ਅਮ੍ਰਿਤਪਾਲ ਦੀ ਮਾਤਾ ਦਿੱਲੀ ਏਅਰਪੋਰਟ ’ਤੇ ਰੋਕੀ ਗਈ, NOC ਦੀ ਮੰਗ ਨਾਲ ਯਾਤਰਾ ਰੋਕੀ: ਪਰਿਵਾਰ ਭੜਕਿਆ
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੂੰ ਦਿੱਲੀ ਏਅਰਪੋਰਟ ‘ਤੇ ਦੁਬਈ ਜਾਣ ਤੋਂ ਰੋਕਣ ਦਾ ਮਾਮਲਾ ਤਣਾਅ ਦਾ ਕਾਰਣ ਬਣ ਗਿਆ ਹੈ। ਪਰਿਵਾਰ ਵੱਲੋਂ ਇਸ ਨੂੰ ਸਰਾਸਰ ਧੱਕੇਸ਼ਾਹੀ ਦੱਸਿਆ ਜਾ ਰਿਹਾ ਹੈ।
ਦਿੱਲੀ : ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੂੰ ਦਿੱਲੀ ਏਅਰਪੋਰਟ ‘ਤੇ ਦੁਬਈ ਜਾਣ ਤੋਂ ਰੋਕਣ ਦਾ ਮਾਮਲਾ ਤਣਾਅ ਦਾ ਕਾਰਣ ਬਣ ਗਿਆ ਹੈ। ਪਰਿਵਾਰ ਵੱਲੋਂ ਇਸ ਨੂੰ ਸਰਾਸਰ ਧੱਕੇਸ਼ਾਹੀ ਦੱਸਿਆ ਜਾ ਰਿਹਾ ਹੈ। ਬਲਵਿੰਦਰ ਕੌਰ ਦੁਬਈ ਵਾਇਆ ਦਿੱਲੀ ਰਵਾਨਾ ਹੋ ਰਹੀ ਸੀ, ਪਰ ਏਅਰਪੋਰਟ ਅਧਿਕਾਰੀਆਂ ਨੇ ਅਚਾਨਕ ਉਨ੍ਹਾਂ ਨੂੰ ਰੋਕ ਲਿਆ ਅਤੇ NOC ਦੀ ਮੰਗ ਕੀਤੀ, ਜਿਸ ਕਰਕੇ ਉਨ੍ਹਾਂ ਨੂੰ ਅਗਲੇ ਸਫ਼ਰ ‘ਤੇ ਨਹੀਂ ਜਾਣ ਦਿੱਤਾ ਗਿਆ।
ਅਮ੍ਰਿਤਪਾਲ ਦੇ ਚਾਚਾ ਸੁਖਚੈਨ ਸਿੰਘ ਨੇ ਦੱਸਿਆ ਕਿ ਰੂਰਲ ਪੁਲਿਸ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਦੇ ਆਧਾਰ ‘ਤੇ ਉਨ੍ਹਾਂ ਦੀ ਯਾਤਰਾ ਰੋਕੀ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਸ ਨੋਟਿਸ ਬਾਰੇ ਉਨ੍ਹਾਂ ਨੂੰ ਪਹਿਲਾਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਸੁਖਚੈਨ ਸਿੰਘ ਨੇ ਕਿਹਾ ਕਿ ਜੇ ਉਹਨਾਂ ਨੂੰ ਇਹ ਪਤਾ ਹੁੰਦਾ ਤਾਂ ਉਹ ਟਿਕਟ ਹੀ ਬੁੱਕ ਨਾ ਕਰਵਾਉਂਦੇ।
ਸੁਖਚੈਨ ਸਿੰਘ ਨੇ ਇਸ ਘਟਨਾ ਨੂੰ “ਸਰੇਆਮ ਧੱਕਾ” ਕਰਾਰ ਦਿੰਦੇ ਹੋਏ ਕਿਹਾ ਕਿ ਬਲਵਿੰਦਰ ਕੌਰ ਕੇਵਲ ਕੁਝ ਨਿੱਜੀ ਕੰਮ ਲਈ ਜਾ ਰਹੀ ਸੀ, ਉੱਥੇ ਰਹਿਣ ਦਾ ਕੋਈ ਇਰਾਦਾ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਬਲਵਿੰਦਰ ਕੌਰ ਲਈ ਦੇਸ਼ ਭਾਰਤ ਹੀ ਹੈ ਅਤੇ ਉਹ ਸਿਰਫ਼ ਅਸਥਾਈ ਯਾਤਰਾ ‘ਤੇ ਜਾ ਰਹੀ ਸੀ।
ਪਰਿਵਾਰ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਸਰਕਾਰ ਦੀ ਵੱਡੀ ਨਾਕਾਮੀ ਹੈ ਅਤੇ ਬੇਦੋਸ਼ ਪਰਿਵਾਰ ਨਾਲ ਬੇਵਜ੍ਹਾ ਸਖ਼ਤੀ ਕੀਤੀ ਜਾ ਰਹੀ ਹੈ।