ਕੈਨੇਡਾ: ਟਰੱਕ ਦਾ ਟਾਇਰ ਬਦਲਣ ਸਮੇਂ ਪੰਜਾਬੀ ਨਾਲ ਵਾਪਰਿਆ ਹਾਦਸਾ

ਜ਼ਮੀਨ 'ਤੇ ਸਿਰ ਲੱਗਣ ਕਾਰਨ 43 ਸਾਲਾ ਜਗਜੀਤ ਦੀ ਮੌਕੇ 'ਤੇ ਹੀ ਮੌਤ;

Update: 2024-12-09 20:10 GMT

ਕੈਨੇਡਾ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗੁਰਦਾਸਪੁਰ ਦੇ ਪਿੰਡ ਭੱਟੀਵਾਲ ਦੇ 43 ਸਾਲਾ ਜਗਜੀਤ ਸਿੰਘ ਜੋ ਕਿ ਇੱਕ ਸਾਲ ਪਹਿਲਾਂ ਵਰਕ ਪਰਮਿਟ 'ਤੇ ਰੋਜ਼ੀ-ਰੋਟੀ ਕਮਾਉਣ ਲਈ ਕੈਨੇਡਾ ਗਏ ਸਨ, ਦੀ ਬੀਤੇ ਦਿਨ ਕੈਨੇਡਾ 'ਚ ਆਪਣੇ ਟਰੱਕ ਦਾ ਟਾਇਰ ਬਦਲਦੇ ਸਮੇਂ ਮੌਤ ਹੋ ਗਈ। ਉਹ ਕੈਨੇਡਾ 'ਚ ਟਰੱਕ ਡਰਾਈਵਰ ਵਜੋਂ ਕੰਮ ਕਰਦੇ ਸਨ। ਮਿਲੀ ਜਾਣਕਾਰੀ ਅਨੁਸਾਰ ਜਗਜੀਤ ਸਿੰਘ ਟਰੱਕ ਯਾਰਡ 'ਚ ਆਪਣੇ ਟਰੱਕ ਦਾ ਟਾਇਰ ਬਦਲ ਰਿਹਾ ਸੀ, ਜਿਸ ਸਮੇਂ ਉਸ ਨਾਲ ਇਹ ਹਾਦਸਾ ਵਾਪਰਿਆ। ਆਕੂਪੇਸ਼ਨਲ ਹੈਲਥ ਐਂਡ ਸੇਫਟੀ ਅਤੇ ਕੈਲਗਰੀ ਪੁਲਿਸ ਸਰਵਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਐਤਵਾਰ ਰਾਤ ਨੂੰ ਇੱਕ ਵਿਅਕਤੀ ਦੀ ਮੌਤ ਕਿਵੇਂ ਹੋਈ।

19 ਐਰੋ ਡ੍ਰਾਈਵ ਐਨ.ਈ. 'ਤੇ ਕੁੱਝ ਵਿਅਕਤੀਆਂ ਨੂੰ ਕੰਮ ਲਈ ਬੁਲਾਇਆ ਗਿਆ ਸੀ। ਸ਼ਾਮ ਕਰੀਬ 6:40 'ਤੇ ਜਦੋਂ ਉਹ ਉਸ ਥਾਂ 'ਤੇ ਪਹੁੰਚੇ ਤਾਂ ਉੱਥੇ ਇੱਕ ਵਿਅਕਤੀ ਯਾਨੀ ਕਿ ਜਗਜੀਤ ਸਿੰਘ ਡਿੱਗਾ ਪਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਨੂੰ ਬੁਲਾਇਆ ਗਿਆ। ਜਗਜੀਤ ਸਿੰਘ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ 43 ਸਾਲਾ ਜਗਜੀਤ ਸਿੰਘ ਦੀ ਮੌਤ ਟਰੱਕ ਦੇ ਰੱਖ-ਰਖਾਅ ਦੌਰਾਨ ਟਾਇਰਾਂ ਦੀ ਚੈਕਿੰਗ ਅਤੇ ਟਾਇਰ ਬਦਲਣ ਵੇਲੇ ਹੋਈ ਹੈ। ਦਰਅਸਲ ਟਰੱਕ ਦਾ ਟਾਇਰ ਬਦਲਦੇ ਸਮੇਂ ਉਸ ਦਾ ਪੈਰ ਤਿਲਕ ਗਿਆ ਅਤੇ ਉਸ ਦਾ ਸਿਰ ਜ਼ਮੀਨ 'ਤੇ ਲੱਗਾ, ਜਿਸ ਕਾਰਨ ਸਿਰ 'ਤੇ ਸੱਟ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਗਜੀਤ ਨੂੰ ਕੈਲਗਰੀ ਫਾਇਰ ਡਿਪਾਰਟਮੈਂਟ ਨੇ ਘਟਨਾ ਸਥਾਨ 'ਤੇ ਈਐਮਐਸ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਬੱਚ ਨਹੀਂ ਪਾਇਆ।

ਇਹ ਖਬਰ ਸੁਣਨ ਤੋਂ ਬਾਅਦ ਜਗਜੀਤ ਦੇ ਪਿੱਛੇ ਬੈਠੇ ਪਰਿਵਾਰ 'ਤੇ ਗੁਰਦਾਸਪੁਰ 'ਚ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਗਜੀਤ ਲਗਭਗ ਇੱਕ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਕੈਨੇਡਾ ਗਿਆ ਸੀ। ਉਹ ਆਪਣੇ ਪਿੱਛੇ ਅਤਪਣੀ ਪਤਨੀ ਅਤੇ 15 ਸਾਲ ਦੇ ਬੇਟੇ ਨੂੰ ਛੱਡ ਗਿਆ ਹੈ। ਜਗਜੀਤ ਦੇ ਵੱਡੇ ਨੇ ਕਿਹਾ ਕਿ ਉਹ ਪੰਜਾਬ ਅਤੇ ਭਾਰਤ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ। ਦੱਸਦਈਏ ਕਿ ਜਗਜੀਤ ਕੈਲਗਰੀ 'ਚ ਆਨਵੇ ਟ੍ਰਾਂਸਪੋਰਟ 'ਚ ਕੰਮ ਕਰਦਾ ਸੀ। ਹਮਦਰਦ ਟੀਵੀ ਨੇ ਇਹ ਪੁਸ਼ਟੀ ਕਰਨ ਲਈ ਆਨਵੇ ਟ੍ਰਾਂਸਪੋਰਟ ਤੱਕ ਪਹੁੰਚ ਕੀਤੀ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਜਗਜੀਤ ਉਨ੍ਹਾਂ ਦਾ ਹੀ ਕਰਮਚਾਰੀ ਸੀ। ਆਨਵੇ ਟ੍ਰਾਂਸਪੋਰਟ ਨੇ ਫਿਲਹਾਲ ਹੋਰ ਕੋਈ ਖੁਲਾਸਾ ਨਹੀਂ ਕੀਤਾ। ਫਿਲਹਾਲ ਪੁਲਿਸ ਵੱਲੋਂ ਪੂਰੇ ਯਾਰਡ ਨੂੰ ਪੁਲਿਸ ਟੇਪ ਨਾਲ ਸੀਲ ਕੀਤਾ ਹੋਇਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Tags:    

Similar News