ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਅੱਤਵਾਦੀ ਹਮਲਾ, ਸੈਲਾਨੀ ਦੀ ਮੌਤ

Update: 2025-04-22 13:52 GMT

ਜੰਮੂ : ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਅੱਤਵਾਦੀਆਂ ਨੇ ਸੈਲਾਨੀਆਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਇਕ ਸੈਲਾਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਅੱਤਵਾਦੀਆਂ ਨੇ ਸੈਲਾਨੀ ਦਾ ਪਹਿਲਾਂ ਨਾਮ ਪੁੱਛਿਆ ਅਤੇ ਫਿਰ ਉਸ ਦੇ ਸਿਰ ਵਿਚ ਗੋਲੀ ਮਾਰ ਦਿੱਤੀ ਅਤੇ ਗੋਲੀਆਂ ਚਲਾਉਂਦੇ ਹੋਏ ਫ਼ਰਾਰ ਹੋ ਗਏ। ਹਮਲੇ ਦੀ ਜ਼ਿੰਮੇਵਾਰੀ ਲਸ਼ਕਰ ਏ ਤੋਇਬਾ ਵੱਲੋਂ ਲਈ ਗਈ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਘਟਨਾ ਬੈਸਰਨ ਘਾਟੀ ਵਿਖੇ ਵਾਪਰੀ, ਜਿੱਥੇ 8 ਲੋਕ ਜ਼ਖਮੀ ਵੀ ਹੋ ਗਏ। ਇਨ੍ਹਾਂ ਵਿਚੋਂ ਕੁੱਝ ਸਥਾਨਕ ਨਿਵਾਸੀ ਹਨ। ਜਦਕਿ ਕੁੱਝ ਰਿਪੋਰਟਾਂ ਵਿਚ ਜ਼ਖ਼ਮੀਆਂ ਦੀ ਗਿਣਤੀ 20 ਦੱਸੀ ਜਾ ਰਹੀ ਹੈ।

ਇਹ ਹਮਲਾ ਫਰਵਰੀ 2019 ਦੇ ਬਾਅਦ ਤੋਂ ਕਸ਼ਮੀਰ ਵਿਚ ਹੋਇਆ ਸਭ ਤੋਂ ਵੱਡਾ ਅੱਤਵਾਦੀ ਹਮਲਾ ਕਿਹਾ ਜਾ ਰਿਹਾ ਹੈ। ਉਸ ਸਮੇਂ ਪੁਲਵਾਮਾ ਵਿਚ ਆਤਮਘਾਮੀ ਹਮਲੇ ਵਿਚ ਸੀਆਰਪੀਐਫ ਦੇ 47 ਜਵਾਨ ਮਾਰੇ ਗਏ ਸੀ।

ਇਸ ਹਮਲੇ ਤੋਂ ਬਾਅਦ ਘਟਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਤੋਂ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਅਤੇ ਸ਼ਾਹ ਨੂੰ ਮੌਕੇ ’ਤੇ ਜਾਣ ਲਈ ਆਖਿਆ ਹੈ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਕਰਨ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ੍ਰੀਨਗਰ ਲਈ ਰਵਾਨਾ ਹੋ ਗਏ, ਜਿੱਥੇ ਉਹ ਅਫ਼ਸਰਾਂ ਦੇ ਨਾਲ ਉਚੀ ਪੱਧਰੀ ਮੀਟਿੰਗ ਕਰਨਗੇ।

ਇੱਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫ਼ੌਜ ਦੇ ਮੁਖੀ ਉਪੇਂਦਰ ਦਿਵੇਦੀ ਨਾਲ ਗੱਲਬਾਤ ਕਰਕੇ ਸਾਰੇ ਹਾਲਾਤਾਂ ਦੀ ਜਾਣਕਾਰੀ ਹਾਸਲ ਕੀਤੀ। ਸੁਰੱਖਿਆ ਬਲਾਂ ਨੇ ਪਹਿਲਗਾਮ ਵਿਚ ਹਮਲੇ ਵਾਲੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਹੈਲੀਕਾਪਟਰ ਦੇ ਜ਼ਰੀਏ ਪੂਰੇ ਇਲਾਕੇ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਜ਼ਖ਼ਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

Tags:    

Similar News