Punjabi Press Club of BC ਦੇ ਪ੍ਰਧਾਨ ਵਜੋਂ Dr. Gurwinder Singh Dhaliwal ਦੀ ਸਰਬ ਸੰਮਤੀ ਨਾਲ ਚੋਣ
ਸਰੀ : ਕੈਨੇਡਾ ਦੇ ਸੂਬੇ ਬੀ ਸੀ ਵਿਚਲੇ ਸਰਗਰਮ ਪੰਜਾਬੀ ਪੱਤਰਕਾਰਾਂ ਦੀ ਸੰਸਥਾ 'ਪੰਜਾਬੀ ਪ੍ਰੈਸ ਕਲੱਬ ਆਫ ਬੀਸੀ' ਦੀ ਸਾਲ 2026-2027 ਲਈ ਨਵੀਂ ਕਾਰਜਕਾਰਨੀ ਦੀ ਸਰਬ-ਸੰਮਤੀ ਨਾਲ ਚੋਣ ਕੀਤੀ ਗਈ ਹੈ, ਜਿਸ ਵਿੱਚ ਮੀਡੀਆ ਸ਼ਖ਼ਸੀਅਤ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੂੰ ਪੰਜਾਬੀ ਪ੍ਰੈੱਸ ਕਲੱਬ ਦੇ ਨਵੇਂ ਪ੍ਰਧਾਨ ਚੁਣਿਆ ਗਿਆ ਹੈ। ਸੀਨੀਅਰ ਪੱਤਰਕਾਰ ਅਤੇ ਚੈਨਲ ਪੰਜਾਬੀ ਦੇ 'ਆਵਾਜ਼ ਏ ਪੰਜਾਬ' ਸ਼ੋਅ ਦੇ ਸੰਚਾਲਕ ਡਾ ਧਾਲੀਵਾਲ ਪੰਜਾਬੀ ਪ੍ਰੈਸ ਕਲੱਬ ਦੇ ਮੁਢਲੇ ਮੈਂਬਰਾਂ ਵਿੱਚੋਂ ਹਨ। ਉਹਨਾਂ ਕੈਨੇਡਾ ਦੀ ਪੰਜਾਬੀ ਪੱਤਰਕਾਰੀ ਦੀ ਇੱਕ ਸਦੀ ਦੇ ਸਰਵੇਖਣ ਅਤੇ ਮੁਲਾਂਕਣ 'ਤੇ ਪੀਐਚਡੀ ਕੀਤੀ ਹੈ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕ ਪੱਤਰਕਾਰ ਵਜੋਂ ਵੀ ਸਨਮਾਨੇ ਜਾ ਚੁੱਕੇ ਹਨ। ਸਰੀ ਦੇ ਤਾਜ ਕਨਵੈਂਸ਼ਨ ਸੈਂਟਰ ਬੈਂਕੁਟ ਹਾਲ ਵਿੱਚ ਸਾਲ 2026-2027 ਲਈ ਪੰਜਾਬੀ ਪ੍ਰੈਸ ਕਲੱਬ ਦੀ ਨਵੀਂ ਕਾਰਜਕਾਰਨੀ ਸਰਬਸੰਮਤੀ ਨਾਲ ਇਸ ਤਰਾਂ ਚੁਣੀ ਗਈਃ ਡਾ. ਗੁਰਵਿੰਦਰ ਧਾਲੀਵਾਲ ਪ੍ਰਧਾਨ, ਬਲਜਿੰਦਰ ਕੌਰ ਮੀਤ ਪ੍ਰਧਾਨ, ਅਮਰਪਾਲ ਸਿੰਘ ਸਕੱਤਰ, ਗੁਰਪ੍ਰੀਤ ਸਿੰਘ ਸਹੋਤਾ ਸਹਾਇਕ ਸਕੱਤਰ, ਰਸ਼ਪਾਲ ਸਿੰਘ ਗਿੱਲ ਸਹਾਇਕ ਸਕੱਤਰ, ਬਲਵੀਰ ਕੌਰ ਢਿੱਲੋਂ ਖ਼ਜ਼ਾਨਚੀ, ਬਲਦੇਵ ਸਿੰਘ ਮਾਨ ਸਹਾਇਕ ਖਜ਼ਾਨਚੀ ਅਤੇ ਜੈਜ਼ ਗਿੱਲ, ਐਗਜ਼ੈਕਟਿਵ ਮੈਂਬਰ।
ਇਸ ਦੌਰਾਨ ਨਵੇਂ ਸਾਲ ਦੀ ਆਮਦ 'ਤੇ ਪੰਜਾਬੀ ਪ੍ਰੈਸ ਕਲੱਬ ਵੱਲੋਂ ਰੱਖੀ ਪ੍ਰੈਸ ਮਿਲਣੀ ਅਤੇ ਡਿਨਰ ਮੌਕੇ ਐਗਜ਼ੈਕਟਿਵ ਮੈਂਬਰਾਂ ਤੋਂ ਇਲਾਵਾ ਹੋਰ ਨਾਮਵਰ ਪੱਤਰਕਾਰ ਸ਼ਾਮਿਲ ਹੋਏ, ਜਿਨਾਂ ਵਿੱਚ ਸ. ਹਰਜਿੰਦਰ ਸਿੰਘ ਥਿੰਦ, ਡਾ ਪੂਰਨ ਸਿੰਘ ਗਿੱਲ, ਬਖਸ਼ਿੰਦਰ, ਅਜੈਬ ਸਿੰਘ ਸਿੱਧੂ, ਰਮਨ ਸ਼ਰਮਾ, ਪ੍ਰੋਫੈਸਰ ਸੀ ਜੇ ਸਿੱਧੂ, ਹਰਕੀਰਤ ਸਿੰਘ ਕੁਲਾਰ, ਸੰਦੀਪ ਸਿੰਘ ਧੰਜੂ, ਸਰਬਰਾਜ ਸਿੰਘ ਕਾਹਲੋ, ਪ੍ਰੋ ਗੁਰਬਾਜ ਸਿੰਘ ਬਰਾੜ, ਜੋਗਰਾਜ ਸਿੰਘ ਕਾਹਲੋਂ, ਸੰਤੋਖ ਸਿੰਘ ਮੰਡੇਰ, ਰਾਜੇਸ਼ ਆਂਸਲ, ਦਮਨ ਕੌਰ ਅਤੇ ਡਾ ਜਸਵਿੰਦਰ ਸਿੰਘ ਦਿਲਾਵਰੀ ਸ਼ਾਮਿਲ ਸਨ।ਇੱਥੇ ਜ਼ਿਕਰਯੋਗ ਹੈ ਕਿ ਸੰਨ 2008 ਤੋਂ ਸਥਾਪਿਤ ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਮੀਡੀਆ ਦੀ ਸਾਂਝੀ ਸੰਸਥਾ ਹੈ। ਰਵਾਇਤ ਅਨੁਸਾਰ ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਵੱਲੋਂ ਚੋਣ ਦੀ ਥਾਂ 'ਤੇ, ਆਮ ਸਹਿਮਤੀ ਨਾਲ ਐਗਜ਼ੈਕਟਿਵ ਚੁਣੀ ਜਾਂਦੀ ਹੈ ਅਤੇ ਇਸ ਵਾਰ ਵੀ ਇਸ ਰਵਾਇਤ ਨੂੰ ਬਕਾਇਦਾ ਕਾਇਮ ਰੱਖਿਆ ਗਿਆ ਹੈ। ਪੰਜਾਬੀ ਪ੍ਰੈੱਸ ਕਲੱਬ ਵਿੱਚ ਬੀਸੀ ਕੈਨੇਡਾ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰਾਂ ਅਤੇ ਚਲਦੇ ਰੇਡੀਓ ਤੇ ਟੈਲੀਵਿਜ਼ਨ ਅਦਾਰਿਆਂ ਨਾਲ ਸਬੰਧਿਤ ਮੈਂਬਰ ਸ਼ਾਮਿਲ ਹਨ।