ਜਲਾਲਾਬਾਦ ਦੇ ਇਸ ਪਿੰਡ ’ਚੋਂ ਮਿਲੇ 10 ਦੇਸੀ ਬੰਬ, ਇਕ ’ਚ ਹੋਇਆ ਧਮਾਕਾ
ਜਲਾਲਾਬਾਦ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਬਾਹਮਣੀ ਵਾਲਾ ਵਿਖੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਇਕ ਗਲੀ ’ਚ ਕੂੜਾ ਚੁੱਕਣ ਵਾਲੇ ਵਿਅਕਤੀ ਨੂੰ ਇਕ ਜਾਂ ਦੋ ਨਹੀਂ ਬਲਕਿ 10 ਦੇਸੀ ਬੰਬ ਬਰਾਮਦ ਹੋਏ, ਜਿਨ੍ਹਾਂ ਵਿਚੋਂ ਬੰਬ ਫਟ ਵੀ ਗਿਆ। ਜਾਣਕਾਰੀ ਅਨੁਸਾਰ ਇਕ ਵਿਅਕਤੀ ਵੱਲੋਂ ਪਿੰਡ ਦੀ ਰੂੜੀ ਤੋਂ ਕੂੜਾ ਚੁੱਕਿਆ ਜਾ ਰਿਹਾ ਸੀ...;
ਜਲਾਲਾਬਾਦ : ਜਲਾਲਾਬਾਦ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਬਾਹਮਣੀ ਵਾਲਾ ਵਿਖੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਇਕ ਗਲੀ ’ਚ ਕੂੜਾ ਚੁੱਕਣ ਵਾਲੇ ਵਿਅਕਤੀ ਨੂੰ ਇਕ ਜਾਂ ਦੋ ਨਹੀਂ ਬਲਕਿ 10 ਦੇਸੀ ਬੰਬ ਬਰਾਮਦ ਹੋਏ, ਜਿਨ੍ਹਾਂ ਵਿਚੋਂ ਬੰਬ ਫਟ ਵੀ ਗਿਆ। ਜਾਣਕਾਰੀ ਅਨੁਸਾਰ ਇਕ ਵਿਅਕਤੀ ਵੱਲੋਂ ਪਿੰਡ ਦੀ ਰੂੜੀ ਤੋਂ ਕੂੜਾ ਚੁੱਕਿਆ ਜਾ ਰਿਹਾ ਸੀ ਪਰ ਉਸ ਨੇ ਦੇਖਿਆ ਕਿ ਉਥੇ ਇਕ ਥੈਲਾ ਪਿਆ ਹੋਇਆ ਸੀ, ਜਦੋਂ ਉਸ ਨੇ ਥੈਲੇ ’ਤੇ ਡੰਡਾ ਮਰਿਆ ਤਾਂ ਉੱਥੇ ਅਚਾਨਕ ਧਮਾਕਾ ਹੋ ਗਿਆ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੂੜਾ ਚੁੱਕਣ ਵਾਲਾ ਜ਼ਖਮੀ ਹੋ ਗਿਆ ਅਤੇ ਬਹੁਤ ਦੇਰ ਤੱਕ ਉਸ ਨੂੰ ਹੋਸ਼ ਨਹੀਂ ਆ ਸਕੀ।
ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਏ ਕਿ ਬਲਵੀਰ ਸਿੰਘ ਨਾਮ ਦਾ ਇਕ ਮਿਸਤਰੀ ਦਾ ਕੰਮ ਕਰਦਾ ਅਤੇ ਸ਼ਰਾਬ ਪੀਣ ਦਾ ਆਦੀ ਹੈ, ਉਸ ਵੱਲੋਂ ਇਹ ਦੇਸੀ ਬੰਬ ਤਿਆਰ ਕੀਤੇ ਗਏ ਸੀ, ਜਿਨ੍ਹਾਂ ਦੀ ਗਿਣਤੀ 10 ਸੀ। ਉਸ ਨੇ ਇਹ ਬੰਬ ਇਕ ਆਟੇ ਵਾਲੇ ਥੈਲੇ ਵਿਚ ਭਰ ਕੇ ਰੱਖੇ ਹੋਏ ਸੀ। ਕੂੜਾ ਚੁੱਕਣ ਵਾਲਾ ਵਿਅਕਤੀ ਜਦੋਂ ਬਲਵੀਰ ਸਿੰਘ ਦੇ ਘਰ ਦੇ ਬਾਹਰ ਪਹੁੰਚਦਾ ਹੈ ਤਾਂ ਕੂੜੇ ਵਿਚ ਪਏ ਇਕ ਬੰਬ ਵਿਚ ਅਚਾਨਕ ਧਮਾਕਾ ਹੋ ਗਿਆ ਅਤੇ ਉਹ ਜ਼ਖ਼ਮੀ ਹੋ ਗਿਆ।
ਇਸ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਅਤੇ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਆਟੇ ਦਾ ਭਰਿਆ ਥੈਲਾ ਬਰਾਮਦ ਕਰ ਲਿਆ ਗਿਆ, ਜਿਸ ਵਿਚੋਂ 9 ਦੇ ਕਰੀਬ ਦੇਸੀ ਬੰਬ ਬਰਾਮਦ ਹੋਏ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਸਹਿਮ ਦਾ ਮਾਹੌਲ ਬਣ ਗਿਆ। ਇਨ੍ਹਾਂ ਬੰਬਾਂ ਨੂੰ ਪਿੰਡ ਵਿਚ ਛੁੱਟੀ ’ਤੇ ਆਏ ਇਕ ਫੌਜੀ ਵੱਲੋਂ ਬੜੀ ਬਹਾਦਰੀ ਨਾਲ ਪਿੰਡ ਦੇ ਬਾਹਰ ਸੇਮ ਨਾਲ ’ਤੇ ਜਾ ਕੇ ਨਸ਼ਟ ਕਰ ਦਿੱਤਾ ਗਿਆ।
ਮੌਕੇ ’ਤੇ ਪੁੱਜੇ ਥਾਣਾ ਵੈਰੋ ਕਾ ਤੋਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਬਲਵੀਰ ਸਿੰਘ ਨਾਮਕ ਸ਼ਖਸ ਦੇ ਘਰੋਂ ਦੇਸੀ ਬੰਬ ਬਰਾਮਦ ਹੋਏ ਹਨ, ਜਿਨਾਂ ਨੂੰ ਪਿੰਡ ਦੇ ਬਾਹਰ ਨਸ਼ਟ ਕਰ ਦਿੱਤਾ ਗਿਆ। ਫਿਲਹਾਲ ਮੁਲਜ਼ਮ ਪੁਲਿਸ ਦੀ ਪਕੜ ਤੋਂ ਬਾਹਰ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।