ਤਰਨਤਾਰਨ 'ਚ ਕਿਸ ਦਾ ਫਸੇਗਾ ਪੇਚ, ਕੌਣ ਮਾਰੇਗਾ ਬਾਜ਼ੀ, ਦੇਖੋ ਸਾਡੀ ਖ਼ਾਸ ਰਿਪੋਰਟ
ਤਰਨਤਾਰਨ : ਤਰਨ ਤਾਰਨ ਹਲਕੇ ਦੀ ਜ਼ਿਮਨੀ ਚੋਣ ਵਾਸਤੇ ਪ੍ਰਚਾਰ ਆਪਣੇ ਆਖ਼ਰੀ ਦੌਰ ਵਿੱਚ ਹੈ।ਅੱਜ ਸ਼ਾਮ ਨੂੰ ਚੋਣ ਪ੍ਰਚਾਰ 6 ਵਜੇ ਖਤਮ ਹੋ ਜਾਵੇਗਾ ਅਤੇ ਅਚਾਰ ਸਾਹਿਤਾ ਲਾਗੂ ਹੋ ਜਾਵੇਗੀ। ਇਸ ਜ਼ਿਮਨੀ ਚੋਣ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਸਣੇ ਸਾਰੀਆਂ ਸਿਆਸੀ ਧਿਰਾਂ ਨੇ ਆਪਣੀ ਪੂਰੀ ਤਾਕਤ ਝੋਕੀ ਹੋਈ ਹੈ।ਆਮ ਆਦਮੀ ਪਾਰਟੀ ਜਿੱਥੇ ਇਹ ਚੋਣਾਂ ਆਪਣਾ ਵਕਾਰ ਕਾਇਮ ਰੱਖਣ ਲਈ ਲੜ ਰਹੀ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਆਪਣਾ ਸਿਆਸੀ ਕਿਲ੍ਹਾ ਮੁੜ ਬਹਾਲ ਕਰਨ ਲਈ ਯਤਨ ਕਰ ਰਹੀ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਸਾਲ 2022 ਦੀ ਵਿਧਾਨ ਸਭਾ ਚੋਣ ਦੌਰਾਨ ਇੱਥੋਂ ਜਿੱਤ ਦਰਜ ਕਰਵਾਈ ਸੀ।ਜੂਨ ਮਹੀਨੇ ਉਨ੍ਹਾਂ ਦੀ ਮੌਤ ਹੋਣ ਮਗਰੋਂ ਇਹ ਸੀਟ ਖਾਲੀ ਹੋ ਗਈ ਸੀ। ਇਸ ਲਈ ਆਮ ਆਦਮੀ ਪਾਰਟੀ ਮੁੜ ਇਹ ਸੀਟ ਜਿੱਤਣਾ ਚਾਹੁੰਦੀ ਹੈ।ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਲੰਬਾ ਸਮਾਂ ਇਸ ਸੀਟ ਉੱਤੇ ਕਾਬਜ ਰਿਹਾ ਹੈ, ਪਰ ਪਿਛਲੀਆਂ ਦੋ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ।ਅਕਾਲੀ ਦਲ ਨੇ ਆਖ਼ਰੀ ਵਾਰੀ ਇੱਥੋਂ ਚੋਣ ਸਾਲ 2012 ਵਿੱਚ ਜਿੱਤ ਸੀ। ਉਸ ਤੋਂ ਮਗਰੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਅਤੇ 2022 ਵਿੱਚ ਆਮ ਆਦਮੀ ਪਾਰਟੀ ਨੇ ਇੱਥੋਂ ਜਿੱਤ ਦਰਜ ਕਰਵਾਈ ਸੀ।
ਇਸ ਵਾਰ ਚਾਰ ਮੁੱਖ ਧਾਰਾ ਦੀਆਂ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। ਇਹ ਚਾਰ ਪਾਰਟੀਆਂ, ਆਮ ਆਦਮੀ ਪਾਰਟੀ, ਅਕਾਲੀ ਦਲ (ਬਾਦਲ), ਕਾਂਗਰਸ ਅਤੇ ਭਾਜਪਾ ਹਨ।ਇਹ ਮੁਕਾਬਲਾ ਕਾਫ਼ੀ ਦਿਲਚਸਪ ਹੁੰਦਾ ਜਾ ਰਿਹਾ ਹੈ, ਕਿਉਂਕਿ ਪਹਿਲੀ ਵਾਰ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਬਾਕੀ ਪੰਥਕ ਪਾਰਟੀਆਂ ਦੇ ਵਲੋਂ ਆਪਣਾ ਸਾਂਝਾ ਉਮੀਦਵਾਰ ਮਨਦੀਪ ਸਿੰਘ ਵੀ ਇਸ ਚੋਣ 'ਚ ਖੜ੍ਹਾ ਕੀਤਾ ਹੈ। ਜਿਹਨਾਂ ਦੇ ਆਉਣ ਨਾਲ ਇਹ ਮੁਕਾਬਲਾ ਹੋਰ ਵੀ ਟਕਰਦਾਰ ਹੁੰਦਾ ਨਜਰ ਆ ਰਿਹਾ ਹੈ।
ਕੌਣ ਮਾਰ ਰਿਹਾ ਬਾਜੀ:
ਹਾਲਾਂਕਿ ਸਭ ਤੋਂ ਪਹਿਲਾ ਇਹ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ ਦੇ ਵਿਚਕਾਰ ਨਜ਼ਰ ਆ ਰਿਹਾ ਸੀ ਪਰ ਮਨਦੀਪ ਸਿੰਘ ਦੀ ਐਂਟਰੀ ਨੇ ਇਸ ਮੁਕਾਬਲੇ ਨੂੰ ਤ੍ਰਿਕੋਣੇ ਤੋਂ ਚਕੋਨਾ ਬਣਾ ਦਿੱਤਾ ਸੀ। ਪਰ ਲਗਾਤਾਰ ਆ ਰਹੇ ਸਰਵੇ ਨੇ ਸਥਿਤੀ ਸਪਸ਼ਟ ਕੀਤੀ ਹੈ ਕਿ ਇਸ ਮੁਕਾਬਲਾ ਸਿੱਧਾ 2 ਧਿਰਾਂ ਆਮ ਆਦਮੀ ਪਾਰਟੀ ਤੇ ਪੰਥ ਦੇ ਸਾਂਝੇ ਉਮੀਦਵਾਰ ਮਨਦੀਪ ਸਿੰਘ ਦੇ ਵਿਚਾਰ ਹੀ ਹੋਵੇਗਾ।
ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਆਸ ਹਰਮੀਤ ਸਿੰਘ ਸੰਧੂ ਉੱਤੇ ਹੈ। ਸਿਆਸਤ ਵਿੱਚ ਲੰਬੀ ਪਾਰੀ ਖੇਡ ਚੁੱਕੇ ਹਰਮੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।ਸੰਧੂ ਨੇ 2022 ਦੀ ਵਿਧਾਨ ਸਭਾ ਚੋਣ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਤਰਨ ਤਾਰਨ ਹਲਕੇ ਤੋਂ ਲੜੀ ਸੀ ਪਰ ਉਹ 'ਆਪ' ਉਮੀਦਵਾਰ ਡਾਕਟਰ ਕਸ਼ਮੀਰ ਸਿੰਘ ਸੋਹਲ ਤੋਂ ਹਾਰ ਗਏ ਸਨ।ਪਰ ਉਮੀਦ ਤੇ ਹਲਕੇ ਤੋਂ ਆ ਰਹੇ ਆਕੜਿਆ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਜਿਥੇ ਆਪਣੇ ਕੀਤੇ ਕੰਮਾਂ ਦਾ ਫਾਇਦਾ ਮਿਲੇਗਾ ਓਥੇ ਹੀ ਹਰਮੀਤ ਸਿੰਘ ਸੰਧੂ ਦੇ ਕੀਤੇ ਕੰਮ ਅਤੇ ਉਹਨਾਂ ਦੇ ਵਲੋਂ ਲੈਕੇ ਆਏ ਅਕਾਲੀ ਦਲ ਦੇ ਕੇਡਰ ਦਾ ਵੀ ਫਾਇਦਾ ਮਿਲੇਗਾ।
ਤਰਨ ਤਾਰਨ ਨੂੰ ਪੰਥਕ ਹਲਕਾ ਮੰਨਿਆ ਜਾਂਦਾ ਹੈ। ਅਕਾਲੀ ਦਲ ਇੱਥੋਂ ਸਭ ਤੋਂ ਵੱਧ ਵਾਰੀ ਜਿੱਤਿਆ ਹੈ। ਹਾਲਾਂਕਿ ਕਾਂਗਰਸ, ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਨੇ ਵੀ ਇਸ ਹਲਕੇ ਤੋਂ ਆਪਣੀ ਹਾਜ਼ਰੀ ਲਗਵਾਈ ਹੈ।ਮਾਹਰਾਂ ਮੁਤਾਬਕ ਇਸ ਇਲਾਕੇ 'ਚ ਪੇਂਡੂ ਅਤੇ ਸਿੱਖ ਵੋਟਰਾਂ ਦੀ ਵੱਡੀ ਗਿਣਤੀ ਅਤੇ ਖਾੜਕੂਵਾਦ ਲਹਿਰ ਦਾ ਪ੍ਰਭਾਵ ਇਸ ਇਲਾਕੇ ਵਿੱਚ ਵੱਧ ਰਹੇ ਹੋਣ ਕਰਕੇ ਤਰਨਤਾਰਨ ਹਲਕਾ ਪੰਜਾਬ ਦੇ ਪੰਥਕ ਹਲਕਿਆਂ ਵਿੱਚ ਗਿਣਿਆ ਜਾਂਦਾ ਹੈ।
ਜਿਸ ਕਾਰਨ ਇਸ ਦਾ ਫਾਇਦਾ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੂੰ ਮਿਲ ਸਕਦਾ ਹੈ ਮਨਦੀਪ ਸਿੰਘ ਦੇ ਵਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਕਈ ਅਹਿਮ ਤੇ ਹਲਕੇ ਦੇ ਮੁੱਦੇ ਵੀ ਵੱਡੇ ਪੱਧਰ 'ਤੇ ਚੁਕੇ ਨੇ, ਜਿਸ 'ਚ ਹਲਕੇ 'ਚ ਵੱਧ ਰਹੇ ਨਸ਼ੇ ਦੇ ਮੁਦੇ ਨੂੰ ਵੀ ਮਨਦੀਪ ਸਿੰਘ ਨੇ ਕੈਸ਼ ਕੀਤਾ ਹੈ ਇਸ ਤੋਂ ਇਲਾਵਾ ਮਨਦੀਪ ਸਿੰਘ ਨੇ ਪੰਜਾਬ ਦੇ ਸੰਵੇਦਨਸ਼ੀਲ ਮੁਦੇ ਬੇਅਦਬੀ ਦੇ ਮੁੱਦੇ ਨੂੰ ਜ਼ੋਰ ਛੋਰ ਨਾਲ ਚੁੱਕਿਆ ਹੈ। ਮਨਦੀਪ ਸਿੰਘ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਵੀ ਗੰਭੀਰ ਹੈ। ਸਰਕਾਰ ਇਸ ਮੁੱਦੇ ਉੱਤੇ ਕੰਮ ਨਹੀਂ ਕਰ ਰਹੀ।
ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਮਨਦੀਪ ਸਿੰਘ ਨੂੰ ਸਾਂਝਾ ਪੰਥਕ ਉਮੀਦਵਾਰ ਹੋਣ ਦਾ ਵੀ ਫਾਇਦਾ ਮਿਲੇਗਾ ਕਿਉਂ ਅਕਾਲੀ ਦਲ ਬਾਦਲ ਤੋਂ ਵੱਖਰੇ ਹੋਏ ਥੜੇ ਦੇ ਵਲੋਂ ਵੀ ਮਨਦੀਪ ਸਿੰਘ ਦਾ ਸਮਰਥਨ ਕੀਤਾ ਗਿਆ ਅਤੇ ਸ਼ਿਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਦੇ ਵਲੋਂ ਵੀ ਮਨਦੀਪ ਸਿੰਘ ਦੀ ਹਿਮਾਇਤ ਕੀਤੀ ਗਈ ਹੈ। ਇਸ ਸਭ ਤੋਂ ਇਲਾਵਾ ਅਮ੍ਰਿਤਪਾਲ ਦੇ ਪ੍ਰਭਾਵ ਦਾ ਫਾਇਦਾ ਵੀ ਮਨਦੀਪ ਸਿੰਘ ਨੂੰ ਮਿਲਣ ਦੀ ਸੰਭਾਵਨਾ ਹੈ।ਮਾਹਿਰਾਂ ਦੀ ਮੰਨੀਏ ਤਾਂ ਜੇਲ੍ਹ ਵਿੱਚ ਬੰਦ ਐੱਮਪੀ ਅਮ੍ਰਿਤਪਾਲ ਦਾ ਪ੍ਰਭਾਵ ਅਜੇ ਵੀ ਹਲਕੇ ਵਿੱਚ ਮੌਜੂਦ ਹੈ। ਇਸ ਦਾ ਫਾਇਦਾ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੂੰ ਮਿਲ ਸਕਦਾ ਹੈ।
ਜੇਕਰ ਇਸ ਮੁਕਾਬਲੇ 'ਚ ਗੱਲ ਕੀਤੀ ਜਾਵੇ ਕਾਂਗਰਸ ਦੀ ਤਾਂ ਸ਼ੁਰੁਆਤ 'ਚ ਕਾਂਗਰਸ ਜਰੂਰ ਟੱਕਰ ਦਿੰਦੀ ਨਜ਼ਰ ਆ ਰਹੀ ਸੀ ਕਾਂਗਰਸ ਦੇ ਵਲੋਂ ਉਘੇ ਵਕੀਲ ਕਰਨਬੀਰ ਸਿੰਘ ਬੁਰਜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਕਰਨਬੀਰ ਸਿੰਘ ਬੁਰਜ ਪਹਿਲੀਵਾਰ ਚੋਣ ਮੈਦਾਨ ਵਿੱਚ ਉੱਤਰ ਰਹੇ ਹਨ।ਕਰਨਬੀਰ ਸਿੰਘ ਦੇ ਦਾਦਾ ਮਰਹੂਮ ਜਵਾਹਰ ਸਿੰਘ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ। ਉਨ੍ਹਾਂ ਦੇ ਪਿਤਾ ਜਸਬੀਰ ਸਿੰਘ ਬੁਰਜ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ।
ਕਰਨਬੀਰ ਸਿੰਘ ਬੁਰਜ ਬੇਸ਼ਕ ਪੰਥਕ ਪਰਿਵਾਰ ਤੋਂ ਆਉਂਦੇ ਨੇ ਪਰ ਕਾਂਗਰਸ ਕੀਤੇ ਨਾ ਕੀਤੇ ਇਸ ਦਾ ਫਾਇਦਾ ਲੈਣ 'ਚ ਅਸਮਰਥ ਨਜ਼ਰ ਆ ਰਹੀ ਹੈ। ਕਾਂਗਰਸ ਦੇ ਵਲੋਂ ਬੇਸ਼ਕ 2017 ਦੀ ਤਰਾਂ ਇਸ ਸੀਟ ਨੂੰ ਜਿੱਤਣ ਦੇ ਸੁਪਨੇ ਦੇਖੇ ਜਾ ਰਹੇ ਸਨ ਪਰ ਖੁਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਬਿਆਨਾਂ ਅਤੇ ਵਿਵਾਦਾਂ ਕਰਕੇ ਆਪਣੀ ਤੇ ਪਾਰਟੀ ਦੀਆਂ ਮੁਸ਼ਕਿਲਾਂ ਅਖੀਰਲੇ ਸਮੇਂ 'ਚ ਵਧਾ ਦਿੱਤੀਆਂ ਨੇ।
ਰਾਜਾ ਵੜਿੰਗ ਦੇ ਬਿਆਨ ਅਤੇ ਵਿਵਾਦ:
ਚੋਣ ਪ੍ਰਚਾਰ ਦੌਰਾਨ, ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਖਾਲਿਸਤਾਨ ਦਾ ਮੁੱਦਾ ਚੁੱਕਿਆ। ਪਾਰਟੀ ਉਮੀਦਵਾਰ ਲਈ ਪ੍ਰਚਾਰ ਕਰਦੇ ਹੋਏ ਰਾਜਾ ਵੜਿੰਗ ਨੇ ਪੁੱਛਿਆ, "ਕੀ ਲੋਕ ਗੈਂਗਸਟਰਾਂ ਦੁਆਰਾ ਚਲਾਇਆ ਜਾਣ ਵਾਲਾ ਪੰਜਾਬ ਚਾਹੁੰਦੇ ਹਨ, ਬੰਦੂਕਾਂ ਅਤੇ ਜਬਰੀ ਵਸੂਲੀ ਨਾਲ, ਜਾਂ ਵੱਖ-ਵੱਖ ਮੰਗਾਂ ਵਾਲਾ? ਲੋਕਾਂ ਨੂੰ ਫੈਸਲਾ ਕਰਨ ਦਿਓ ਕਿ ਉਹ ਖਾਲਿਸਤਾਨ ਚਾਹੁੰਦੇ ਹਨ ਜਾਂ ਹਿੰਦੁਸਤਾਨ। ਜਿਸ ਨੂੰ ਲੈਕੇ ਥੋੜਾ ਵਿਰੋਧ ਹੀ ਦੇਖਣ ਨੂੰ ਮਿਲਿਆ ਪਰ ਬੀਤੇ ਦਿਨਾਂ 'ਚ ਰਾਜਾ ਵੜਿੰਗ ਵਲੋਂ ਦਿੱਤੇ ਬਿਆਨਾਂ ਨੇ ਵੱਡਾ ਵਿਵਾਦ ਸਹੇੜਿਆ ਚੋਣਾਂ ਤੋਂ ਪਹਿਲਾਂ ਵੜਿੰਗ ਵਲੋਂ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਵਿਰੁੱਧ ਵਿਵਾਦਪੂਰਨ ਟਿੱਪਣੀ ਕੀਤੀ ਗਈ ਜਿਸ ਕਾਰਨ ਦਲਿਤ ਵੋਟ ਬੈਂਕ ਕਾਂਗਰਸ ਤੋਂ ਟੁੱਟ ਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਚੋਣ ਰੈਲੀ ਦੌਰਾਨ ਭਾਈ ਜੇਤਾ ਦੀ ਪੋਸਟਰ 'ਤੇ ਬਾਕੀ ਸਿਆਸਤਦਾਨਾਂ ਨਾਲ ਤਸਵੀਰ ਲਗਾਉਣ ਨੇ ਲੈਕੇ ਵੀ ਕਾਂਗਰਸ ਦੀਆ ਮੁਸ਼ਕਿਲਾਂ ਵਧੀਆ ਨੇ ਜਿਹੜੀਆਂ ਥੋੜੀ ਪੰਥਕ ਵੋਟਾਂ ਕਾਂਗਰਸ ਦੇ ਖੇਮੇ 'ਚ ਨਜ਼ਰ ਆ ਰਹੀਆਂ ਸੀ ਉਹ ਵੀ ਟੁੱਟ ਦੀਆ ਦਿੱਖ ਰਹੀਆਂ ਨੇ।
ਓਥੇਰ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਤਾਂ ਦੋਵਾਂ ਦੇ ਵਲੋਂ ਪੰਥਕ ਉਮੀਦਵਾਰ ਚੋਣ ਮੈਦਾਨ 'ਚ ਉਤਾਰਨ ਦਾ ਦਾਅਵਾ ਕੀਤਾ ਜਾ ਰਿਹਾ ਸੀ ਪਰ ਝੋਲੀ 'ਚ ਨਿਰਾਸ਼ਾ ਹੀ ਪੈਂਦੀ ਨਜ਼ਰ ਆ ਰਹੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਵੀ ਤਰਨ ਤਾਰਨ ਜ਼ਿਮਨੀ ਚੋਣ ਨੂੰ 2027 ਦੀਆ ਚੋਣਾਂ ਦਾ ਐਂਟਰੀ ਗੇਟ ਵਜੋਂ ਦੇਖਿਆ ਜਾ ਰਿਹਾ ਸੀ। ਭਾਜਪਾ ਨੇ ਚੋਣ ਮੈਦਾਨ ਵਿੱਚ ਇੱਕ ਸਿੱਖ ਚਿਹਰਾ ਉਤਾਰਨ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਇੱਕ ਪੁਰਾਣੇ ਸਿਆਸਤਦਾਨ ਹਨ।ਹਰਜੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਤੋਂ ਭਾਜਪਾ ਵਿੱਚ ਆਏ ਹਨ। ਉਨ੍ਹਾਂ ਨੇ 2007 ਵਿੱਚ ਯੂਥ ਅਕਾਲੀ ਦਲ ਦੇ ਮੈਂਬਰ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। 2022 ਤੱਕ ਉਹ ਅਕਾਲੀ ਦਲ ਲਈ ਕੰਮ ਕਰਦੇ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਦਾ ਲੜ ਫੜਿਆ ਸੀ।
ਚੋਣ ਮੈਦਾਨ 'ਚ ਉਮੀਦਵਾਰ ਉਤਾਰਨ ਤੋਂ ਬਾਅਦ ਭਾਜਪਾ ਦੇ ਵਲੋਂ ਵੀ ਆਪਣਾ ਪੂਰਾ ਜ਼ੋਰ ਚੋਣ ਨੂੰ ਜਿੱਤਣ 'ਚ ਲਗਾਉਂਦੀ ਨਜ਼ਰ ਆ ਰਹੀ ਹੈ। ਪਰ ਤਰਨਤਾਰਨ 'ਚ ਵੱਡੇ ਪੱਧਰ ਤੇ ਹੜ੍ਹਾਂ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਤੇ ਕਿਸਾਨੀ ਵੋਟ ਵੀ ਜਿਆਦਾ ਹੋਣ ਕਾਰਨ ਇਥੋਂ ਭਾਜਪਾ ਨੂੰ ਥੋੜੀ ਨਿਰਾਸ਼ਾ ਜਰੂਰ ਹੱਥ ਲਗ ਸਕਦੀ ਹੈ ਪਰ ਪਿੱਛਲੀਆਂ ਕੁਝ ਚੋਣਾਂ ਦੀ ਤਰਾਂ ਭਾਜਪਾ ਦਾ ਵੋਟ ਬੈਂਕ ਜਰੂਰ ਵੱਧ ਸਕਦਾ ਹੈ।
ਨਾਲ ਹੀ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਲੋਂ ਪੰਥਕ ਪਤਾ ਖੇਡਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਕਾਲੀ ਦਲ ਵਲੋਂ ਧਰਮੀ ਫੋਜੀ ਦੇ ਪਰਿਵਾਰ ਨੂੰ ਚੋਣ 'ਸੀ ਉਮੀਦਵਾਰ ਬਣਾਇਆ ਗਿਆ ਹੈ ਪਰ ਨਾਲ ਦੀ ਨਾਲ ਅਕਾਲੀ ਦਲ ਵਲੋਂ ਕਈ ਤਰੀਕੇ ਥਕੇ ਹੋਣ ਦੇ ਵੀ ਇਲਜਾਮ ਲਗਾਏ ਜਾ ਰਹੇ ਨੇ। ਇਸ ਤੋਂ ਇਲਾਵਾ ਜਿਥੇ ਅਕਾਲੀ ਦਲ ਦੇ ਵਲੋਂ ਆਪਣੇ ਉਮੀਦਵਾਰ ਨੂੰ ਧਰਮੀ ਫੋਜੀ ਦਾ ਪਰਿਵਾਰ ਦੱਸਿਆ ਜਾ ਰਿਹਾ ਹੈ ਓਥੇ ਹੀ ਵਿਰੋਧੀ ਧਿਰਾਂ ਵਲੋਂ ਇਸ ਪਰਿਵਾਰ ਨੂੰ ਗੈਂਗਸਟਰ ਦੇ ਨਾਲ ਜੋੜਿਆ ਜਾ ਰਿਹਾ ਹੈ।
ਬੇਸ਼ਕ ਇਸ ਸੀਟ 'ਤੇ ਸ਼ਿਰੋਮਣੀ ਅਕਾਲੀ ਦਲ ਵਲੋਂ ਲੰਬੇ ਚੋਰ ਰਾਜ ਕੀਤਾ ਗਿਆ ਹੋਵੇ ਪਰ ਇਸ ਸਮੇਂ ਇਹ ਸੀਟ ਅਕਾਲੀ ਦਲ ਤੋਂ ਦੂਰ ਜਾਂਦੀ ਹੈ। 2 ਦਸੰਬਰ ਦੇ ਸ਼੍ਰੀ ਅਕਾਲ ਤਖਤ ਦੇ ਹੁਕਮਨਾਮੇ ਤੋਂ ਬਾਅਦ ਵੱਖਰੇ ਹੋਏ ਥੜੇ ਦੇ ਵਲੋਂ ਅਕਾਲੀ ਦਲ ਦੀ ਮੁਸ਼ਕਿਲ ਵਧਾਈ ਜਾ ਰਹੀ ਹੈ। ਓਥੇ ਹੀ ਪਿੱਛਲੇ ਰੁਝਾਨ ਤੋਂ ਵੀ ਅਕਾਲੀ ਦਲ ਦੇ ਖਿਲਾਫ਼ ਲੋਕਾਂ ਦੇ ਗੁੱਸੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪਰ ਇਹਨਾਂ ਚੋਣਾਂ ਅਕਾਲੀ ਦਲ ਦੇ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਣਾ ਵੋਟ ਬੈਂਕ ਵਧਾਇਆ ਜਾਵੇ ਅਤੇ 2027 'ਚ ਹੋਰ ਲੋਕਾਂ ਨੂੰ ਵੀ ਨਾਲ ਜੋੜਿਆ ਜਾ ਸਕੇ।
1.92 ਲੱਖ ਵੋਟਰ ਪਾਉਣਗੇ ਆਪਣੀ ਵੋਟ:
ਤਰਨਤਾਰਨ ਹਲਕੇ ਵਿੱਚ ਕੁੱਲ 1 ਲੱਖ 92ਹਜ਼ਾਰ 838 ਵੋਟਰ ਹਨ। ਇਨ੍ਹਾਂ ਵਿੱਚ 1ਹਾਜ਼ਰ 933 ਪੁਰਸ਼ ਵੋਟਰ, 91ਹਜ਼ਾਰ 897 ਮਹਿਲਾ ਵੋਟਰ ਅਤੇ 8 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਸ ਤੋਂ ਇਲਾਵਾ 1ਹਜਾਰ 357 ਸੇਵਾ ਵੋਟਰ, 85 ਸਾਲ ਤੋਂ ਵੱਧ ਉਮਰ ਦੇ 1 ਹਜ਼ਾਰ 657 ਵੋਟਰ, 306 ਐਨਆਰਆਈ ਵੋਟਰ ਅਤੇ 1 ਹਜਾਰ 488 ਅਪਾਹਜ ਵੋਟਰ ਹਨ।
ਇਨ੍ਹਾਂ ਵਿੱਚੋਂ 100 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ, ਜਿੱਥੇ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ, ਨੌਂ ਮਾਡਲ ਪੋਲਿੰਗ ਸਟੇਸ਼ਨ ਅਤੇ ਤਿੰਨ ਸਮਰਪਿਤ ਪੋਲਿੰਗ ਸਟੇਸ਼ਨ ਔਰਤਾਂ ਲਈ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਅਪਾਹਜ ਵੋਟਰਾਂ ਅਤੇ ਨੌਜਵਾਨ ਵੋਟਰਾਂ ਲਈ ਵਿਸ਼ੇਸ਼ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਸਾਰੇ ਪੋਲਿੰਗ ਸਟੇਸ਼ਨਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ।
ਤਰਨ ਤਾਰਨ ਜਿਮਨੀ ਚੋਣ ਲਈ 11 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ 14 ਨਵੰਬਰ ਨੂੰ ਨਤੀਜ਼ੇ ਸਾਫ ਕਰ ਦੇਣਗੇ ਕਿ ਲੋਕ ਕਿਸ ਨੂੰ ਇਸ ਵਾਰ ਮੌਕਾ ਦਿੰਦੇ ਨੇ।