ਪੰਥਕ ਸਿਆਸਤ ’ਚ ਆਉਣ ਜਾ ਰਿਹਾ ਵੱਡਾ ਭੂਚਾਲ!

ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ 28 ਅਕਤੂਬਰ ਨੂੰ ਚੋਣ ਹੋਣ ਜਾ ਰਹੀ ਐ, ਜਿਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਨ ਦਾ ਐਲਾਨ ਕੀਤਾ ਗਿਆ ਏ।

Update: 2024-10-19 09:44 GMT

ਚੰਡੀਗੜ੍ਹ : ਮੌਜੂਦਾ ਸਮੇਂ ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ਮਾਮਲੇ ਸਮੇਤ ਕੁੱਝ ਹੋਰ ਮੁੱਦਿਆਂ ਨੇ ਪੰਥਕ ਸਿਆਸਤ ਵਿਚ ਵੱਡਾ ਭੂਚਾਲ ਲਿਆਂਦਾ ਹੋਇਆ ਏ। ਆਉਣ ਵਾਲੇ ਸਮੇਂ ਵਿਚ ਇਹ ਭੂਚਾਲ ਰੁਕਣ ਦੀ ਬਜਾਏ ਹੋਰ ਤੇਜ਼ ਹੋ ਸਕਦਾ ਏ ਕਿਉਂਕਿ ਇਸ ਵਾਰ 28 ਅਕਤੂਬਰ ਨੂੰ ਐਸਜੀਪੀਸੀ ਪ੍ਰਧਾਨ ਦੀ ਚੋਣ ਦੌਰਾਨ ਪੰਥਕ ਸਿਆਸਤ ਵਿਚ ਇਕ ਹੋਰ ਵੱਡਾ ਧਮਾਕਾ ਹੋ ਸਕਦਾ ਏ ਕਿਉਂਕਿ ਵਿਰੋਧੀਆਂ ਵੱਲੋਂ ਇਸ ਵਾਰ ਫਿਰ ਮੌਜੂਦਾ ਪ੍ਰਧਾਨ ਦੇ ਖ਼ਿਲਾਫ਼ ਬੀਬੀ ਜਗੀਰ ਕੌਰ ਨੂੰ ਮੈਦਾਨ ਵਿਚ ਉਤਾਰਿਆ ਜਾ ਰਿਹਾ ਏ, ਪਰ ਇਸ ਵਾਰ ਹਾਲਾਤ ਪਹਿਲਾਂ ਤੋਂ ਕਾਫ਼ੀ ਜ਼ਿਆਦਾ ਵੱਖਰੇ ਨੇ। ਕੁੱਝ ਸਿਆਸੀ ਮਾਹਿਰ ਤਾਂ ਇਸ ਨੂੰ ਪੰਥਕ ਸਿਆਸਤ ’ਚੋਂ ਬਾਦਲਾਂ ਦੀ ਵਿਦਾਈ ਦਾ ਸਮਾਂ ਦੱਸ ਰਹੇ ਨੇ। 

ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ 28 ਅਕਤੂਬਰ ਨੂੰ ਚੋਣ ਹੋਣ ਜਾ ਰਹੀ ਐ, ਜਿਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਨ ਦਾ ਐਲਾਨ ਕੀਤਾ ਗਿਆ ਏ। ਭਾਵੇਂ ਕਿ ਪਿਛਲੀ ਵਾਰ ਵੀ ਬੀਬੀ ਜਗੀਰ ਕੌਰ ਨੇ ਐਸਜੀਪੀਸੀ ਦੀ ਪ੍ਰਧਾਨਗੀ ਦੀ ਚੋਣ ਲੜੀ ਸੀ ਅਤੇ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਪਰ ਇਸ ਵਾਰ ਹਾਲਾਤ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਵੱਖਰੇ ਹੋ ਚੁੱਕੇ ਨੇ।

ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੀਆਂ ਬਿਆਨਬਾਜ਼ੀਆਂ ਨੇ ਜੋ ਨੁਕਸਾਨ ਅਕਾਲੀ ਦਲ ਦਾ ਕੀਤਾ ਏ, ਉਸ ਨੂੰ ਹੁਣ ਪੂਰਿਆ ਨਹੀਂ ਜਾ ਸਕਦਾ। ਕੁੱਝ ਲੋਕਾਂ ਦਾ ਕਹਿਣਾ ਏ ਕਿ ਵਲਟੋਹਾ ਨੇ ਸੁਖਬੀਰ ਬਾਦਲ ਲਈ ਚਮਚਾਗਿਰੀ ਕਰਨ ਲਈ ਹੱਦਾਂ ਬੰਨੇ ਟੱਪ ਦਿੱਤੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਥਿਤ ਤੌਰ ’ਤੇ ਮੰਦਾ ਚੰਗਾ ਬੋਲ ਦਿੱਤਾ। ਉਂਝ ਕੁੱਝ ਲੋਕ ਇਹ ਵੀ ਆਖ ਰਹੇ ਨੇ ਕਿ ਜੋ ਹੋਇਆ ਚੰਗਾ ਹੋਇਆ, ਕਿਉਂਕਿ ਬਾਦਲਾਂ ਦੇ ਕਮਜ਼ੋਰ ਪੈਣ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜ਼ਰੂਰ ਮਜ਼ਬੂਤ ਹੋ ਗਏ।

ਵਲਟੋਹਾ ਵਾਲੇ ਮਾਮਲੇ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਗੱਲਾਂ ਵਲਟੋਹਾ ਬਾਰੇ ਆਖੀਆਂ, ਉਸ ਨਾਲ ਇਕੱਲੇ ਵਲਟੋਹਾ ਦੀ ਨਹੀਂ, ਬਲਕਿ ਬਾਦਲਾਂ ਦੀ ਵੀ ਫੱਟੀ ਪੋਚੀ ਗਈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਤੌਰ ’ਤੇ ਆਖਿਆ ਕਿ ਅਕਾਲੀ ਦਲ ਵੱਲੋਂ ਪਰਦੇ ਪਿੱਛੇ ਵਲਟੋਹਾ ਦੀ ਮਦਦ ਕੀਤੀ ਜਾ ਰਹੀ ਐ। ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਨੇ ਅਕਾਲੀ ਦਲ ਬਾਦਲ ਨੂੰ ਕਾਸੇ ਜੋਗਾ ਨਹੀਂ ਛੱਡਿਆ। ਸਭ ਤੋਂ ਖ਼ਾਸ ਗੱਲ ਇਹ ਐ ਕਿ ਇਸ ਮਾਮਲੇ ਦਾ ਇਫੈਕਟ ਹੁਣ ਐਸਜੀਪੀਸੀ ਪ੍ਰਧਾਨ ਦੀ ਚੋਣ ’ਤੇ ਖੁੱਲ੍ਹਮ ਖੁੱਲ੍ਹਾ ਦੇਖਣ ਨੂੰ ਮਿਲੇਗਾ।

ਦਰਅਸਲ ਸਮੁੱਚੀ ਸਿੱਖ ਕੌਮ ਆਪਣੀਆਂ ਸਰਵਉਚ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਰਾਜਸੀ ਦਬਾਅ ਤੋਂ ਮੁਕਤ ਦੇਖਣਾ ਚਾਹੁੰਦੀ ਐ। ਹੁਣ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਕਮਜ਼ੋਰ ਹੋਇਆ ਏ ਤਾਂ ਉਦੋਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਦਾ ਰੁਖ਼ ਵੀ ਧਾਰਮਿਕ ਅਵੱਗਿਆ ਕਰਨ ਵਾਲਿਆਂ ਖ਼ਿਲਾਫ਼ ਕਾਫ਼ੀ ਸਖ਼ਤ ਦਿਖਾਈ ਦੇ ਰਿਹਾ ਏ।

ਵਲਟੋਹਾ ਦੇ ਮਾਮਲੇ ਦੀ ਤਾਜ਼ਾ ਉਦਾਹਰਨ ਸਾਡੇ ਸਾਹਮਣੇ ਐ ਕਿ ਕਿਵੇਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ’ਤੇ ਅਕਾਲੀ ਦਲ ਨੂੰ ਵਲਟੋਹਾ ਨੂੰ ਬਾਹਰ ਦਾ ਰਸਤਾ ਦਿਖਾਉਣਾ ਪਿਆ ਅਤੇ ਕਿਵੇਂ ਐਸਜੀਪੀਸੀ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਨਾ ਮਨਜ਼ੂਰ ਕਰਨਾ ਪਿਆ। ਜੇਕਰ ਬਾਦਲ ਅਕਾਲੀ ਦਲ ਦੀ ਅੱਜ ਇਹ ਹਾਲਤ ਨਾ ਹੁੰਦੀ, ਕੀ ਅਜਿਹੇ ਫ਼ੈਸਲੇ ਦੀ ਉਮੀਦ ਕੀਤੀ ਜਾ ਸਕਦੀ? ਜਵਾਬ ਸਾਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਏ।

ਖ਼ੈਰ,,, ਬੀਬੀ ਜਗੀਰ ਕੌਰ ਨੂੰ ਭਾਵੇਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਖੜ੍ਹਾ ਕੀਤਾ ਗਿਆ ਏ ਪਰ ਉਨ੍ਹਾਂ ਦੇ ਨਾਮ ਨੂੰ ਵੱਡੇ ਪੱਧਰ ’ਤੇ ਪ੍ਰਵਾਨਗੀ ਮਿਲਦੀ ਦਿਖਾਈ ਦੇ ਰਹੀ ਐ। ਵਿਦੇਸ਼ਾਂ ਵਿਚ ਬੈਠੇ ਜ਼ਿਆਦਾਤਰ ਗਰਮ ਖ਼ਿਆਲੀ ਸਿੱਖਾਂ ਵੱਲੋਂ ਵੀ ਬੀਬੀ ਜਗੀਰ ਕੌਰ ਦੀ ਸੁਪੋਰਟ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ। ਇਹ ਵੀ ਸੁਣਨ ਵਿਚ ਆ ਰਿਹਾ ੲੈ ਕਿ ਵਿਦੇਸ਼ਾਂ ਵਿਚ ਬੈਠੇ ਸਿੱਖ ਆਗੂਆਂ ਵੱਲੋਂ ਵੱਖ ਵੱਖ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਨਾਲ ਸੰਪਰਕ ਸਾਧਿਆ ਜਾ ਰਿਹਾ ਏ ਤਾਂ ਜੋ ਉਨ੍ਹਾਂ ਨੂੰ ਬੀਬੀ ਜਗੀਰ ਕੌਰ ਦੇ ਹੱਕ ਵਿਚ ਭੁਗਤਾਇਆ ਜਾ ਸਕੇ।

ਜਿਸ ਤਰੀਕੇ ਨਾਲ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਵੱਲੋਂ ਬੀਬੀ ਜਗੀਰ ਕੌਰ ਦੀਆਂ ਤਾਰੀਫ਼ਾਂ ਕੀਤੀਆਂ ਗਈਆਂ ਨੇ, ਉਸ ਤੋਂ ਸਾਫ਼ ਜ਼ਾਹਿਰ ਹੁੰਦਾ ਐ ਕਿ ਸਾਂਸਦ ਅੰਮ੍ਰਿਤਪਾਲ ਸਿੰਘ ਦਾ ਧੜਾ ਵੀ ਇਸ ਵਾਰ ਬੀਬੀ ਜਗੀਰ ਕੌਰ ਦੇ ਨਾਂਅ ’ਤੇ ਮੋਹਰ ਲਗਾਏਗਾ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਜੋ ਸਖ਼ਤ ਕਾਰਵਾਈ ਵਿਰਸਾ ਸਿੰਘ ਵਲਟੋਹਾ ’ਤੇ ਕੀਤੀ ਗਈ ਐ, ਉਸ ਤੋਂ ਸਾਫ਼ ਸੰਕੇਤ ਮਿਲਦੇ ਨੇ ਕਿ ਸੁਖਬੀਰ ਸਿੰਘ ਬਾਦਲ ’ਤੇ ਇਸ ਤੋਂ ਵੀ ਸਖ਼ਤ ਕਾਰਵਾਈ ਹੋ ਸਕਦੀ ਐ। ਉਂਝ ਅੰਦਰੂਨੀ ਤੌਰ ’ਤੇ ਇਹ ਵੀ ਖ਼ਬਰਾਂ ਆ ਰਹੀਆਂ ਨੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਸ ਕਾਰਵਾਈ ਤੋਂ ਬਾਅਦ ਬਾਦਲ ਦਲ ਨਾਲ ਦੇ ਕਈ ਐਸਜੀਪੀਸੀ ਮੈਂਬਰ ਵੀ ਅਕਾਲੀ ਦਲ ਤੋਂ ਕਿਨਾਰਾ ਕਰ ਸਕਦੇ ਨੇ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਲ 2022 ਵਿਚ ਵੀ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਲਈ ਚੋਣ ਲੜੀ ਸੀ, ਪਰ ਉਸ ਸਮੇਂ ਦੌਰਾਨ ਕੁੱਲ 157 ਵਿਚੋਂ 146 ਵੋਟਾਂ ਭੁਗਤੀਆਂ ਸੀ, ਜਿਨ੍ਹਾਂ ਵਿਚੋਂ ਬੀਬੀ ਜਗੀਰ ਕੌਰ ਨੂੰ ਸਿਰਫ਼ 42 ਵੋਟਾਂ ਹਾਸਲ ਹੋਈਆਂ ਸੀ ਜਦਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 104 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਸੀ ਪਰ ਇਸ ਵਾਰ ਮਾਹੌਲ ਕਾਫ਼ੀ ਬਦਲਦਾ ਦਿਖਾਈ ਦੇ ਰਿਹਾ ਏ।

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News