ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਖੁਰਦ ਵਿਖੇ ਬੀਤੀ ਰਾਤ ਇੱਕ ਵਿਅਕਤੀ ਦਾ ਕਤਲ ਅਤੇ ਚਾਰ ਗੰਭੀਰ ਫੱਟੜ

Update: 2025-10-21 14:03 GMT

ਅੰਮ੍ਰਿਤਸਰ (ਗੁਰਪਿਆਰ ਥਿੰਦ) : ਰਾਤ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਬੋਪਾਰਾਏ ਖੁਰਦ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਏ ਹਮਲੇ ਵਿੱਚ ਇੱਕ ਧਿਰ ਦੇ ਇੱਕ ਵਿਅਕਤੀ ਦਾ ਕਤਲ ਹੋਣ ਤੇ ਚਾਰ ਦੇ ਜਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰ ਧਿਰ ਦੇ ਵਿਅਕਤੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ, ਜਦੋਂਕਿ ਹਮਲੇ ਵਿੱਚ ਜ਼ਖਮੀ ਹੋਏ ਤੇ ਮਾਰੇ ਗਏ ਵਿਅਕਤੀ ਕਾਂਗਰਸ ਪਾਰਟੀ ਨਾਲ ਸਬੰਧਤ ਦੱਸੇ ਜਾ ਰਹੇ ਹਨ। ਬੀਤੀ ਰਾਤ ਕਰੀਬ 9:30 ਵਜੇ ਹੋਏ ਇਸ ਹਮਲੇ ਵਿੱਚ ਹਰੀ ਸਿੰਘ (65 ) ਦੀ ਮੌਤ ਹੋ ਗਈ, ਜਦੋਂ ਕਿ ਹਰਜਿੰਦਰ ਸਿੰਘ, ਸਤਵੰਤ ਸਿੰਘ, ਲਖਬੀਰ ਸਿੰਘ ਅਤੇ ਹਰਪ੍ਰੀਤ ਸਿੰਘ ਹੈਪੀ ਰੂਪ ਵਿਚ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।



ਮ੍ਰਿਤਕ ਵਿਅਕਤੀ ਹਰੀ ਸਿੰਘ ਦੇ ਭਤੀਜੇ ਅਤੇ ਪਿੰਡ ਬੋਪਾਰਾਏ ਖੁਰਦ ਦੇ ਸਾਬਕਾ ਸਰਪੰਚ ਕੇਵਲ ਸਿੰਘ ਪਹਿਲਵਾਨ ਨੇ ਦੱਸਿਆ ਕਿ ਹਮਲਾਵਰ ਵਿਅਕਤੀਆਂ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਹੈ, ਜਿਸ ਦੇ ਚਲਦਿਆਂ ਹਾਕਮ ਧਿਰ ਨਾਲ ਸੰਬੰਧਿਤ ਹਮਲਾਵਰ ਧਿਰ ਨੇ ਉਨ੍ਹਾਂ ਦੇ 11 ਵਿਅਕਤੀਆਂ ਦੇ ਖ਼ਿਲਾਫ਼ ਪਹਿਲਾਂ ਵੀ ਨਜਾਇਜ਼ ਪਰਚੇ ਦਰਜ ਕਰਵਾਏ ਸਨ, ਜਿਸ ਕਰਕੇ ਉਨ੍ਹਾਂ ਦੇ ਪੰਜ ਵਿਅਕਤੀਆਂ ਨੂੰ ਜੇਲ੍ਹ ਵਿੱਚ ਵੀ ਰਹਿਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਹਰਜਿੰਦਰ ਸਿੰਘ ਪੁੱਤਰ ਹਰੀ ਸਿੰਘ ਦੀ ਚੱਕੀ ਦੇ ਸਾਹਮਣੇ ਰਾਤੀਂ ਕੁਝ ਨੌਜਵਾਨ ਪਟਾਕੇ ਚਲਾ ਰਹੇ ਸਨ ਤਾਂ ਰੰਜਿਸ਼ ਕਾਰਨ ਵਿਰੋਧੀ ਧਿਰ ਦੇ ਵਿਅਕਤੀਆਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਹਰੀ ਸਿੰਘ ਦੀ ਮੌਤ ਅਤੇ ਬਾਕੀ ਚਾਰ ਵਿਅਕਤੀ ਜ਼ਖਮੀ ਹੋ ਗਏ।



ਜਿਸਦੀ ਸੂਚਨਾ ਦੇਣ ਤੇ ਪੁਲਿਸ ਥਾਣਾ ਲੋਪੋਕੇ ਦੀ ਪੁਲਿਸ ਰਾਤ ਸਮੇਂ ਹੀ ਘਟਨਾ ਸਥਾਨ 'ਤੇ ਪਹੁੰਚੀ। ਮ੍ਰਿਤਕ ਹਰੀ ਸਿੰਘ ਦੇ ਪੁੱਤਰ ਜਸਬੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ 11 ਵਿਅਕਤੀਆਂ ਰਣਜੀਤ ਸਿੰਘ ਪੁੱਤਰ ਕੁਲਦੀਪ ਸਿੰਘ, ਰਸ਼ਪਾਲ ਸਿੰਘ ਪੁੱਤਰ ਕੁਲਦੀਪ ਸਿੰਘ, ਅਜਮੇਰ ਸਿੰਘ ਪੁੱਤਰ ਕਸ਼ਮੀਰ ਸਿੰਘ, ਗੁਰਤਾਜ ਸਿੰਘ ਪੁੱਤਰ ਸੁਖਪਾਲ ਸਿੰਘ, ਕਸ਼ਮੀਰ ਸਿੰਘ ਪੁੱਤਰ ਗੁਲਜ਼ਾਰ ਸਿੰਘ, ਅਜੀਤ ਸਿੰਘ ਪੁੱਤਰ ਸੁੱਚਾ ਸਿੰਘ, ਕਸ਼ਮੀਰ ਸਿੰਘ ਪੁੱਤਰ ਟਹਿਲ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ, ਅਵਤਾਰ ਸਿੰਘ ਉਰਫ ਲਾਲੀ ਪੁੱਤਰ ਇੰਦਰ ਸਿੰਘ, ਗੁਰਕਮਲ ਸਿੰਘ ਪੁੱਤਰ ਬਿਕਰਮਜੀਤ ਸਿੰਘ, ਬਿਕਰਮਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।



ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਕਿਰਪਾਨਾਂ, ਦਾਤਰਾਂ ਤੋਂ ਇਲਾਵਾ ਪਿਸਤੌਲ ਅਤੇ 315 ਰਾਈਫ਼ਲ ਦੀ ਵਰਤੋਂ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਲੋਪੋਕੇ ਦੇ ਐਸ.ਐਚ.ਓ. ਸਤਪਾਲ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

Tags:    

Similar News