ਸੁਪਰੀਮ ਕੋਰਟ ਦੁਆਰਾ ਹਵਾਰਾ ਦੀ ਪਟੀਸ਼ਨ ’ਤੇ ਕੇਂਦਰ ਦੀ ਜਵਾਬ ਤਲਬੀ
: ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕੇਸ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਬੱਬਰ ਖਾਲਸਾ ਦਹਿਸ਼ਤਗਰਦ ਜਗਤਾਰ ਸਿੰਘ ਹਵਾਰਾ ਦੀ ਦਿੱਲੀ ਦੀ ਤਿਹਾੜ;
ਨਵੀਂ ਦਿੱਲੀ,: ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕੇਸ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਬੱਬਰ ਖਾਲਸਾ ਦਹਿਸ਼ਤਗਰਦ ਜਗਤਾਰ ਸਿੰਘ ਹਵਾਰਾ ਦੀ ਦਿੱਲੀ ਦੀ ਤਿਹਾੜ ਜੇਲ੍ਹ ’ਚੋਂ ਪੰਜਾਬ ਦੀ ਕਿਸੇ ਵੀ ਜੇਲ੍ਹ ਵਿਚ ਤਬਦੀਲ ਕਰਨ ਦੀ ਮੰਗ ਕਰਦੀ ਪਟੀਸ਼ਨ ’ਤੇ ਕੇਂਦਰ ਤੇ ਹੋਰਨਾਂ ਤੋਂ ਜਵਾਬ ਮੰਗ ਲਿਆ ਹੈ। ਜਸਟਿਸ ਬੀਆਰ ਗਵਈ ਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਹਵਾਰਾ ਦੀ ਪਟੀਸ਼ਨ ’ਤੇ ਕੇਂਦਰ ਅਤੇ ਦਿੱਲੀ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਨੋੋਟਿਸ ਜਾਰੀ ਕੀਤਾ ਹੈ।
ਹਵਾਰਾ, 31 ਅਗਸਤ 1995 ਨੂੰ ਚੰਡੀਗੜ੍ਹ ਵਿਚ ਸਿਵਲ ਸਕੱਤਰੇਤ ਦੇ ਮੁੱਖ ਦਾਖਲਾ ਗੇਟ ’ਤੇ ਹੋਏ ਧਮਾਕੇ ਵਿਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਤੇ 16 ਹੋਰਨਾਂ ਦੀ ਹੱਤਿਆ ਦੇ ਦੋਸ਼ ਵਿਚ ਬਾਕੀ ਰਹਿੰਦੀ ਜ਼ਿੰਦਗੀ ਤੱਕ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ 22 ਜਨਵਰੀ 2004 ਨੂੰ ਚੰਡੀਗੜ੍ਹ ਦੀ ਬੁੜੈਲ ਜੇਲ੍ਹ ’ਚੋਂ ਸੁਰੰਗ ਪੁੱਟ ਕੇ ਭੱਜਣ (ਹਾਲਾਂਕਿ ਮਗਰੋਂ ਹਵਾਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ) ਦੀ ਘਟਨਾ ਨੂੰ ਛੱਡ ਦੇਈਏ ਤਾਂ ਜੇਲ੍ਹ ਵਿਚ ਹਵਾਰਾ ਦਾ ਰਵੱਈਆ ਠੀਕ ਰਿਹਾ ਹੈ।
ਬੈਂਚ ਨੇ ਹਵਾਰਾ ਵੱਲੋਂ ਪੇਸ਼ ਸੀਨੀਅਰ ਵਕੀਲ ਕੋਲਿਨ ਗੌਂਸਾਲਵਿਸ ਨੂੰ ਸਵਾਲ ਕੀਤਾ, ‘ਤੁਸੀਂ (ਹਵਾਰਾ) ਸੁਰੰਗ ਪੁੱਟਣ ਵਿਚ ਸਫਲ ਕਿਵੇਂ ਰਹੇ।’ ਇਸ ’ਤੇ ਗੌਂਸਾਲਵਿਸ ਨੇ ਕਿਹਾ, ‘ਅੱਜ ਉਸ ਘਟਨਾ (ਧਮਾਕੇ) ਨੂੰ 30 ਸਾਲ ਹੋ ਗਏ ਹਨ ਤੇ ਜੇਲ੍ਹ ਤੋੜ ਕੇ ਭੱਜਣ ਦੀ ਘਟਨਾ ਨੂੰ 20 ਸਾਲ।’ ਬੈਂਚ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰਦੇ ਹੋਏ, ਕੇਸ ਦੀ ਅਗਲੀ ਸੁਣਵਾਈ 4 ਹਫ਼ਤਿਆਂ ਬਾਅਦ ਨਿਰਧਾਰਿਤ ਕਰ ਦਿੱਤੀ।