ਜਦੋਂ ਦੋ ਮੁੰਡਿਆਂ ਨੇ ਇੰਦਰਾ ਗਾਂਧੀ ਲਈ ਕੀਤਾ ਜਹਾਜ਼ ਹਾਈਜੈਕ
ਭਾਰਤ ਵਿਚ ਹਾਈਜੈਕ ਦੀ ਇਕ ਹੋਰ ਘਟਨਾ ਹੋਈ ਸੀ ਅਤੇ ਇਹ ਕਿਸੇ ਅੱਤਵਾਦੀ ਨੇ ਨਹੀਂ ਬਲਕਿ ਭਾਰਤ ਦੇ ਹੀ ਦੋ ਮੁੰਡਿਆਂ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਦੀ ਮੰਗ ਸੀ ਕਿ ਜੇਲ੍ਹ ਵਿਚ ਬੰਦ ਇੰਦਰਾ ਗਾਂਧੀ ਨੂੰ ਰਿਹਾਅ ਕੀਤਾ ਜਾਵੇ। ਇਨ੍ਹਾਂ ਲੜਕਿਆਂ ਦਾ ਨਾਮ ਸੀ ਭੋਲਾ ਨਾਥ ਪਾਂਡੇ ਅਤੇ ਦਵਿੰਦਰ ਪਾਂਡੇ।;
ਨਵੀਂ ਦਿੱਲੀ : ਜਦੋਂ ਕਦੇ ਵੀ ਭਾਰਤ ਵਿਚ ਜਹਾਜ਼ ਹਾਈਜੈਕ ਦਾ ਜ਼ਿਕਰ ਆਉਂਦਾ ਏ ਤਾਂ ਸਭ ਤੋਂ ਪਹਿਲਾਂ 1999 ਦੇ ਆਈਸੀ 814 ਹਾਈਜੈਕ ਦਾ ਨਾਮ ਜ਼ਰੂਰ ਆਉਂਦੈ। ਇਸ ਘਟਨਾ ਵਿਚ ਇੰਡੀਆ ਏਅਰਲਾਈਨਜ਼ ਦੀ ਫਲਾਈਟ ਨੂੰ ਹਾਈਜੈਕ ਕਰਕੇ ਲਾਹੌਰ, ਦੁਬਈ ਅਤੇ ਆਖ਼ਰਕਾਰ ਅਫ਼ਗਾਨਿਸਤਾਨ ਦੇ ਕੰਧਾਰ ਲਿਜਾਇਆ ਗਿਆ ਸੀ। ਇਸ ਦੇ ਬਦਲੇ ਖੂੰਖਾਰ ਅੱਤਵਾਦੀਆਂ ਦੀ ਰਿਹਾਈ ਹੋਈ ਸੀ,, ਪਰ ਇਸ ਤੋਂ ਪਹਿਲਾਂ ਭਾਰਤ ਵਿਚ ਹਾਈਜੈਕ ਦੀ ਇਕ ਹੋਰ ਘਟਨਾ ਹੋਈ ਸੀ ਅਤੇ ਇਹ ਕਿਸੇ ਅੱਤਵਾਦੀ ਨੇ ਨਹੀਂ ਬਲਕਿ ਭਾਰਤ ਦੇ ਹੀ ਦੋ ਮੁੰਡਿਆਂ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਦੀ ਮੰਗ ਸੀ ਕਿ ਜੇਲ੍ਹ ਵਿਚ ਬੰਦ ਇੰਦਰਾ ਗਾਂਧੀ ਨੂੰ ਰਿਹਾਅ ਕੀਤਾ ਜਾਵੇ। ਇਨ੍ਹਾਂ ਲੜਕਿਆਂ ਦਾ ਨਾਮ ਸੀ ਭੋਲਾ ਨਾਥ ਪਾਂਡੇ ਅਤੇ ਦਵਿੰਦਰ ਪਾਂਡੇ। ਸੋ ਆਓ ਤੁਹਾਨੂੰ ਆਖ਼ਰਕਾਰ ਕਦੋਂ ਅਤੇ ਕਿਵੇਂ ਵਾਪਰੀ ਇਹ ਜਹਾਜ਼ ਹਾਈਜੈਕ ਦੀ ਘਟਨਾ।
ਇੰਦਰਾ ਗਾਂਧੀ ਨੂੰ ਰਿਹਾਅ ਕਰਵਾਉਣ ਲਈ ਜਿਹੜੇ ਦੋ ਲੜਕਿਆਂ ਭੋਲਾ ਨਾਭ ਪਾਂਡੇ ਅਤੇ ਦਵਿੰਦਰ ਪਾਂਡੇ ਵੱਲੋਂ ਜਹਾਜ਼ ਹਾਈਜੈਕ ਕੀਤਾ ਗਿਆ ਸੀ, ਉਹ ਦੋਵੇਂ ਯੂਥ ਕਾਂਗਰਸੀ ਵਰਕਰ ਸਨ ਅਤੇ ਜਿਗਰੀ ਦੋਸਤ ਸਨ। ਕੁੱਝ ਦਿਨ ਪਹਿਲਾਂ 23 ਅਗਸਤ 2024 ਨੂੰ 71 ਸਾਲ ਦੀ ਉਮਰ ਵਿਚ ਭੋਲਾ ਨਾਭ ਪਾਂਡੇ ਦਾ ਦੇਹਾਂਤ ਹੋ ਗਿਆ। ਜਹਾਜ਼ ਹਾਈਜੈਕ ਦੀ ਪੂਰੀ ਕਹਾਣੀ ਜਾਣਨ ਤੋਂ ਪਹਿਲਾਂ ਤੁਹਾਨੂੰ ਇਸ ਦੇ ਪਿਛੋਕੜ ਵਿਚ ਲੈ ਕੇ ਚਲਦੇ ਆਂ। ਜੂਨ 1975 ਦੀ ਗੱਲ ਐ ਜਦੋਂ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾਗ ਾਂਧੀ ਨੇ ਦੇਸ਼ ਵਿਚ ਐਮਰਜੈਂਸੀ ਲਗਾਈ ਸੀ। ਦੋ ਸਾਲ ਵਿਰੋਧੀ ਨੇਤਾਵਾਂ ਦੇ ਖ਼ਿਲਾਫ਼ ਜਮ ਕੇ ਜ਼ਿਆਦਤੀਆਂ ਹੋਈਆਂ।
ਸੰਨ 1977 ਵਿਚ ਐਮਰਜੈਂਸੀ ਹਟਣ ਤੋਂ ਬਾਅਦ ਚੋਣਾਂ ਹੋਈਆਂ। ਇੰਦਰਾ ਗਾਂਧੀ ਦੇ ਖ਼ਿਲਾਫ਼ ਇਕਜੁੱਟ ਵਿਰੋਧੀ ਮੋਰਚਾ ਕਾਇਮ ਹੋਇਆ, ਜਿਸ ਨੂੰ ਜਨਤਾ ਪਾਰਟੀ ਦਾ ਨਾਮ ਦਿੱਤਾ ਗਿਆ। ਇਸ ਪਾਰਟੀ ਨੇ ਚੋਣਾਂ ਵਿਚ ਜਿੱਤ ਹਾਸਲ ਕੀਤੀ। ਮੋਰਾਰਜੀ ਦੇਸਾਈ ਪ੍ਰਧਾਨ ਮੰਤਰੀ ਅਤੇ ਚੌਧਰੀ ਚਰਨ ਸਿੰਘ ਗ੍ਰਹਿ ਮੰਤਰੀ।
ਦਸੰਬਰ 1977 ਵਿਚ ਵਾਰ ਵਾਰ ਸਦਨ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਇੰਦਰਾ ਗਾਂਧੀ ਨੂੰ ਜੇਲ੍ਹ ਭੇਜਿਆ ਗਿਆ ਸੀ। ਕਾਂਗਰਸ ਵਰਕਰਾਂ ਦੇ ਅੰਦਰ ਇਸ ਗੱਲ ਨੂੰ ਲੈ ਕੇ ਕਾਫ਼ੀ ਗੁੱਸਾ ਸੀ ਅਤੇ ਇਨ੍ਹਾਂ ਵਰਕਰਾਂ ਵਿਚੋਂ ਹੀ ਇਕ ਸਨ ਬਲੀਆ ਦੇ ਰਹਿਣ ਵਾਲੇ ਭੋਲਾ ਨਾਭ ਪਾਂਡੇ ਜੋ ਉਸ ਸਮੇਂ 27 ਸਾਲਾਂ ਦੇ ਸਨ। ਯੂਥ ਕਾਂਗਰਸ ਦੇ ਮੈਂਬਰ ਸਨ। ਵਾਰਨਸੀ ਦੀ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਹਿੰਦੀ ਵਿਚ ਪੀਐਚਡੀ ਕੀਤੀ ਸੀ ਅਤੇ ਇਸੇ ਦੌਰਾਨ ਯੂਥ ਕਾਂਗਰਸ ਦੇ ਨਾਲ ਜੁੜ ਗਏ। ਉਹ ਇੰਦਰਾ ਗਾਂਧੀ ਦੀ ਗ੍ਰਿਫ਼ਤਾਰੀ ਤੋਂ ਕਾਫ਼ੀ ਨਾਰਾਜ਼ ਸਨ, ਉਨ੍ਹਾਂ ਨੇ ਇੰਦਰਾ ਦੀ ਰਿਹਾਈ ਲਈ ਵੱਡਾ ਕਦਮ ਉਠਾਉਣ ਦੀ ਯੋਜਨਾ ਬਣਾਈ।
ਤਰੀਕ ਸੀ 20 ਦਸੰਬਰ 1978,,, ਸ਼ਾਮ ਦੇ ਕਰੀਬ 5 ਵੱਜ ਕੇ 45 ਮਿੰਟ ’ਤੇ ਲਖਨਊ ਹਵਾਈ ਅੱਡੇ ਤੋਂ ਇੰਡੀਅਨ ਏਅਰਲਾਈਨਜ਼ ਦੇ ਇਕ ਜਹਾਜ਼ ਬੋਇੰਗ 737 ਨੇ ਉਡਾਨ ਭਰੀ। ਜਹਾਜ਼ ਵਿਚ 132 ਲੋਕ ਸਵਾਰ ਸਨ। ਜਹਾਜ਼ ਦਿੱਲੀ ਪਹੁੰਚਣ ਵਾਲਾ ਸੀ, ਉਸ ਸਮੇਂ ਸੀਟਾਂ ਦੀ 15ਵੀਂ ਲਾਈਨ ਤੋਂ ਦੋ ਨੌਜਵਾਨ ਨਿਕਲੇ। ਇਹ ਦੋਵੇਂ ਉਹੀ ਯੂਥ ਕਾਂਗਰਸੀ ਵਰਕਰ ਸਨ ਭੋਲਾ ਨਾਭ ਪਾਂਡੇ ਅਤੇ ਦਵਿੰਦਰ ਪਾਂਡੇ ਸਨ। ਦੋਵੇਂ ਜਣਿਆਂ ਨੇ ਜਹਾਜ਼ ਦੇ ਕਾਕਪਿਟ ਵੱਲ ਕਦਮ ਵਧਾਏ ਅਤੇ ਫਲਾਈਟ ਅਟੈਂਡੈਂਟ ਜੀਵੀ ਡੇ ਨੂੰ ਹੌਲੀ ਜਿਹੇ ਆਖਿਆ ‘‘ਅਸੀਂ ਕਾਕਪਿਟ ਵਿਚ ਜਾਣਾ ਚਾਹੁੰਦੇ ਹਾਂ, ਤੁਸੀਂ ਇੰਤਜ਼ਾਮ ਕਰ ਦਿਓਗੇ?’’ ਅਟੈਂਡੈਂਟ ਨੇ ਜਵਾਬ ਵਿਚ ਆਖਿਆ ‘‘ਰੁਕੋ ਇਕ ਮਿੰਟ, ਤੁਹਾਡੀ ਰਿਕਵੈਸਟ ਕੈਪਟਨ ਐਮਐਮ ਬੱਟੀਵਾਲਾ ਤੱਕ ਪਹੁੰਚਾ ਦੇਨੇ ਆਂ। ਅਟੈਂਡੈਂਟ ਅੱਗੇ ਕਾਕਪਿਟ ਵੱਲ ਵਧੇ।
ਇੰਨੇ ਨੂੰ ਉਥੇ ਏਅਰ ਹੋਸਟੈੱਸ ਇੰਦਰਾ ਠਾਕੁਰੀ ਆ ਗਈ ਤਾਂ ਇਕ ਜਣੇ ਨੇ ਉਸ ਨੂੰ ਹੱਥ ਫੜ ਕੇ ਇਕ ਪਾਸੇ ਕਰ ਦਿੱਤਾ। ਉਧਰ ਅਟੈਂਡੈਂਟ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਤੋਂ ਦੋਵੇਂ ਯੂਥ ਕਾਂਗਰਸੀ ਅਟੈਂਡੈਂਟ ਨੂੰ ਧੱਕਾ ਦੇ ਕੇ ਅੰਦਰ ਚਲੇ ਗਏ। ਕਾਕਪਿਟ ਦਾ ਦਰਵਾਜ਼ਾ ਫਿਰ ਤੋਂ ਬੰਦ ਹੋ ਗਿਆ। ਥੋੜ੍ਹੀ ਦੇਰ ਵਿਚ ਕਾਕਪਿਟ ਤੋਂ ਇਕ ਅਨਾਊਂਸਮੈਂਟ ਹੋਈ ‘‘ਜਹਾਜ਼ ਹਾਈਜੈਕ ਹੋ ਚੁੱਕਿਆ ਏ, ਅਸੀਂ ਪਟਨਾ ਜਾ ਰਹੇ ਆਂ।’’ ਬਸ ਇੰਨਾ ਕਹਿਣ ਦੀ ਦੇਰ ਸੀ ਕਿ ਜਹਾਜ਼ ਵਿਚ ਬੈਠੀਆਂ ਸਵਾਰੀਆਂ ਦੇ ਹੋਸ਼ ਉਡ ਗਏ। ਘੁਸਰ ਮੁਸਰ ਸ਼ੁਰੂ ਹੋ ਗਈ ਕਿ ਹੁਣ ਕੀ ਬਣੂੰਗਾ?
ਕੁੱਝ ਦੇਰ ਬਾਅਦ ਭੋਲਾ ਨਾਥ ਪਾਂਡੇ ਯਾਤਰੀਆਂ ਦੇ ਸਾਹਮਣੇ ਆਏ ਅਤੇ ਇਕ ਸਪੀਚ ਦਿੰਦਿਆਂ ਆਖਿਆ ‘‘ਅਸੀਂ ਯੂਥ ਇੰਦਰਾ ਕਾਂਗਰਸ ਦੇ ਮੈਂਬਰ ਹਾਂ। ਇੰਦਰਾ ਗਾਂਧੀ ਨੂੰ ਗ੍ਰਿਫ਼ਤਾਰ ਕਰਕੇ ਜਨਤਾ ਪਾਰਟੀ ਨੇ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਐ। ਅਸੀਂ ਗਾਂਧੀਵਾਦੀ ਹਾਂ। ਅਹਿੰਸਾ ਦੇ ਰਸਤੇ ’ਤੇ ਚੱਲਣ ਵਾਲੇ, ਅਸੀਂ ਯਾਤਰੀਆਂ ਨੂੰ ਬਿਲਕੁਲ ਨੁਕਸਾਨ ਨਹੀਂ ਪਹੁੰਚਾਵਾਂਗੇ। ਬਸ ਸਾਡੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਇੰਦਰਾ ਗਾਂਧੀ ਨੂੰ ਰਿਹਾਅ ਕਰੋ।’’
ਇਸ ਮਗਰੋਂ ਉਨ੍ਹਾਂ ਨੇ ਇੰਦਰਾ ਗਾਂਧੀ ਜ਼ਿੰਦਾਬਾਦ ਦੇ ਦੋ ਨਾਅਰੇ ਲਗਾਏ। ਭੋਲਾ ਨਾਥ ਪਾਂਡੇ ਦੀ ਇਸ ਸਪੀਚ ’ਤੇ ਕੁੱਝ ਯਾਤਰੀਆਂ ਨੇ ਤਾੜੀਆਂ ਵੀ ਵਜਾਈਆਂ। ਯਾਤਰੀਆਂ ਦੇ ਨਾਲ ਕਿਸੇ ਤਰ੍ਹਾਂ ਦੀ ਮਾਰਕੁੱਟ ਨਹੀਂ ਹੋਈ ਸੀ। ਸੀਰੀਅਸ ਮਾਮਲਾ ਇਹ ਸੀ ਕਿ ਕਿਸੇ ਵੀ ਯਾਤਰੀ ਨੂੰ ਟਾਇਲਟ ਵਰਤਣ ਨਹੀਂ ਦਿੱਤਾ ਜਾ ਰਿਹਾ ਸੀ। ਕਿਸੇ ਨੂੰ ਆਪਣੀ ਜਗ੍ਹਾ ਤੋਂ ਉਠਣ ਨਹੀਂ ਦਿੱਤਾ ਜਾ ਰਿਹਾ ਸੀ।
ਜਹਾਜ਼ ਵਿਚ ਸਾਬਕਾ ਕਾਂਗਰਸ ਸਰਕਾਰ ਦੇ ਕਾਨੂੰਨ ਮੰਤਰੀ ਏਕੇ ਸੇਨ ਵੀ ਮੌਜੂਦ ਸਨ। ਉਹ ਯੂਥ ਕਾਂਗਰਸੀਆਂ ਦੀ ਇਸ ਹਰਕਤ ਨੂੰ ਇੰਨੇ ਨਾਰਾਜ਼ ਹੋ ਗਏ ਕਿ ਉਚੀ ਉਚੀ ਚੀਕਣ ਲੱਗੇ ‘‘ਮੈਂ ਜਾ ਰਿਹਾ ਆਂ, ਤੁਹਾਡੀ ਮਰਜ਼ੀ ਹੋਵੇ ਤਾਂ ਗੋਲੀ ਮਾਰ ਦਿਓ।’’,,, ਪਰ ਗੋਲੀ ਹੁੰਦੀ ਤਾਂ ਮਾਰਦੇ। ਦਰਅਸਲ ਭੋਲਾਨਾਥ ਪਾਂਡੇ ਅਤੇ ਦਵਿੰਦਰ ਪਾਂਡੇ ਜੋ ਪਿਸਟਲ ਲੈ ਕੇ ਆਏ ਸੀ, ਉਹ ਨਕਲੀ ਸੀ। ਫਲਾਈਟ ਬਨਾਰਸ ਪਹੁੰਚ ਚੁੱਕੀ ਸੀ। ਫਲਾਈਟ ਦੇ ਸਪੀਕਰ ਵਿਚੋਂ ਆਵਾਜ਼ ਆਈ ‘‘ਅਸੀਂ ਬਨਾਰਸ ਲੈਂਡ ਕਰ ਰਹੇ ਆਂ।’’
ਲੈਂਡ ਕਰਦਿਆਂ ਹੀ ਦੋਵੇਂ ਯੂਥ ਕਾਂਗਰਸੀਆਂ ਨੇ ਮੰਗ ਰੱਖੀ ਕਿ ਉਨ੍ਹਾਂ ਦੀ ਗੱਲ ਯੂਪੀ ਦੇ ਤਤਕਾਲੀਨ ਮੁੱਖ ਮੰਤਰੀ ਰਾਮ ਨਰੇਸ਼ ਯਾਦਵ ਦੇ ਨਾਲ ਕਰਵਾਈ ਜਾਵੇ। ਸੀਐਮ ਪਹਿਲਾਂ ਤਾਂ ਟਾਲਦੇ ਰਹੇ ਪਰ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਗੱਲ ਕਰਨ ਲਈ ਰਾਜ਼ੀ ਹੋ ਗਏ। ਇਸ ਮਗਰੋਂ ਭੋਲਾ ਨਾਥ ਪਾਂਡੇ ਅਤੇ ਦਵਿੰਦਰ ਪਾਂਡੇ ਨੇ ਬਨਾਰਸ ਦੇ ਅਧਿਕਾਰੀਆਂ ਨੂੰ ਆਪਣੀਆਂ ਮੰਗਾਂ ਸਮਝਾ ਦਿੱਤੀਆਂ। ਮੁੱਖ ਮੰਗ ਇਹੀ ਸੀ ਕਿ ਇੰਦਰਾ ਗਾਂਧੀ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।
ਸੀਐਮ ਰਾਮ ਨਰੇਸ਼ ਯਾਦਵ ਨੇ ਗੱਲਬਾਤ ਸ਼ੁਰੂ ਕੀਤੀ। ਪਹਿਲੀ ਮੰਗ ਕੀਤੀ ਕਿ ਘੱਟੋ ਘੱਟ ਵਿਦੇਸ਼ੀ ਮਹਿਮਾਨਾਂ, ਬੱਚਿਆਂ ਅਤੇ ਔਰਤਾਂ ਨੂੰ ਛੱਡ ਦਿੱਤਾ ਜਾਵੇ। ਇਸੇ ਦੌਰਾਨ ਇਕ ਯਾਤਰੀ ਨੇ ਪਿਛਲਾ ਗੇਟ ਖੋਲਿ੍ਹਆ ਅਤੇ ਹੇਠਾਂ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਪੁਲਿਸ, ਪ੍ਰਸਾਸ਼ਨ ਅਤੇ ਸੀਐਮ ਨੇ ਹਾਈਜੈਕਰਜ਼ ਨੂੰ ਸਰੰਡਰ ਕਰਵਾਉਣ ਲਈ ਇਕ ਅਨੋਖਾ ਤਰੀਕਾ ਸੋਚਿਆ ‘ਇਮੋਸ਼ਨਲ ਕਾਰਡ’। ਇਕ ਹਾਈਜੈਕਰ ਦੇ ਪਿਤਾ ਨੂੰ ਏਅਰਪੋਰਟ ’ਤੇ ਬੁਲਾਇਆ ਗਿਆ। ਪਿਓ ਦੀ ਆਵਾਜ਼ ਸੁਣਦੇ ਹੀ ਦੋਵਾਂ ਨੇ ਹਾਈਜੈਕ ਦਾ ਇਰਾਦਾ ਛੱਡ ਦਿੱਤਾ ਅਤੇ ਇੰਦਰਾ ਗਾਂਧੀ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਜਹਾਜ਼ ਤੋਂ ਹੇਠਾਂ ਉਤਰ ਆਏ। ਬਾਅਦ ਵਿਚ ਯਾਤਰੀਆਂ ਨੂੰ ਪਤਾ ਚੱਲਿਆ ਕਿ ਜਿਸ ਗੰਨ ਨੂੰ ਦਿਖਾ ਕੇ ਇਹ ਜਹਾਜ਼ ਹਾਈਜੈਕ ਕੀਤਾ ਗਿਆ ਸੀ, ਉਹ ਅਸਲੀ ਨਹੀਂ ਬਲਕਿ ਨਕਲੀ ਸੀ।
ਦੋ ਸਾਲ ਬਾਅਦ ਸੰਨ 1980 ਵਿਚ ਪਾਰਟੀ ਵੱਲੋਂ ਦੋਵੇਂ ਨੇਤਾਵਾਂ ਨੂੰ ਪਾਰਟੀ ਟਿਕਟ ਦੀ ਸ਼ਕਲ ਵਿਚ ‘ਹਾਈਜੈਕ’ ਦਾ ਇਨਾਮ ਮਿਲਿਆ ਅਤੇ ਦੋਵੇਂ ਚੋਣ ਜਿੱਤ ਕੇ ਵਿਧਾਇਕ ਬਣ ਗਏ। ਭੋਲਾ ਨਾਥ ਪਾਂਡੇ ਬਲੀਆ ਦੇ ਦੁਆਬਾ ਤੋਂ 1980 ਤੋਂ 1985 ਅਤੇ 1989 ਤੋਂ 1991 ਤੱਕ ਦੋ ਵਾਰ ਵਿਧਾਇਕ ਰਹੇ। ਇਸੇ ਤਰ੍ਹਾਂ ਦਵਿੰਦਰ ਪਾਂਡੇ ਵੀ ਕਾਂਗਰਸ ਦੀ ਵਾਪਸੀ ਤੋਂ ਬਾਅਦ ਸੀਨੀਅਰ ਕਾਂਗਰਸੀਆਂ ਵਿਚ ਸ਼ੁਮਾਰ ਹੁੰਦੇ ਸੀ, ਉਹ ਰਾਜੀਵ ਗਾਂਧੀ ਦੇ ਕਰੀਬੀ ਰਹੇ। 24 ਸਤੰਬਰ 2017 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਭੋਲਾ ਨਾਥ ਪਾਂਡੇ ਦਾ ਕਹਿਣਾ ਸੀ ਕਿ ਜਹਾਜ਼ ਹਾਈਜੈਕ ਕਰਨਾ ਇਕ ਪ੍ਰੋਟੈਸਟ ਸੀ, ਜਿਸ ਦਾ ਉਦੇਸ਼ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਬਲਕਿ ਇੰਦਰਾ ਗਾਂਧੀ ਨੂੰ ਰਿਹਾਅ ਕਰਵਾਉਣਾ ਸੀ। ਉਹ ਇਹ ਵੀ ਆਖਦੇ ਹੁੰਦੇ ਸੀ ਕਿ ਜੋ ਕੰਮ ਉਨ੍ਹਾਂ ਨੇ ਕੀਤਾ, ਉਹ ਹੋਰ ਕੋਈ ਨਹੀਂ ਕਰ ਸਕਦਾ।’’
ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ