ਹਿਮਾਚਲ ਪ੍ਰਦੇਸ਼ ’ਚ ਘੁੰਮਣ ਗਏ ਸਪੇਨਿਸ਼ ਜੋੜੇ ਨਾਲ ਹੋਈ ਕੁੱਟਮਾਰ
ਹਿਮਾਚਲ ਪ੍ਰਦੇਸ਼ ਵਿਚ ਸਪੇਨ ਤੋਂ ਆਏ ਇਕ ਪੰਜਾਬੀ ਪਰਿਵਾਰ ਦੀ ਉਥੋਂ ਦੇ ਕੁੱਝ ਲੋਕਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੇ ਜਾਣ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਏ, ਜਿਸ ਤੋਂ ਬਾਅਦ ਐਨਆਰਆਈ ਨੌਜਵਾਨ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ।
ਅੰਮ੍ਰਿਤਸਰ : ਹਿਮਾਚਲ ਪ੍ਰਦੇਸ਼ ਵਿਚ ਸਪੇਨ ਤੋਂ ਆਏ ਇਕ ਪੰਜਾਬੀ ਪਰਿਵਾਰ ਦੀ ਉਥੋਂ ਦੇ ਕੁੱਝ ਲੋਕਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੇ ਜਾਣ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਏ, ਜਿਸ ਤੋਂ ਬਾਅਦ ਐਨਆਰਆਈ ਨੌਜਵਾਨ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਹਮਲੇ ਦਾ ਸ਼ਿਕਾਰ ਹੋਏ ਪਰਿਵਾਰ ਨੇ ਪੰਜਾਬੀਆਂ ਨੂੰ ਹਿਮਾਚਲ ਵਿਚ ਨਾ ਜਾਣ ਦੀ ਅਪੀਲ ਕੀਤੀ ਐ।
ਹਿਮਾਚਲ ਪ੍ਰਦੇਸ਼ ਦੇ ਡਲਹੌਜੀ ਵਿਖੇ ਘੁੰਮਣ ਲਈ ਗਏ ਐਨਆਰਆਈ ਪਰਿਵਾਰ ਨਾਲ ਪਾਰਕਿੰਗ ਦੇ ਠੇਕੇਦਾਰ ਦੀ ਕਹਾਸੁਣੀ ਹੋ ਗਈ, ਜਿਸ ਤੋਂ ਬਾਅਦ ਪਾਰਕਿੰਗ ਠੇਕੇਦਾਰ ਨੇ ਉਥੇ ਸੌ ਤੋਂ ਜ਼ਿਆਦਾ ਬੰਦੇ ਇਕੱਠੇ ਕਰ ਲਏ ਅਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਐਨਆਰਆਈ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਯੂਰਪ ਵਿਚ ਰਹਿ ਰਹੇ ਸੀ ਪਰ ਉਥੋਂ ਸਭ ਕੁੱਝ ਵੇਚ ਵੱਟ ਕੇ ਪੰਜਾਬ ਵਿਚ ਰਹਿਣ ਲਈ ਆਏ ਨੇ।
ਜਦੋਂ ਉਹ ਹਿਮਾਚਲ ਵਿਚ ਘੁੰਮਣ ਲਈ ਗਏ ਤਾਂ ਉਨ੍ਹਾਂ ਨਾਲ ਹਿਮਾਚਲ ਦੇ ਲੋਕਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦਾ ਭਰਾ ਵੀ ਮੌਜੂਦ ਸੀ। ਉਨ੍ਹਾਂ ਇਹ ਵੀ ਆਖਿਆ ਕਿ ਇਹ ਸਭ ਕੁੱਝ ਪੁਲਿਸ ਦੇ ਸਾਹਮਣੇ ਹੋਇਆ ਅਤੇ ਪੁਲਿਸ ਨੇ ਕੁੱਟਮਾਰ ਦੀਆਂ ਵੀਡੀਓ ਵੀ ਡਿਲੀਟ ਕਰਵਾ ਦਿੱਤੀਆਂ।
ਇਸ ਘਟਨਾਾ ’ਤੇ ਬੋਲਦਿਆਂ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਆਖਿਆ ਕਿ ਉਹ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਨੇ। ਉਨ੍ਹਾਂ ਪੰਜਾਬ ਅਤੇ ਹਿਮਾਚਲ ਦੀ ਸਰਕਾਰ ਤੋਂ ਮੰਗ ਕੀਤੀ ਕਿ ਐਨਆਰਆਈ ਪਰਿਵਾਰ ਦੀ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਦੱਸ ਦਈਏ ਕਿ ਇਸ ਐਨਆਰਆਈ ਪਰਿਵਾਰ ਕੋਲ ਸਪੇਨਿਸ਼ ਪਾਸਪੋਰਟ ਨੇ ਅਤੇ ਇਹ ਪਰਿਵਾਰ ਇੱਥੇ ਪੰਜਾਬ ਵਿਚ ਪੱਕੇ ਤੌਰ ’ਤੇ ਆਪਣਾ ਕਾਰੋਬਾਰ ਕਰਨ ਲਈ ਆਇਆ ਏ। ਇਹ ਪਰਿਵਾਰ ਹਲਕਾ ਮਜੀਠਾ ਦੇ ਪਿੰਡ ਪੰਨਵਾਂ ਦਾ ਰਹਿਣ ਵਾਲਾ ਏ।