ਕੈਨੇਡਾ ਤੋਂ ਡੌਂਕੀ ਲਾਉਣ ਦਾ ਨਵਾਂ ਤਰੀਕਾ, ਟੈਕਸੀ ਸਿੱਧਾ ਪਹੁੰਚਾਉਂ ਅਮਰੀਕਾ

ਸੋਸ਼ਲ ਮੀਡੀਆ 'ਤੇ ਨੌਜਵਾਨ ਲੜਕੇ-ਲੜਕੀਆਂ ਦੀ ਵੀਡੀਓ ਹੋ ਰਹੀ ਵਾਇਰਲ;

Update: 2024-12-04 20:03 GMT

ਅਮਰੀਕਾ 'ਚ ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਕਾਰਨ ਮਾਸ ਡਿਪੋਰਟੇਸ਼ਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਅਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਮਰੀਕਾ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਪ੍ਰਵਾਸੀ ਵੱਡੀ ਗਿਣਤੀ 'ਚ ਕੈਨੇਡਾ ਦਾ ਰੁੱਖ ਕਰਨਗੇ, ਪਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਇੱਕ ਵੀਡੀਓ ਕੁੱਝ ਹੋਰ ਹੀ ਦਰਸਾ ਰਹੀ ਹੈ। ਕੈਨੇਡਾ ਅਤੇ ਅਮਰੀਕਾ 'ਚ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਪਹਿਲਾਂ ਇਹ ਕੰਮ ਚੋਰੀ-ਛਿਪੇ ਕੀਤੇ ਜਾਂਦੇ ਸਨ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ ਪਰ ਅਜੌਕੇ ਸਮੇਂ 'ਚ ਇਹ ਕੰਮ ਸ਼ਰੇਆਮ ਕੀਤੇ ਜਾ ਰਹੇ ਹਨ। ਏਜੰਟਾਂ ਨੂੰ ਹੁਣ ਕਿਸੇ ਦਾ ਡਰ ਵੀ ਨਹੀਂ ਰਿਹਾ। ਸੋਸ਼ਲ ਮੀਡੀਆ ਉੱਪਰ ਕੁੱਝ ਖਾਤਿਆਂ ਵੱਲੋਂ ਵੀਡੀਓ ਪੋਸਟ ਕਰਕੇ ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਨਾਲ ਲੋਕ ਕੈਨੇਡਾ ਤੋਂ ਅਮਰੀਕਾ ਦੀ ਡੌਂਕੀ ਲਗਾ ਸਕਦੇ ਹਨ।

ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਇੱਕ ਵੀਡੀਓ 'ਚ ਕੁੱਝ ਨੌਜਵਾਨ ਮੁੰਡੇ-ਕੁੜੀਆਂ ਸ਼ਰੇਆਮ ਡੌਂਕੀ ਲਗਾ ਕੇ ਜਾ ਰਹੇ ਹਨ ਅਤੇ ਕਹਿ ਰਹੇ ਹਨ ਕਿ ਜੇਕਰ ਕੋਈ ਭਾਈ-ਭੈਣ ਡੌਂਕੀ ਲਗਾਉਣਾ ਚਾਹੁੰਦਾ ਹੈ ਤਾਂ ਸਾਡੇ ਏਜੰਟ ਨਾਲ ਸੰਪਰਕ ਕਰ ਸਕਦਾ ਹੈ। ਵੀਡੀਓ 'ਚ ਏਜੰਟ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਪਰ ਡੌਂਕੀ ਲਗਾ ਕੇ ਅਮਰੀਕਾ ਪਹੁੰਚੇ ਨੌਜਵਾਨਾਂ ਦੇ ਚਿਹਰੇ ਨਹੀਂ ਢੱਕੇ ਹੋਏ ਹਨ। ਉਨ੍ਹਾਂ ਵੱਲੋਂ ਸ਼ਰੇਆਮ ਦੱਸਿਆ ਗਿਆ ਕਿ ਕਿਸ ਤਰ੍ਹਾਂ ਨਾਲ ਉਨ੍ਹਾਂ ਨੇ ਡੌਂਕੀ ਲਗਾਈ ਹੈ, ਇੱਥੋਂ ਤੱਕ ਕਿ ਕੁੜੀਆਂ ਵੀ ਵੀਡੀਓ 'ਚ ਹਨ ਪਰ ਉਨ੍ਹਾਂ ਦੇ ਚਿਹਰੇ ਢੱਕੇ ਹੋਏ ਹਨ। ਕੁੱਝ ਲੋਕ ਆਪਣੇ ਪਰਿਵਾਰਾਂ ਸਮੇਤ ਡੌਂਕੀ ਲਗਾ ਕੇ ਅਮਰੀਕਾ ਗਏ ਹਨ। ਡੌਂਕੀ ਲਗਵਾਉਣ ਵਾਲੇ ਏਜੰਟ ਵੱਲੋਂ ਪੂਰੀ ਤਰ੍ਹਾਂ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕਿਹੜਾ ਸਾਮਾਨ ਨਾਲ ਲੈ ਕੇ ਜਾਣਾ ਹੈ, ਕਿਹੜੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ ਅਤੇ ਜੇਕਰ ਅਮਰੀਕਾ 'ਚ ਰਹਿਣ ਲਈ ਕੋਈ ਪਤਾ ਨਹੀਂ ਹੈ ਤਾਂ ਉਹ ਵੀ ਏਜੰਟ ਦੇਣਗੇ।

ਵੀਡੀਓ 'ਚ ਨੌਜਵਾਨ ਲੜਕੇ ਦੱਸਦੇ ਹਨ ਕਿ ਉਹ ਮਾਂਟਰੀਅਲ ਤੋਂ ਯੂਐੱਸਏ ਦਾਖਲ ਹੋਏ ਹਨ ਅਤੇ 20-25 ਮਿੰਟ ਦਾ ਪੈਦਲ ਰਸਤਾ ਹੈ। ਰਸਤੇ 'ਚ ਕੋਈ ਮੁਸ਼ਕਿਲ ਨਹੀਂ ਆਵੇਗੀ, ਬਹੁਤ ਹੀ ਚੰਗੇ ਢੰਗ ਨਾਲ ਸਾਡੇ ਏਜੰਟ ਵੱਲੋਂ ਡੌਂਕੀ ਲਗਵਾਈ ਜਾਂਦੀ ਹੈ। ਇੱਥੋਂ ਤੱਕ ਕਿ ਵੀਡੀਓ 'ਚ ਦਿਖਾਈ ਦੇ ਰਹੀਆਂ ਕੁੜੀਆਂ ਨੇ ਵੀ ਖੁਦ ਦੱਸਿਆ ਕਿ ਉਹ ਬਿਨ੍ਹਾਂ ਕੈਂਪ ਤੋਂ, ਬਿਨ੍ਹਾਂ ਪੁਲਿਸ ਤੋਂ ਮਾਂਟਰੀਅਲ ਤੋਂ ਨਿਊ ਯਾਰਕ ਪਹੁੰਚੀਆਂ ਹਨ। ਕੁੜੀਆਂ ਨੇ ਕਿਹਾ ਕਿ ਫਰੌਡ ਏਜੰਟਾਂ ਤੋਂ ਸਾਵਧਾਨ ਰਹੋ। ਸਾਡਾ ਏਜੰਟ ਬਹੁਤ ਭਰੋਸੇਯੋਗ ਏਜੰਟ ਹੈ, ਕੋਈ ਵੀ ਇੰਨ੍ਹਾਂ ਨਾਲ ਗੱਲ ਕਰ ਸਕਦਾ ਹੈ। ਖਾਸ ਕਰ ਕੁੜੀਆਂ ਬਹੁਤ ਸੁਰੱਖਿਅਤ ਮਹਿਸੂਸ ਕਰਨਗੀਆਂ। ਇੱਕ ਵੀਡੀਓ 'ਚ ਸਰਦਾਰ ਲੜਕਾ ਦੱਸ ਰਿਹਾ ਹੈ ਕਿ ਅਮਰੀਕਾ ਨੂੰ ਡੌਂਕੀ ਲਾਉਣ ਦਾ ਕੰਮ ਪੂਰਾ ਸੁਰੱਖਿਅਤ ਹੈ। ਉਸ ਲੜਕੇ ਨੇ ਦੱਸਿਆ ਕਿ ਅਸੀਂ ਕੁੱਲ 6 ਜਣੇ ਹਾਂ ਜਿੰਨ੍ਹਾਂ 'ਚ 4 ਲੜਕੀਆਂ ਅਤੇ 2 ਲੜਕੇ ਹਨ।

ਇਸ ਵਾਇਰਲ ਵੀਡੀਓ 'ਚ ਜੋ ਗੱਲਾਂ ਕੀਤੀਆਂ ਜਾ ਰਹੀਆਂ ਹਨ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਡੌਂਕੀ ਲਗਵਾਉਣ ਵਾਲੇ ਏਜੰਟਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਅਤੇ ਜੋ ਡੌਂਕੀ ਲਗਾ ਕੇ ਜਾ ਰਹੇ ਹਨ ਉਹ ਵੀ ਸ਼ਰੇਆਮ ਵੀਡੀਓ ਬਣਾ ਕੇ ਦੱਸ ਰਹੇ ਹਨ। ਹੋਰਾਂ ਨੌਜਵਾਨ ਲੜਕੇ ਲੜਕੀਆਂ ਨੂੰ ਵੀ ਡੌਂਕੀ ਲਗਾਉਣ ਲਈ ਉਕਸਾਇਆ ਜਾ ਰਿਹਾ ਹੈ। ਇਹ ਤਾਂ ਕੁੱਝ ਕੁ ਨੌਜਵਾਨਾਂ ਦੀ ਵੀਡੀਓ ਸਾਹਮਣੇ ਆਈ ਹੈ, ਅਜਿਹੇ ਹੋਰ ਪਤਾ ਨਹੀਂ ਕਿੰਨੇ ਕੁ ਨੌਜਵਾਨ ਹੋਣਗੇ ਜੋ ਡੌਂਕੀ ਲਗਾ ਕੇ ਕੈਨੇਡਾ ਤੋਂ ਯੂਐੱਸ ਦਾਖਲ ਹੁੰਦੇ ਹਨ। ਸਰਕਾਰ ਨੂੰ ਇਹੋ-ਜਿਹੇ ਗੈਰ-ਕਾਨੂੰਨੀ ਕੰਮਾਂ ਨੂੰ ਰੋਕਣ ਲਈ ਜ਼ਰੂਰ ਕੁੱਝ ਕਰਨ ਦੀ ਲੋੜ ਹੈ।

Tags:    

Similar News