ਦੋ ਕਿਸਾਨ ਆਗੂਆਂ ਨੂੰ ਹਾਈ ਕੋਰਟ ਤੋਂ ਮਿਲ਼ੀ ਜ਼ਮਾਨਤ, ਕਿਸਾਨਾਂ ਦੀ ਰਿਹਾਈ ਸੱਚਾਈ ਦੀ ਜਿੱਤ: ਉਗਰਾਹਾਂ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਖ਼ਰ ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਬੰਦਘ ਦੋ ਕਿਸਾਨ ਆਗੂਆਂ ਬਲਦੇਵ ਸਿੰਘ ਅਤੇ ਸ਼ਗਨਦੀਪ ਸਿੰਘ ਦੀ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ। ਬਲਦੇਵ ਸਿੰਘ ਪਿੰਡ ਚਾਉਕੇ ਅਤੇ ਸ਼ਗਨਦੀਪ ਸਿੰਘ ਪਿੰਡ ਜਿਉਂਦ ਦੇ ਹਨ
ਭਲਕੇ ਵੀਰਵਾਰ ਨੂੰ ਕੱਢੀਆਂ ਜਾਣਗੀਆਂ ਜੇਤੂ–ਰੈਲੀਆਂ
ਬਠਿੰਡਾ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਖ਼ਰ ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਬੰਦ ਦੋ ਕਿਸਾਨ ਆਗੂਆਂ ਬਲਦੇਵ ਸਿੰਘ ਅਤੇ ਸ਼ਗਨਦੀਪ ਸਿੰਘ ਦੀ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ। ਬਲਦੇਵ ਸਿੰਘ ਪਿੰਡ ਚਾਉਕੇ ਅਤੇ ਸ਼ਗਨਦੀਪ ਸਿੰਘ ਪਿੰਡ ਜਿਉਂਦ ਦੇ ਹਨ। ਅੱਜ ਬੁੱਧਵਾਰ ਨੂੰ ਹੀ ਜਿਉਂਦ 'ਚ ਪੁਲਿਸ ਅਤੇ ਕਿਸਾਨਾਂ ਵਿਚਾਲ਼ੇ ਵੱਡੇ ਪੱਧਰ ਉਤੇ ਸੰਘਰਸ਼ ਹੋਇਆ ਸੀ। ਕਿਸਾਨ ਜਥੇਬੰਦੀਆਂ ਇਸ ਨੂੰ ਆਪਣੇ ਸੰਘਰਸ਼ ਦੀ ਇੱਕ ਵੱਡੀ ਜਿੱਤ ਕਰਾਰ ਦੇ ਰਹੀਆਂ ਹਨ।
ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਖ਼ੁਦ ਆਪਣੇ ਦੋਵੇਂ ਕਿਸਾਨ ਸਾਥੀਆਂ ਦੀ ਰਿਹਾਈ ਦੀ ਖ਼ਬਰ ਸਾਂਝੀ ਕੀਤੀ। ਇਹ ਦੋਵੇਂ ਕਿਸਾਨ ਨੇਤਾ ਪਿਛਲੇ ਨੌਂ ਮਹੀਨਿਆਂ ਤੋਂ ਬਠਿੰਡਾ ਦੀ ਜੇਲ੍ਹ 'ਚ ਕੈਦ ਸਨ। ਉਨ੍ਹਾਂ ਦੱਸਿਆ ਕਿ ਅੱਜ ਤੜਕੇ ਤੇ ਕੱਲ੍ਹ ਦੇਰ ਰਾਤੀਂ ਜਿਹੜੇ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਦੀ ਰਿਹਾਈ ਲਈ ਧਰਨੇ ਤੇ ਹੋਰ ਸੰਘਰਸ਼ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਹਾਈ ਕੋਰਟ ਦੇ ਇਸ ਤਾਜ਼ਾ ਫ਼ੈਲੇ ਨੂੰ 'ਸੱਚਾਈ ਦੀ ਜਿੱਤ' ਕਰਾਰ ਦਿੱਤਾ।
ਜੋਗਿੰਦਰ ਸਿੰਘ ਉਗਰਾਹਾਂ ਨੇ ਇਹ ਵੀ ਐਲਾਨ ਕੀਤਾ ਕਿ ਭਲਕੇ ਵੀਰਵਾਰ ਨੂੰ ਜੇਤੂ–ਰੈਲੀਆਂ ਵੀ ਕੱਢੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਕਿਸਾਨਾਂ ਦਾ ਹੱਕ ਹੈ ਕਿ ਉਹ ਆਪਣੀ ਜਿੱਤ ਦੇ ਜਸ਼ਨ ਮਨਾਉਣ।
ਉਨ੍ਹਾਂ ਕਿਹਾ ਕਿ ਇੱਕਜੁਟਤਾ ਨਾਲ਼ ਲੜੇ ਸੰਘਰਸ਼ ਦਾ ਫਲ਼ ਇਨਸਾਫ਼ ਵਿੱਚ ਹੀ ਨਿੱਕਲ਼ਿਆ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸਾਨ ਜੱਥੇਬੰਦੀ ਵੱਲੋਂ ਦੋਵੇਂ ਕਿਸਾਨ ਆਗੂਆਂ ਨੂੰ ਬਿਨਾ ਸ਼ਰਤ ਰਿਹਾਅ ਕਰਨ ਲਈ ਪ੍ਰਸ਼ਾਸਨ ਉਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਸਦਾ ਅਮਨ–ਅਮਾਨ ਨਾਲ਼ ਚੱਲਦਾ ਰਿਹਾ ਹੈ ਪਰ ਪੁਲਿਸ ਹੀ ਜਾਣਬੁੱਝ ਕੇ ਅੜਿੱਕੇ ਡਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀਪੂਰਨ ਕਿਸਾਨ ਅੰਦੋਲਨ ਇੰਝ ਹੀ ਜਾਰੀ ਰਹਿਣਗੇ।