ਅਮਰੀਕਾ ’ਚ ਪੰਜਾਬੀ ਮੁੰਡੇ ਨਾਲ ਵਾਪਰ ਗਿਆ ਭਾਣਾ, ਦਿਲ ਦੌਰਾ ਪੈਣ ਮਗਰੋਂ ਤੋੜਿਆ ਦਮ

ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਨੇ ਉਨ੍ਹਾਂ ਮਾਪਿਆਂ ਦੀਆਂ ਚਿੰਤਾਵਾਂ ਵਧਾਈਆਂ ਹੋਈਆਂ ਨੇ, ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿਚ ਰਹਿ ਰਹੇ ਨੇ। ਕੋਈ ਹਫ਼ਤਾ ਅਜਿਹਾ ਨਹੀਂ ਲੰਘਦਾ ਜਦੋਂ ਵਿਦੇਸ਼ ਤੋਂ ਕੋਈ ਮੰਦਭਾਗੀ ਖ਼ਬਰ ਨਾ ਆਉਂਦੀ ਹੋਵੇ। ਹੁਣ ਫਿਰ ਅਮਰੀਕਾ ਤੋਂ ਅਜਿਹੀ ਹੀ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਐ;

Update: 2024-07-10 14:10 GMT

ਹੁਸ਼ਿਆਰਪੁਰ : ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਨੇ ਉਨ੍ਹਾਂ ਮਾਪਿਆਂ ਦੀਆਂ ਚਿੰਤਾਵਾਂ ਵਧਾਈਆਂ ਹੋਈਆਂ ਨੇ, ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿਚ ਰਹਿ ਰਹੇ ਨੇ। ਕੋਈ ਹਫ਼ਤਾ ਅਜਿਹਾ ਨਹੀਂ ਲੰਘਦਾ ਜਦੋਂ ਵਿਦੇਸ਼ ਤੋਂ ਕੋਈ ਮੰਦਭਾਗੀ ਖ਼ਬਰ ਨਾ ਆਉਂਦੀ ਹੋਵੇ। ਹੁਣ ਫਿਰ ਅਮਰੀਕਾ ਤੋਂ ਅਜਿਹੀ ਹੀ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਇਕ 29 ਸਾਲਾਂ ਦੇ ਪੰਜਾਬੀ ਨੌਜਵਾਨ ਗੁਰਭੇਜ ਸਿੰਘ ਦੀ ਮੌਤ ਹੋ ਗਈ। ਗੁਰਭੇਜ ਦੀ ਮੌਤ ਨੇ ਸਾਰੇ ਪਰਿਵਾਰ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ, ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਐ।

ਅਮਰੀਕਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਮੁਕੇਰੀਆਂ ਦੇ ਪਿੰਡ ਬਰਨਾਲਾ ਦੇ ਰਹਿਣ ਵਾਲੇ 29 ਸਾਲਾ ਨੌਜਵਾਨ ਗੁਰਭੇਜ ਸਿੰਘ ਦੀ ਮੌਤ ਹੋ ਗਈ। ਗੁਰਭੇਜ ਸਿੰਘ ਆਪਣੇ ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਰਘਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ 2015 ਵਿਚ ਵਰਕ ਪਰਮਿਟ ’ਤੇ ਅਮਰੀਕਾ ਗਿਆ ਸੀ ਜੋ ਉਥੇ ਕੈਲੀਫੋਰਨੀਆ ਵਿਚ ਰਹਿੰਦਾ ਸੀ। ਕੁੱਝ ਸਾਲ ਪਹਿਲਾਂ ਗੁਰਭੇਜ ਸਿੰਘ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ ਸੀ ਪਰ ਹੁਣ ਉਹ ਬਿਲਕੁਲ ਠੀਕ ਠਾਕ ਸੀ।

ਤਿੰਨ ਦਿਨ ਪਹਿਲਾਂ ਉਸ ਦਾ ਫ਼ੋਨ ਆਇਆ ਸੀ ਅਤੇ ਛੋਟੇ ਭਰਾ ਦੇ ਵਿਆਹ ਵਿਚ ਆਉਣ ਦੀ ਗੱਲ ਆਖ ਰਿਹਾ ਸੀ, ਕਿਉਂਕਿ ਉਸ ਦੇ ਛੋਟੇ ਭਰਾ ਦਾ ਵਿਆਹ ਤੈਅ ਕੀਤਾ ਹੋਇਆ ਏ। ਪੂਰਾ ਪਰਿਵਾਰ ਉਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਪਰ ਉਸ ਨੇ ਤਾਂ ਕੀ ਆਉਣਾ ਸੀ, ਉਸ ਦੀ ਮੌਤ ਦੀ ਖ਼ਬਰ ਆ ਗਈ, ਜਿਸ ਨੂੰ ਸੁਣ ਕੇ ਪੂਰਾ ਪਰਿਵਾਰ ਸਦਮੇ ਵਿਚ ਐ। ਗੁਰਭੇਜ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਲੜਕਾ ਕੈਨੇਡਾ ਵਿਖੇ ਰਹਿੰਦਾ ਨੇ ਜੋ ਗੁਰਭੇਜ ਦੀ ਮੌਤ ਬਾਰੇ ਸੁਣ ਕੇ ਤੁਰੰਤ ਅਮਰੀਕਾ ਚਲਾ ਗਿਆ।

ਇਸੇ ਤਰ੍ਹਾਂ ਮ੍ਰਿਤਕ ਨੌਜਵਾਨ ਦੇ ਚਾਚਾ ਸੁਖਦੇਵ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਦਾ ਫ਼ੋਨ ਆਇਆ ਸੀ, ਅਸੀਂ ਉਸ ਦੇ ਵਿਆਹ ਦੀਆਂ ਗੱਲਾਂ ਕਰ ਰਹੇ ਸੀ ਪਰ ਉਹ ਹਾਸੇ ਵਿਚ ਟਾਲੀ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਗੁਰਭੇਜ ਬਹੁਤ ਹੀ ਚੰਗਾ ਮੁੰਡਾ ਸੀ।

ਗੁਰਭੇਜ ਸਿੰਘ ਦੀ ਮੌਤ ’ਤੇ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਨੇ ਆਖਿਆ ਕਿ ਗੁਰਭੇਜ ਬਹੁਤ ਹੀ ਸਾਊ ਅਤੇ ਹੋਣਹਾਰ ਮੁੰਡਾ ਸੀ ਜੋ ਅਮਰੀਕਾ ਵਿਚ ਵਧੀਆ ਕੰਮ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਬੱਚੇ ਕਮਾਈਆਂ ਕਰਨ ਲਈ ਵਿਦੇਸ਼ ਭੇਜਦੇ ਆਂ ਪਰ ਜਦੋਂ ਉਹ ਵਾਪਸ ਨਹੀਂ ਆਉਂਦੇ ਤਾਂ ਇਹ ਪਰਿਵਾਰਾਂ ਦੇ ਲਈ ਬਹੁਤ ਅਸਹਿਣਯੋਗ ਦੁੱਖ ਹੁੰਦਾ ਏ।

ਦੱਸ ਦਈਏ ਕਿ ਗੁਰਭੇਜ ਸਿੰਘ ਦਾ ਅੰਤਿਮ ਸਸਕਾਰ ਅਮਰੀਕਾ ਵਿਚ ਕੀਤਾ ਜਾਵੇਗਾ ਜਾਂ ਫਿਰ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ, ਇਸ ਸਬੰਧੀ ਪਰਿਵਾਰ ਵੱਲੋਂ ਵਿਚਾਰ ਕੀਤਾ ਜਾ ਰਿਹਾ ਏ।

Tags:    

Similar News