਮਾਰ ਜੇਤੂ ਰਹੇ। ਉਨ੍ਹਾਂ ਨੇ ਕਾਂਗਰਸ ਦੇ ਰਣਜੀਤ ਕੁਮਾਰ ਨੂੰ 28,582 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ਼ਾਂਕ ਕੁਮਾਰ ਨੂੰ 51,904 ਵੋਟਾਂ ਪਈਆਂ ਜਦਕਿ ਕਾਂਗਰਸ ਦੇ ਰਣਜੀਤ ਸਿੰਘ 23,214 ਵੋਟਾਂ ਹਾਸਲ ਕਰਨ ਵਿਚ ਸਫ਼ਲ ਰਹੇ। ਦੱਸ ਦੇਈਏ ਕਿ ਇਸ਼ਾਂਕ ਕੁਮਾਰ ਹੁਸ਼ਿਆਰਪੁਰ ਲੋਕ ਸੀਟ ਤੋਂ ਐਮ.ਪੀ. ਡਾ. ਰਾਜਕੁਮਾਰ ਚੱਬੇਵਾਲ ਦੇ ਬੇਟੇ ਹਨ।

ਮਹਾਰਾਸ਼ਟਰ ਵਿਚ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਦੀ ਵੱਡੀ ਜਿੱਤ

ਬਰਨਾਲਾ ਸੀਟ ਕਾਂਗਰਸ ਦੀ ਝੋਲੀ ਵਿਚ ਗਈ ਜਿਥੇ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 2,157 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ ਹਰਾਇਆ। ਕਾਲਾ ਢਿੱਲੋਂ ਨੂੰ 28,254 ਵੋਟਾਂ ਮਿਲੀਆਂ ਜਦਕਿ ਹਰਿੰਦਰ ਸਿੰਘ ਧਾਲੀਵਾਲ 26,097 ਵੋਟਾਂ ਹਾਸਲ ਕਰਨ ਵਿਚ ਸਫ਼ਲ ਰਹੇ। ਭਾਜਪਾ ਦੇ ਕੇਵਲ ਸਿੰਘ ਢਿੱਲੋਂ 17,598 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਨੂੰ ਵੱਡੀ ਜਿੱਤ ਹਾਸਲ ਹੋਈ ਅਤੇ ਅੰਤਮ ਰਿਪੋਰਟਾਂ ਮਿਲਣ ਤੱਕ 288 ਮੈਂਬਰਾਂ ਵਾਲੇ ਸਦਨ ਵਿਚ 215 ਸੀਟਾਂ ਮਿਲੀਆਂ ਜਦਕਿ ਕਾਂਗਰਸ ਦੀ ਅਗਵਾਈ ਵਾਲਾ ਗਠਜੋੜ 52 ਸੀਟਾਂ ਤੱਕ ਸੀਮਤ ਰਹਿ ਗਿਆ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਨਵੇਂ ਸੀ.ਐਮ. ਬਾਰੇ ਫੈਸਲਾ ਸਰਬਸੰਮਤੀ ਨਾਲ ਲਿਆ ਜਾਵੇਗਾ। ਭਾਜਪਾ ਦੀ ਅਗਵਾਈ ਵਾਲੀ ਗਠਜੋੜ ਵਿਚ ਸ਼ਿਵ ਸੈਨਾ (ਸ਼ਿਦੇ ਧੜਾ) ਅਤੇ ਐਨ.ਸੀ.ਪੀ. (ਅਜੀਤ ਪਵਾਰ ਧੜਾ) ਸ਼ਾਮਲ ਹਨ ਜਦਕਿ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਵਿਚ ਸ਼ਿਵ ਸੈਨਾ (ਉਧਵ ਠਾਕਰੇ ਧੜਾ) ਅਤੇ ਐਨ.ਸੀ.ਪੀ. (ਸ਼ਰਦ ਪਵਾਰ ਧੜਾ) ਸ਼ਾਮਲ ਹਨ। ਝਾਰਖੰਡ ਦਾ ਜ਼ਿਕਰ ਕੀਤਾ ਜਾਵੇ ਤਾਂ ਹੇਮੰਤ ਸੋਰੇਨ ਦਾ ਮੁੜ ਮੁੱਖ ਮੰਤਰੀ ਬਣਨਾ ਤੈਅ ਹੋ ਗਿਆ ਹੈ। 81 ਸੀਟਾਂ ਵਾਲੀ ਵਿਧਾਨ ਸਭਾ ਵਿਚ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲੇ ਗਠਜੋੜ ਨੂੰ ਨੂੰ 54 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਜਦਕਿ ਭਾਜਪਾ ਦੀ ਅਗਵਾਈ ਵਾਲਾ ਗਠਜੋੜ 29 ਸੀਟਾਂ ਜਿੱਤ ਰਿਹਾ ਹੈ। ਦੋ ਲੋਕ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਵਿਚੋਂ ਕੇਰਲ ਦੀ ਵਾਇਨਾੜ ਲੋਕ ਸਭਾ ਸੀਟ ਪ੍ਰਿਅੰਕਾ ਗਾਂਧੀ ਵਾਡਰਾ ਨੇ 4 ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਲਈ ਅਤੇ ਭਾਜਪਾ ਦੀ ਉਮੀਦਵਾਰ ਨਵਯਾ ਹਰੀਦਾਸ ਤੀਜੇ ਸਥਾਨ ’ਤੇ ਰਹੀ। ਮਹਾਰਾਸ਼ਟਰ ਦੀ ਨਾਂਦੇੜ ਲੋਕ ਸਭਾ ਸੀਟ ਤੋਂ ਭਾਜਪਾ ਦੇ ਡਾ. ਸੰਤੁਕ ਹੰਬਾਰਡੇ ਜੇਤੂ ਰਹੇ।

Similar News